ਪੰਜਾਬ ਵਿਧਾਨ ਸਭਾ ਚੋਣਾਂ ਤੈਅ ਸਮੇਂ ’ਤੇ ਹੋਣ ਦੇ ਆਸਾਰ, ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 4 ਜਨਵਰੀ ਨੂੰ

Punjab Assembly elections are likely to be held on schedule in February 2027. The draft electoral rolls will be published on November 12, and the final voter lists are scheduled for January 4. Punjab currently has 2,01,00,727 eligible voters following the Special Intensive Revision.

ਪੰਜਾਬ ਵਿਧਾਨ ਸਭਾ ਚੋਣਾਂ ਤੈਅ ਸਮੇਂ ’ਤੇ ਹੋਣ ਦੇ ਆਸਾਰ, ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 4 ਜਨਵਰੀ ਨੂੰ

ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਦੀਆਂ ਅਗਲੀਆਂ ਚੋਣਾਂ ਨਿਰਧਾਰਤ ਸਮੇਂ ’ਤੇ ਹੋਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਦੀਆਂ ਤਿਆਰੀਆਂ ਅਤੇ ਮੌਜੂਦਾ ਸਰਗਰਮੀਆਂ ਤੋਂ ਸੰਕੇਤ ਮਿਲ ਰਹੇ ਹਨ ਕਿ ਚੋਣਾਂ ਫਰਵਰੀ 2027 ਵਿੱਚ ਕਰਵਾਈਆਂ ਜਾ ਸਕਦੀਆਂ ਹਨ। ਸਿਆਸੀ ਪਾਰਟੀਆਂ ਵੱਲੋਂ ਚੋਣ ਜ਼ਾਬਤਾ ਜਲਦੀ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਪਰ ਇਸ ਦੇ ਜਨਵਰੀ ਦੇ ਦੂਜੇ ਹਫ਼ਤੇ ਲਾਗੂ ਹੋਣ ਦੇ ਆਸਾਰ ਹਨ। ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ ਦੇ ਵਫ਼ਦ ਨੇ 27 ਅਤੇ 28 ਅਕਤੂਬਰ ਨੂੰ ਪੰਜਾਬ ਦਾ ਦੌਰਾ ਕੀਤਾ ਸੀ।

ਸੂਬੇ ਵਿੱਚ ਅਗੇਤੀਆਂ ਚੋਣਾਂ ਕਰਵਾਏ ਜਾਣ ਦੀ ਚਰਚਾ ਵੀ ਜਾਰੀ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅਗੇਤੀਆਂ ਚੋਣਾਂ ਦੀ ਸੰਭਾਵਨਾ ਪ੍ਰਗਟਾਉਣ ਮਗਰੋਂ ਇਹ ਚਰਚਾ ਸ਼ੁਰੂ ਹੋਈ ਸੀ। ਉੱਧਰ, ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਹੁਣ 12 ਨਵੰਬਰ ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੰਖੇਪ ਸੁਧਾਈ (ਐੱਸਐੱਸਆਰ) ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸੇ ਦਿਨ ਖਰੜਾ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਅਤੇ 11 ਦਸੰਬਰ ਤੱਕ ਦਾਅਵੇ ਤੇ ਇਤਰਾਜ਼ ਦਰਜ ਕਰਵਾਏ ਜਾ ਸਕਣਗੇ।

