ਮਾਈਕ ਬੈਬਕਾਕ ਦੀ ਜਾਂਚ ਸ਼ੁਰੂ ਕਰੇਗੀ ਐਨਐਚਐਲ, ਐਡਮੰਟਨ ਆਇਲਰਜ਼ ਵੱਲੋਂ ਨਿਯੁਕਤੀ ਤੋਂ ਪਹਿਲਾਂ ਹੋਵੇਗਾ ਫ਼ੈਸਲਾ
ਨਿਊਯਾਰਕ/ਐਡਮੰਟਨ-ਸਟੈਨਲੀ ਕੱਪ ਫਾਈਨਲ ਦੇ ਸਮਾਪਤ ਹੋਣ ਤੋਂ ਬਾਅਦ ਨੈਸ਼ਨਲ ਹਾਕੀ ਲੀਗ (ਐਨਐਚਐਲ) ਨੇ ਸਾਬਕਾ ਕੋਚ ਮਾਈਕ ਬੈਬਕਾਕ ਦੇ 2023 ਵਿੱਚ ਕੋਲੰਬਸ ਬਲੂ ਜੈਕਟਸ ਤੋਂ ਦਿੱਤੇ ਅਸਤੀਫ਼ੇ ਸਬੰਧੀ ਅਧਿਕਾਰਤ ਜਾਂਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਜਾਂਚ ਦੇ ਨਤੀਜੇ ਇਹ ਤੈਅ ਕਰਨਗੇ ਕਿ ਬੈਬਕਾਕ ਉੱਤੇ ਕੋਈ ਹੋਰ ਕਾਰਵਾਈ ਕੀਤੀ ਜਾਵੇਗੀ ਜਾਂ ਐਡਮੰਟਨ ਆਇਲਰਜ਼ ਨੂੰ ਉਨ੍ਹਾਂ ਦੀ ਨਿਯੁਕਤੀ ਲਈ ਹਰੀ ਝੰਡੀ ਮਿਲ ਜਾਵੇਗੀ।ਸੂਤਰਾਂ ਮੁਤਾਬਕ ਜਾਂਚ ਦੌਰਾਨ ਕਈ ਪੱਖਾਂ ਨਾਲ ਗੱਲਬਾਤ ਕੀਤੀ ਜਾਵੇਗੀ। ਮੁੱਖ ਸਵਾਲ ਇਹ ਹੈ ਕਿ ਕੀ ਬੈਬਕਾਕ ਦੇ ਖ਼ਿਲਾਫ਼ ਹੋਰ ਅਨੁਸ਼ਾਸਨਾਤਮਕ ਕਾਰਵਾਈ ਦੀ ਲੋੜ ਹੈ ਜਾਂ ਨਹੀਂ।
ਨਵੇਂ ਮੁੱਖ ਕੋਚ ਦੀ ਭਾਲ ਕਰ ਰਹੇ ਐਡਮੰਟਨ ਆਇਲਰਜ਼ ਤਜਰਬੇਕਾਰ ਅਤੇ ਜੇਤੂ ਰਿਕਾਰਡ ਵਾਲੇ ਕੋਚ ਦੀ ਤਲਾਸ਼ ਵਿੱਚ ਹਨ। ਟੀਮ ਪ੍ਰਬੰਧਨ ਅਜਿਹੇ ਵਿਅਕਤੀ ਨੂੰ ਲਿਆਉਣਾ ਚਾਹੁੰਦਾ ਹੈ ਜੋ ਟੀਮ ਦੇ ਸਟਾਰ ਖਿਡਾਰੀਆਂ ਦੀ ਅਗਵਾਈ ਵਾਲੇ ਡ੍ਰੈਸਿੰਗ ਰੂਮ ਵਿੱਚ ਮਜ਼ਬੂਤ ਲੀਡਰਸ਼ਿਪ ਦੇ ਸਕੇ।