ਫ਼ਿਲਮ ਅਤੇ ਟੀਵੀ ਉਦਯੋਗ ਲਈ 65 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰੇਗੀ ਅਲਬਰਟਾ ਸਰਕਾਰ
ਬੈਨਫ਼-ਅਲਬਰਟਾ ਸਰਕਾਰ ਨੇ ਸੂਬੇ ਦੇ ਫ਼ਿਲਮ ਅਤੇ ਟੈਲੀਵਿਜ਼ਨ ਉਦਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਬਜਟ 2026 ਤਹਿਤ 65 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਨਿਵੇਸ਼ ਦਾ ਮਕਸਦ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ, ਨਿਵੇਸ਼ ਆਕਰਸ਼ਿਤ ਕਰਨਾ ਅਤੇ ਅਲਬਰਟਾ ਨੂੰ ਵਿਸ਼ਵ ਪੱਧਰ 'ਤੇ ਫ਼ਿਲਮ ਨਿਰਮਾਣ ਦੇ ਕੇਂਦਰ ਵਜੋਂ ਸਥਾਪਿਤ ਕਰਨਾ ਹੈ।ਬੈਨਫ਼ ਵਰਲਡ ਮੀਡੀਆ ਫੈਸਟੀਵਲ ਦੌਰਾਨ ਅਲਬਰਟਾ ਸਰਕਾਰ ਨੇ ਸੂਬੇ ਦੀ ਫ਼ਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਇਸ ਫੈਸਟੀਵਲ ਵਿੱਚ 50 ਤੋਂ ਵੱਧ ਦੇਸ਼ਾਂ ਦੇ 1,500 ਤੋਂ ਵੱਧ ਨਿਰਮਾਤਾ, ਸਿਰਜਣਹਾਰ ਅਤੇ ਉਦਯੋਗ ਮਾਹਿਰ ਹਿੱਸਾ ਲੈਂਦੇ ਹਨ, ਜਿਸ ਨਾਲ ਅਲਬਰਟਾ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਮਜ਼ਬੂਤ ਕਰਨ ਦਾ ਮੌਕਾ ਮਿਲਦਾ ਹੈ।
ਸਰਕਾਰੀ ਅੰਕੜਿਆਂ ਅਨੁਸਾਰ 2020 ਤੋਂ ਹੁਣ ਤੱਕ ਫ਼ਿਲਮ ਐਂਡ ਟੈਲੀਵਿਜ਼ਨ ਟੈਕਸ ਕ੍ਰੈਡਿਟ (FTTC) ਅਤੇ ਅਲਬਰਟਾ ਮੀਡੀਆ ਫੰਡ (AMF) ਰਾਹੀਂ 380 ਤੋਂ ਵੱਧ ਪ੍ਰੋਡਕਸ਼ਨਾਂ ਨੂੰ ਸਹਾਇਤਾ ਦਿੱਤੀ ਗਈ ਹੈ। ਇਨ੍ਹਾਂ ਪ੍ਰੋਜੈਕਟਾਂ ਨੇ 1.6 ਬਿਲੀਅਨ ਡਾਲਰ ਤੋਂ ਵੱਧ ਦਾ ਖ਼ਰਚਾ ਪੈਦਾ ਕੀਤਾ, ਸੂਬੇ ਦੀ ਜੀਡੀਪੀ ਵਿੱਚ ਲਗਭਗ 933 ਮਿਲੀਅਨ ਡਾਲਰ ਦਾ ਯੋਗਦਾਨ ਪਾਇਆ ਅਤੇ 16,000 ਤੋਂ ਵੱਧ ਨੌਕਰੀਆਂ ਦਾ ਸਮਰਥਨ ਕੀਤਾ। ਸਰਕਾਰ ਦਾ ਕਹਿਣਾ ਹੈ ਕਿ ਨਿਵੇਸ਼ ਕੀਤਾ ਹਰ ਇੱਕ ਡਾਲਰ ਆਰਥਿਕ ਗਤੀਵਿਧੀਆਂ ਦੇ ਰੂਪ ਵਿੱਚ ਚਾਰ ਡਾਲਰ ਦਾ ਮੁੱਲ ਪੈਦਾ ਕਰਦਾ ਹੈ।ਕਲਾ, ਸੱਭਿਆਚਾਰ ਅਤੇ ਮਹਿਲਾ ਦਰਜੇ ਬਾਰੇ ਮੰਤਰੀ ਟਾਨਿਆ ਫ਼ਿਰ ਨੇ ਕਿਹਾ ਕਿ ਬੈਨਫ਼ ਵਰਲਡ ਮੀਡੀਆ ਫੈਸਟੀਵਲ ਅਲਬਰਟਾ ਦੀ ਸਕਰੀਨ ਇੰਡਸਟਰੀ ਅਤੇ ਇਸ ਨਾਲ ਜੁੜੇ ਹੁਨਰਮੰਦ ਲੋਕਾਂ ਦੀ ਤਾਕਤ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਫ਼ਿਲਮ ਐਂਡ ਟੈਲੀਵਿਜ਼ਨ ਟੈਕਸ ਕ੍ਰੈਡਿਟ ਦਾ ਦਾਇਰਾ ਵਧਾ ਕੇ ਹੁਣ ਗੈਰ-ਸਕ੍ਰਿਪਟਿਡ ਟੈਲੀਵਿਜ਼ਨ ਪ੍ਰੋਗਰਾਮਾਂ ਅਤੇ ਗੇਮ ਸ਼ੋਅਜ਼ ਨੂੰ ਵੀ ਸ਼ਾਮਲ ਕਰ ਰਹੀ ਹੈ, ਜਿਸ ਨਾਲ ਹੋਰ ਰੁਜ਼ਗਾਰ ਪੈਦਾ ਹੋਣਗੇ ਅਤੇ ਸੂਬੇ ਦੀ ਅਰਥਵਿਵਸਥਾ ਨੂੰ ਵਿਭਿੰਨਤਾ ਮਿਲੇਗੀ।
