ਫੋਸਟਰ ਅਤੇ ਕਿਨਸ਼ਿਪ ਕੇਅਰਗਿਵਰਾਂ ਲਈ ਸਹਾਇਤਾ ਵਧਾਏਗੀ ਅਲਬਰਟਾ ਸਰਕਾਰ

ਫੋਸਟਰ ਅਤੇ ਕਿਨਸ਼ਿਪ ਕੇਅਰਗਿਵਰਾਂ ਲਈ ਸਹਾਇਤਾ ਵਧਾਏਗੀ ਅਲਬਰਟਾ ਸਰਕਾਰ

ਐਡਮੰਟਨ-ਅਲਬਰਟਾ ਸਰਕਾਰ ਨੇ ਫੋਸਟਰ, ਕਿਨਸ਼ਿਪ ਅਤੇ ਪਰਮਾਨੈਂਸੀ ਕੇਅਰਗਿਵਰਾਂ ਲਈ ਸਹਾਇਤਾ ਮਜ਼ਬੂਤ ਕਰਨ ਦੇ ਉਦੇਸ਼ ਨਾਲ 3.1 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਇਸ ਤਹਿਤ ਕੇਅਰਗਿਵਰਾਂ ਨੂੰ ਮਿਲਣ ਵਾਲੀਆਂ ਦਰਾਂ ਵਿੱਚ ਵਾਧਾ ਕਰਨ ਦੇ ਨਾਲ-ਨਾਲ ਮੌਜੂਦਾ ਸਹੂਲਤਾਂ ਨੂੰ ਵੀ ਹੋਰ ਮਜ਼ਬੂਤ ਕੀਤਾ ਜਾਵੇਗਾ।

ਸਰਕਾਰ ਵੱਲੋਂ 1 ਅਪ੍ਰੈਲ 2026 ਤੋਂ ਫੋਸਟਰ, ਕਿਨਸ਼ਿਪ ਅਤੇ ਪਰਮਾਨੈਂਸੀ ਕੇਅਰਗਿਵਰਾਂ ਦੀਆਂ ਦਰਾਂ ਵਿੱਚ 2 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਬੱਚਿਆਂ ਦੀਆਂ ਰੋਜ਼ਾਨਾ ਲੋੜਾਂ ਜਿਵੇਂ ਭੋਜਨ, ਕੱਪੜੇ ਅਤੇ ਨਿੱਜੀ ਦੇਖਭਾਲ ਦੇ ਖ਼ਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ।ਇਸ ਦੇ ਨਾਲ ਹੀ, 16 ਜੂਨ ਤੋਂ ਕੇਅਰਗਿਵਰ ਰੈਫਰਲ ਇਨਸੈਂਟਿਵ ਨੂੰ ਤਿੰਨ ਗੁਣਾ ਵਧਾ ਕੇ 1,500 ਡਾਲਰ ਕਰ ਦਿੱਤਾ ਗਿਆ ਹੈ। ‘ਰੈਫਰ-ਏ-ਫੋਸਟਰ ਕੇਅਰਗਿਵਰ’ ਪ੍ਰੋਗਰਾਮ ਦੀ ਯੋਗਤਾ ਦਾ ਘੇਰਾ ਵੀ ਵਧਾਇਆ ਗਿਆ ਹੈ। ਹੁਣ ਮੌਜੂਦਾ ਅਤੇ ਸਾਬਕਾ ਫੋਸਟਰ ਕੇਅਰਗਿਵਰਾਂ ਤੋਂ ਇਲਾਵਾ ਕਿਨਸ਼ਿਪ ਅਤੇ ਪਰਮਾਨੈਂਸੀ ਕੇਅਰਗਿਵਰ, ਸੱਭਿਆਚਾਰਕ ਸੰਸਥਾਵਾਂ, ਧਾਰਮਿਕ ਅਤੇ ਕਮਿਊਨਿਟੀ ਗਰੁੱਪ ਵਰਗੀਆਂ ਗੈਰ-ਮੁਨਾਫ਼ਾ ਸੰਸਥਾਵਾਂ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਣਗੀਆਂ।