ਇਸ ਇੱਕ ਮਹੀਨੇ ਦੌਰਾਨ ਵੋਟਰ ਸੂਚੀਆਂ ਵਿੱਚ ਨਵੇਂ ਨਾਂ ਦਰਜ ਕਰਨ ਅਤੇ ਅਯੋਗ ਵੋਟਾਂ ਕੱਟਣ ਦੀ ਪ੍ਰਕਿਰਿਆ ਚੱਲੇਗੀ। ਪਹਿਲੀ ਜਨਵਰੀ 2027 ਤੱਕ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਵੀ ਆਪਣੀ ਵੋਟ ਬਣਵਾ ਸਕਣਗੇ। ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 4 ਜਨਵਰੀ 2027 ਨੂੰ ਹੋਵੇਗੀ। ਸੂਤਰਾਂ ਅਨੁਸਾਰ ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਸਕਦਾ ਹੈ। ਹਾਲਾਂਕਿ ਚੋਣ ਮਾਹਿਰਾਂ ਦਾ ਕਹਿਣਾ ਹੈ ਕਿ ਅੰਤਿਮ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਤੋਂ ਪਹਿਲਾਂ ਵੀ ਚੋਣ ਜ਼ਾਬਤਾ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਕੋਈ ਸੰਵਿਧਾਨਕ ਜਾਂ ਕਾਨੂੰਨੀ ਅੜਿੱਕਾ ਨਹੀਂ ਹੈ।

ਚੋਣ ਕਮਿਸ਼ਨ ਫਰਵਰੀ ਮਹੀਨੇ ਨੂੰ ਚੋਣਾਂ ਕਰਵਾਉਣ ਲਈ ਢੁੱਕਵਾਂ ਸਮਾਂ ਮੰਨਦਾ ਹੈ। ਇਸ ਮਹੀਨੇ ਦੌਰਾਨ ਨਾ ਤਾਂ ਕੋਈ ਵੱਡੀ ਪ੍ਰੀਖਿਆ ਹੁੰਦੀ ਹੈ ਅਤੇ ਨਾ ਹੀ ਫ਼ਸਲਾਂ ਦੀ ਵਾਢੀ ਜਾਂ ਬਿਜਾਈ ਦਾ ਸਮਾਂ ਹੁੰਦਾ ਹੈ। ਇਸ ਤੋਂ ਇਲਾਵਾ ਕੋਈ ਵੱਡਾ ਤਿੱਥ-ਤਿਉਹਾਰ ਵੀ ਨਹੀਂ ਆਉਂਦਾ। ਪੰਜਾਬ ਦੇ ਚੋਣ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ 2012 ਦੀਆਂ ਚੋਣਾਂ ਨੂੰ ਛੱਡ ਕੇ 1992 ਤੋਂ ਬਾਅਦ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਫਰਵਰੀ ਮਹੀਨੇ ਵਿੱਚ ਹੀ ਹੋਈਆਂ ਹਨ।

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ 8 ਜਨਵਰੀ ਨੂੰ ਚੋਣ ਜ਼ਾਬਤਾ ਲਾਗੂ ਹੋਇਆ ਸੀ ਅਤੇ 20 ਫਰਵਰੀ ਨੂੰ ਵੋਟਾਂ ਪਈਆਂ ਸਨ। ਉਸ ਸਮੇਂ ਚੋਣ ਕਮਿਸ਼ਨ ਦੇ ਵਫ਼ਦ ਨੇ 15 ਅਤੇ 16 ਦਸੰਬਰ 2021 ਨੂੰ ਤਿਆਰੀਆਂ ਦਾ ਜਾਇਜ਼ਾ ਲਿਆ ਸੀ। ਇਸ ਤੋਂ ਬਾਅਦ 43 ਦਿਨਾਂ ਵਿੱਚ ਚੋਣ ਪ੍ਰਕਿਰਿਆ ਮੁਕੰਮਲ ਕਰਵਾਈ ਗਈ ਸੀ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਇੱਕੋ ਗੇੜ ਵਿੱਚ ਚੋਣਾਂ ਕਰਵਾਈਆਂ ਜਾਂਦੀਆਂ ਹਨ।

ਐੱਸਆਈਆਰ ਤੋਂ ਬਾਅਦ ਪੰਜਾਬ ਵਿੱਚ ਕੁੱਲ 2,01,00,727 ਯੋਗ ਵੋਟਰ ਹਨ। ਇਨ੍ਹਾਂ ਵਿੱਚ 1,03,76,026 ਪੁਰਸ਼, 97,24,195 ਮਹਿਲਾ ਅਤੇ 506 ਤੀਜੇ ਲਿੰਗ ਨਾਲ ਸਬੰਧਤ ਵੋਟਰ ਸ਼ਾਮਲ ਹਨ।