ਸੂਤਰਾਂ ਅਨੁਸਾਰ ਆਇਲਰਜ਼ ਨੇ ਬਰੂਸ ਕੈਸਿਡੀ ਨਾਲ ਗੱਲਬਾਤ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਮਾਈਕ ਬੈਬਕਾਕ ਨੂੰ ਆਪਣੀ ਚੋਣ ਸੂਚੀ ਵਿੱਚ ਸ਼ਾਮਲ ਕੀਤਾ। ਬੈਬਕਾਕ ਨੇ ਟੀਮ ਦੇ ਮਾਲਕਾਂ ਅਤੇ ਪ੍ਰਬੰਧਨ ਨਾਲ ਮੁਲਾਕਾਤ ਕੀਤੀ ਅਤੇ ਬਾਅਦ ਵਿੱਚ ਟੋਰਾਂਟੋ ਵਿੱਚ ਕੁਝ ਖਿਡਾਰੀਆਂ ਦੇ ਛੋਟੇ ਗਰੁੱਪ ਨਾਲ ਵੀ ਰੂਬਰੂ ਮੀਟਿੰਗ ਕੀਤੀ। ਇਸ ਦੌੜ ਵਿੱਚ ਲਾਸ ਏਂਜਲਸ ਵੱਲੋਂ ਨਿਯੁਕਤ ਕੀਤੇ ਗਏ ਪੀਟਰ ਲਾਵਿਓਲੇਟ ਵੀ ਸ਼ਾਮਲ ਸਨ।ਲੀਗ ਦੇ ਕਈ ਅਧਿਕਾਰੀਆਂ ਅਤੇ ਖਿਡਾਰੀਆਂ ਨੇ ਦੱਸਿਆ ਕਿ ਆਇਲਰਜ਼ ਦੇ ਪ੍ਰਬੰਧਨ ਅਤੇ ਕੁਝ ਖਿਡਾਰੀਆਂ ਨੇ ਬੈਬਕਾਕ ਬਾਰੇ ਜਾਣਕਾਰੀ ਅਤੇ ਰਾਏ ਹਾਸਲ ਕਰਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ।
ਇਸ ਤੋਂ ਬਾਅਦ ਆਇਲਰਜ਼ ਸੰਗਠਨ ਨੇ ਐਨਐਚਐਲ ਨਾਲ ਅਤੇ ਖਿਡਾਰੀਆਂ ਨੇ ਐਨਐਚਐਲ ਪਲੇਅਰਜ਼ ਐਸੋਸੀਏਸ਼ਨ (ਐਨਐਚਐਲਪੀਏ) ਨਾਲ ਸੰਪਰਕ ਕਰਕੇ ਪੁੱਛਿਆ ਕਿ ਕੀ ਬੈਬਕਾਕ ਦੀ ਨਿਯੁਕਤੀ ਵਿੱਚ ਕੋਈ ਰੁਕਾਵਟ ਹੈ।ਰਿਪੋਰਟਾਂ ਅਨੁਸਾਰ ਖਿਡਾਰੀ ਯੂਨੀਅਨ ਨੇ ਇਸ ਸੰਭਾਵਨਾ ’ਤੇ ਨਾਰਾਜ਼ਗੀ ਜਤਾਈ ਅਤੇ ਕਈ ਵਾਰ ਆਪਣਾ ਵਿਰੋਧ ਦਰਜ ਕਰਵਾਇਆ। ਇਸ ਦੇ ਬਾਵਜੂਦ ਆਇਲਰਜ਼ ਦੀ ਲੀਡਰਸ਼ਿਪ ਟੀਮ ਬੈਬਕਾਕ ਅਤੇ ਹੋਰ ਖਿਡਾਰੀਆਂ ਤੋਂ ਮਿਲੀ ਜਾਣਕਾਰੀ ਨਾਲ ਸੰਤੁਸ਼ਟ ਸੀ ਅਤੇ ਜੇ ਇਜਾਜ਼ਤ ਮਿਲਦੀ ਤਾਂ ਨਿਯੁਕਤੀ ਲਈ ਤਿਆਰ ਸੀ।