ਇਸ ਸਾਲ ਦੇ ਫੈਸਟੀਵਲ ਵਿੱਚ Netflix, Amazon MGM ਅਤੇ Sony Pictures ਵਰਗੀਆਂ ਵੱਡੀਆਂ ਅੰਤਰਰਾਸ਼ਟਰੀ ਕੰਪਨੀਆਂ ਦੀ ਸ਼ਮੂਲੀਅਤ ਨੇ ਅਲਬਰਟਾ ਦੀ ਵਧਦੀ ਲੋਕਪ੍ਰਿਯਤਾ ਨੂੰ ਹੋਰ ਮਜ਼ਬੂਤ ਕੀਤਾ ਹੈ। ਹਾਲੀਆ ਸਾਲਾਂ ਵਿੱਚ "Reminders of Him", "Die My Love", "The Last of Us" ਅਤੇ "Ghostbusters: Afterlife" ਵਰਗੀਆਂ ਮਸ਼ਹੂਰ ਪ੍ਰੋਡਕਸ਼ਨਾਂ ਨੇ ਵੀ ਅਲਬਰਟਾ ਵਿੱਚ ਸ਼ੂਟਿੰਗ ਕੀਤੀ ਹੈ।ਅਲਬਰਟਾ ਫੋਸਟਰ ਅਤੇ ਕਿਨਸ਼ਿਪ ਐਸੋਸੀਏਸ਼ਨ ਦੀ ਤਰ੍ਹਾਂ ਹੀ ਫ਼ਿਲਮ ਉਦਯੋਗ ਦੇ ਆਗੂਆਂ ਨੇ ਵੀ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ। ਪ੍ਰੇਰੀ ਡਾਗ ਫ਼ਿਲਮ ਐਂਡ ਟੈਲੀਵਿਜ਼ਨ ਦੀ ਮੁੱਖ ਸੰਚਾਲਨ ਅਧਿਕਾਰੀ ਅਤੇ ਸਹਿ-ਕਾਰਜਕਾਰੀ ਨਿਰਮਾਤਾ ਜੈਨਟ ਮੋਰਹਾਰਟ ਨੇ ਕਿਹਾ ਕਿ ਅਲਬਰਟਾ ਮੀਡੀਆ ਫੰਡ ਨੇ ਸੂਬੇ ਦੇ ਨਿਰਮਾਤਾਵਾਂ ਨੂੰ ਅੱਗੇ ਵਧਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਹੁਣ ਦੋਵੇਂ ਪ੍ਰੋਗਰਾਮਾਂ ਨੂੰ ਇੱਕ ਮੰਤਰਾਲੇ ਹੇਠ ਲਿਆਉਣ ਨਾਲ ਉਦਯੋਗ ਨੂੰ ਹੋਰ ਮਜ਼ਬੂਤੀ ਮਿਲੇਗੀ।
ਸਰਕਾਰ ਅਲਬਰਟਾ ਮੇਡ ਸਕਰੀਨ ਇੰਡਸਟਰੀਜ਼ ਪ੍ਰੋਗਰਾਮ ਰਾਹੀਂ ਵੀ ਸਹਾਇਤਾ ਜਾਰੀ ਰੱਖੇਗੀ। ਇਸ ਤਹਿਤ ਉਤਪਾਦਨ ਗ੍ਰਾਂਟਾਂ, ਪੋਸਟ-ਪ੍ਰੋਡਕਸ਼ਨ, ਵਿਜ਼ੂਅਲ ਇਫੈਕਟਸ, ਡਿਜ਼ੀਟਲ ਐਨੀਮੇਸ਼ਨ ਅਤੇ ਸਕ੍ਰਿਪਟ ਵਿਕਾਸ ਲਈ ਫੰਡ ਮੁਹੱਈਆ ਕਰਵਾਏ ਜਾਂਦੇ ਹਨ, ਤਾਂ ਜੋ ਨਵੇਂ ਵਿਚਾਰਾਂ ਨੂੰ ਹਕੀਕਤ ਦਾ ਰੂਪ ਦਿੱਤਾ ਜਾ ਸਕੇ।ਬਜਟ 2026 ਤਹਿਤ ਫ਼ਿਲਮ ਐਂਡ ਟੈਲੀਵਿਜ਼ਨ ਟੈਕਸ ਕ੍ਰੈਡਿਟ ਪ੍ਰੋਗਰਾਮ ਲਈ 60 ਮਿਲੀਅਨ ਡਾਲਰ ਰੱਖੇ ਗਏ ਹਨ, ਜਦਕਿ ਅਲਬਰਟਾ ਮੀਡੀਆ ਫੰਡ ਰਾਹੀਂ ਸਥਾਨਕ ਕਿਤਾਬਾਂ, ਮੈਗਜ਼ੀਨਾਂ, ਸੰਗੀਤ, ਫ਼ਿਲਮਾਂ ਅਤੇ ਟੈਲੀਵਿਜ਼ਨ ਪ੍ਰੋਡਕਸ਼ਨਾਂ ਲਈ 8 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਜਾਵੇਗੀ।
















