ਪੰਜਾਬ ਵਿਧਾਨ ਸਭਾ ’ਚ ਆਪਣੀ ਹੀ ਸਰਕਾਰ ਨੂੰ ਘੇਰਨ ਲੱਗੇ ‘ਆਪ’ ਵਿਧਾਇਕ, ਮੰਤਰੀ ਨੂੰ ਕਿਹਾ—‘ਸਦਨ ਝੂਠ ਦਾ ਅੱਡਾ ਨਹੀਂ’

ਪੰਜਾਬ ਵਿਧਾਨ ਸਭਾ ’ਚ ਆਪਣੀ ਹੀ ਸਰਕਾਰ ਨੂੰ ਘੇਰਨ ਲੱਗੇ ‘ਆਪ’ ਵਿਧਾਇਕ, ਮੰਤਰੀ ਨੂੰ ਕਿਹਾ—‘ਸਦਨ ਝੂਠ ਦਾ ਅੱਡਾ ਨਹੀਂ’

ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਸ਼ੁੱਕਰਵਾਰ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਆਪਣੀ ਹੀ ਸਰਕਾਰ ਦੇ ਮੰਤਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ। ਪਾਇਲ ਤੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਿਚਾਲੇ ਤਿੱਖੀ ਬਹਿਸ ਹੋਈ।ਮਾਮਲਾ ਦੌਲਤਪੁਰ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਦੇਰੀ ਨਾਲ ਹੋ ਰਹੀ ਨਿਲਾਮੀ ਨਾਲ ਸਬੰਧਤ ਸੀ। ਪ੍ਰਸ਼ਨ ਕਾਲ ਦੌਰਾਨ ਗਿਆਸਪੁਰਾ ਨੇ ਨਿਲਾਮੀ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਮੰਤਰੀ ਤੋਂ ਜਵਾਬ ਮੰਗਿਆ।

ਮੰਤਰੀ ਸੌਂਦ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ ਅਤੇ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਜ਼ਮੀਨ ਦੀ ਨਿਲਾਮੀ ਕਰਵਾਈ ਜਾ ਰਹੀ ਹੈ।ਮੰਤਰੀ ਮੁਤਾਬਕ ਪਹਿਲਾਂ ਨਿਲਾਮੀ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ ਕਿਉਂਕਿ ਵਿਭਾਗ ਵੱਲੋਂ ਲੀਜ਼ ਦਰਾਂ ਵਿੱਚ 20 ਫ਼ੀਸਦੀ ਵਾਧਾ ਕੀਤੇ ਜਾਣ ਤੋਂ ਬਾਅਦ ਕੋਈ ਵੀ ਬੋਲੀ ਲਗਾਉਣ ਲਈ ਅੱਗੇ ਨਹੀਂ ਆਇਆ।ਇਸ ਜਵਾਬ ’ਤੇ ਗਿਆਸਪੁਰਾ ਨੇ ਮੰਤਰੀ ਦੇ ਦਾਅਵੇ ’ਤੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਸਦਨ ਵਿੱਚ ਗਲਤ ਜਾਣਕਾਰੀ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਨੇ ਮੰਤਰੀ ’ਤੇ ਸਦਨ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਏ।

ਗਿਆਸਪੁਰਾ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਮੰਤਰੀ ਆਪਣੇ ਦਾਅਵੇ ਨੂੰ ਸਾਬਤ ਕਰ ਦੇਣ ਤਾਂ ਉਹ ਅਸਤੀਫ਼ਾ ਦੇਣ ਲਈ ਤਿਆਰ ਹਨ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ‘ਸਦਨ ਝੂਠ ਦਾ ਅੱਡਾ ਨਹੀਂ ਹੈ।’ਇਸ ਘਟਨਾ ਨਾਲ ਵਿਧਾਨ ਸਭਾ ਵਿੱਚ ਸੱਤਾਧਾਰੀ ਧਿਰ ਦੇ ਅੰਦਰੂਨੀ ਮਤਭੇਦ ਵੀ ਚਰਚਾ ਦਾ ਵਿਸ਼ਾ ਬਣ ਗਏ ਹਨ। ਮਾਮਲੇ ਨੂੰ ਲੈ ਕੇ ਦੋਵਾਂ ਆਗੂਆਂ ਵਿਚਾਲੇ ਤਿੱਖੀ ਨੋਕ-ਝੋਕ ਹੋਈ।ਪੰਚਾਇਤੀ ਜ਼ਮੀਨ ਦੀ ਨਿਲਾਮੀ ਨਾਲ ਜੁੜੇ ਮਾਮਲੇ ਵਿੱਚ ਸਰਕਾਰ ਵੱਲੋਂ ਦਿੱਤੇ ਜਵਾਬ ਅਤੇ ਵਿਧਾਇਕ ਵੱਲੋਂ ਉਠਾਏ ਸਵਾਲਾਂ ਨੇ ਸਦਨ ਦੀ ਕਾਰਵਾਈ ਦੌਰਾਨ ਸਿਆਸੀ ਗਰਮੀ ਵਧਾ ਦਿੱਤੀ।