ਸੂਤਰਾਂ ਨੇ ਇਹ ਵੀ ਦੱਸਿਆ ਕਿ ਕੋਲੰਬਸ ਵਿੱਚ ਸਿਰਫ਼ ਖਿਡਾਰੀਆਂ ਦੇ ਫੋਨ ਵੇਖਣ ਵਾਲਾ ਵਿਵਾਦ ਹੀ ਨਹੀਂ ਸੀ, ਸਗੋਂ ਹੋਰ ਵੀ ਕੁਝ ਘਟਨਾਵਾਂ ਸਨ ਜਿਨ੍ਹਾਂ ਕਾਰਨ ਚਿੰਤਾ ਪੈਦਾ ਹੋਈ ਸੀ। ਹਾਲਾਂਕਿ ਉਸ ਸਮੇਂ ਬੈਬਕਾਕ ਦੇ ਅਸਤੀਫ਼ੇ ਤੋਂ ਬਾਅਦ ਐਨਐਚਐਲ ਅਤੇ ਐਨਐਚਐਲਪੀਏ ਨੇ ਮਾਮਲਾ ਬੰਦ ਕਰ ਦਿੱਤਾ ਸੀ।ਜਾਂਚ ਸਾਹਮਣੇ ਇੱਕ ਹੋਰ ਚੁਣੌਤੀ ਇਹ ਹੈ ਕਿ ਉਸ ਸਮੇਂ ਦੇ ਕੁਝ ਕੋਲੰਬਸ ਬਲੂ ਜੈਕਟਸ ਖਿਡਾਰੀ ਅਤੇ ਸਟਾਫ਼ ਮੈਂਬਰ ਤਿੰਨ ਸਾਲ ਪੁਰਾਣੇ ਮਾਮਲੇ ਨੂੰ ਦੁਬਾਰਾ ਨਹੀਂ ਚੇੜਨਾ ਚਾਹੁੰਦੇ ਅਤੇ ਜਾਂਚ ਵਿੱਚ ਹਿੱਸਾ ਲੈਣ ਤੋਂ ਹਿਚਕਚਾ ਰਹੇ ਹਨ।ਇਸੇ ਦੌਰਾਨ, ਆਇਲਰਜ਼ ਦੇ ਕੁਝ ਖਿਡਾਰੀਆਂ ਦੇ ਏਜੰਟਾਂ ਨੇ ਵੀ ਬੈਬਕਾਕ ਦੀ ਸੰਭਾਵੀ ਨਿਯੁਕਤੀ ’ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਖਿਡਾਰੀਆਂ ਨੂੰ ਅਜਿਹੀ ਸਥਿਤੀ ਵਿੱਚ ਨਹੀਂ ਦੇਖਣਾ ਚਾਹੁੰਦੇ।ਫਿਲਹਾਲ ਐਡਮੰਟਨ ਆਇਲਰਜ਼ ਬੈਬਕਾਕ ਨੂੰ ਦੌੜ ਤੋਂ ਬਾਹਰ ਕਰਨ ਦੀ ਬਜਾਏ ਐਨਐਚਐਲ ਜਾਂਚ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਇਸ ਦੇ ਨਾਲ ਹੀ ਵੇਗਾਸ ਵੱਲੋਂ ਬਰੂਸ ਕੈਸਿਡੀ ਨਾਲ ਹੋਰ ਟੀਮਾਂ ਨੂੰ ਗੱਲਬਾਤ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਾਂ ਨਹੀਂ, ਇਸ ’ਤੇ ਵੀ ਨਜ਼ਰਾਂ ਟਿਕੀਆਂ ਹੋਈਆਂ ਹਨ।ਇਸ ਸਮੇਂ ਐਨਐਚਐਲ ਵਿੱਚ ਮੁੱਖ ਕੋਚ ਲਈ ਖੁੱਲ੍ਹੀਆਂ ਅਸਾਮੀਆਂ ਵਿੱਚ ਟੋਰਾਂਟੋ ਦਾ ਅਹੁਦਾ ਵੀ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।
