ਬੱਚੇ ਅਤੇ ਪਰਿਵਾਰ ਸੇਵਾਵਾਂ ਮੰਤਰੀ ਸੀਅਰਲ ਟਰਟਨ ਨੇ ਕਿਹਾ ਕਿ ਅਲਬਰਟਾ ਭਰ ਦੇ ਹਜ਼ਾਰਾਂ ਕੇਅਰਗਿਵਰ ਬੱਚਿਆਂ ਅਤੇ ਨੌਜਵਾਨਾਂ ਨੂੰ ਲੋੜ ਦੇ ਸਮੇਂ ਆਪਣੇ ਘਰਾਂ ਅਤੇ ਦਿਲਾਂ ਵਿੱਚ ਥਾਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਕਦਮ ਹੋਰ ਬੱਚਿਆਂ ਨੂੰ ਸੁਰੱਖਿਅਤ, ਸਥਿਰ ਅਤੇ ਪਿਆਰ ਭਰੇ ਘਰ ਮੁਹੱਈਆ ਕਰਵਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।

ਸਰਕਾਰ ਵੱਲੋਂ ਨਵੇਂ ਕੇਅਰਗਿਵਰ ਬਣਨ ਦੀ ਪ੍ਰਕਿਰਿਆ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਲਾਇਸੈਂਸ ਪ੍ਰਾਪਤ ਕਰਨ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਨੂੰ ਕੁੱਲ 1,500 ਡਾਲਰ ਦੀ ਸਹਾਇਤਾ ਦੋ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। ਪ੍ਰੀ-ਸਰਵਿਸ ਟ੍ਰੇਨਿੰਗ ਪੂਰੀ ਕਰਨ ਉਪਰੰਤ 450 ਡਾਲਰ ਅਤੇ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕਰਨ ਤੋਂ ਬਾਅਦ 1,050 ਡਾਲਰ ਦਿੱਤੇ ਜਾਣਗੇ।ਅਲਬਰਟਾ ਫੋਸਟਰ ਐਂਡ ਕਿਨਸ਼ਿਪ ਐਸੋਸੀਏਸ਼ਨ ਦੀ ਕਾਰਜਕਾਰੀ ਡਾਇਰੈਕਟਰ ਸ਼ੈਰਿਲ ਫਿਕਸ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਵਧ ਰਹੀਆਂ ਲਾਗਤਾਂ ਦੇ ਮੱਦੇਨਜ਼ਰ ਇਹ ਵਾਧਾ ਕੇਅਰਗਿਵਰਾਂ ਲਈ ਮਦਦਗਾਰ ਸਾਬਤ ਹੋਵੇਗਾ ਅਤੇ ਉਹ ਬੱਚਿਆਂ ਨੂੰ ਸੁਰੱਖਿਅਤ ਅਤੇ ਪਾਲਣਹਾਰ ਮਾਹੌਲ ਮੁਹੱਈਆ ਕਰਵਾਉਣ ਦਾ ਕੰਮ ਜਾਰੀ ਰੱਖ ਸਕਣਗੇ। ਜ਼ਿਕਰਯੋਗ ਹੈ ਕਿ ਅਲਬਰਟਾ ਵਿੱਚ ਇਸ ਵੇਲੇ 1,476 ਲਾਇਸੈਂਸਸ਼ੁਦਾ ਫੋਸਟਰ ਕੇਅਰਗਿਵਰ ਘਰ, 2,126 ਮਨਜ਼ੂਰਸ਼ੁਦਾ ਕਿਨਸ਼ਿਪ ਕੇਅਰ ਪ੍ਰਦਾਤਾ ਅਤੇ ਲਗਭਗ 4,500 ਪਰਿਵਾਰ ਗੋਦ ਲੈਣ ਜਾਂ ਨਿੱਜੀ ਸਰਪ੍ਰਸਤੀ ਰਾਹੀਂ ਬੱਚਿਆਂ ਨੂੰ ਸਥਾਈ ਘਰ ਪ੍ਰਦਾਨ ਕਰ ਰਹੇ ਹਨ।