ਪੰਜਾਬੀ ਫ਼ਿਲਮ ‘ਰਹਿਮਤ’ 79ਵੇਂ ਲੋਕਾਰਨੋ ਫ਼ਿਲਮ ਫੈਸਟੀਵਲ ਦੇ ਮੁੱਖ ਮੁਕਾਬਲੇ ਲਈ ਚੁਣੀ ਗਈ

ਪੰਜਾਬੀ ਫ਼ਿਲਮ ‘ਰਹਿਮਤ’ 79ਵੇਂ ਲੋਕਾਰਨੋ ਫ਼ਿਲਮ ਫੈਸਟੀਵਲ ਦੇ ਮੁੱਖ ਮੁਕਾਬਲੇ ਲਈ ਚੁਣੀ ਗਈ

ਚੰਡੀਗੜ੍ਹ-ਪੰਜਾਬੀ ਸਿਨੇਮਾ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਪੰਜਾਬੀ ਫ਼ਿਲਮ ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਨਵੀਂ ਫ਼ਿਲਮ ‘ਰਹਿਮਤ’ ਦੀ ਚੋਣ ਦੁਨੀਆ ਦੇ ਪ੍ਰਸਿੱਧ 79ਵੇਂ ਲੋਕਾਰਨੋ ਫ਼ਿਲਮ ਫੈਸਟੀਵਲ ਦੇ ਮੁੱਖ ਮੁਕਾਬਲਾ (Concorso Internazionale) ਵਰਗ ਲਈ ਕੀਤੀ ਗਈ ਹੈ। ਇਹ ਫ਼ਿਲਮ ਫੈਸਟੀਵਲ 5 ਤੋਂ 15 ਅਗਸਤ ਤੱਕ ਸਵਿਟਜ਼ਰਲੈਂਡ ਵਿੱਚ ਹੋਵੇਗਾ।

‘ਰਹਿਮਤ’ ਹੁਣ ਫੈਸਟੀਵਲ ਦੇ ਸਰਵੋੱਚ ਸਨਮਾਨ ‘ਪਾਰਡੋ ਡੀ ਓਰੋ’ (ਗੋਲਡਨ ਲਿਓਪਾਰਡ) ਲਈ ਹੋਰ ਅੰਤਰਰਾਸ਼ਟਰੀ ਫ਼ਿਲਮਾਂ ਨਾਲ ਮੁਕਾਬਲਾ ਕਰੇਗੀ। ਇਸ ਪੁਰਸਕਾਰ ਦੇ ਜੇਤੂ ਨੂੰ 75 ਹਜ਼ਾਰ ਸਵਿਸ ਫ੍ਰੈਂਕ ਦੀ ਇਨਾਮੀ ਰਾਸ਼ੀ ਵੀ ਦਿੱਤੀ ਜਾਂਦੀ ਹੈ।

ਫ਼ਿਲਮ ਦਾ ਵਿਸ਼ਵ ਪ੍ਰੀਮੀਅਰ 6 ਅਗਸਤ ਨੂੰ ਲੋਕਾਰਨੋ ਫ਼ਿਲਮ ਫੈਸਟੀਵਲ ਦੌਰਾਨ ਹੋਵੇਗਾ।

ਫ਼ਿਲਮ ਵਿੱਚ ਨਸੀਰੁੱਦੀਨ ਸ਼ਾਹ, ਸੁਵਿੰਦਰ ਵਿੱਕੀ, ਮੀਤਾ ਵਸ਼ਿਸ਼ਟ ਅਤੇ ਨਵਜੋਤ ਰੰਧਾਵਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਇਸ ਦੇ ਨਾਲ ਦੀਆ ਕੰਬੋਜ, ਹਰਵਿੰਦਰ ਔਜਲਾ ਅਤੇ ਜਸਵੰਤ ਜ਼ਫ਼ਰ ਇਸ ਫ਼ਿਲਮ ਰਾਹੀਂ ਵੱਡੇ ਪਰਦੇ 'ਤੇ ਆਪਣੀ ਸ਼ੁਰੂਆਤ ਕਰਨਗੇ।

‘ਰਹਿਮਤ’ ਦੀ ਕਹਾਣੀ ਉੱਘੀ ਪੰਜਾਬੀ ਲੇਖਿਕਾ ਅਜੀਤ ਕੌਰ ਦੀਆਂ ਲਘੂ ਕਹਾਣੀਆਂ ਤੋਂ ਪ੍ਰੇਰਿਤ ਹੈ। ਫ਼ਿਲਮ ਦੀ ਸਹਿ-ਨਿਰਮਾਤਾ ਪ੍ਰਸਿੱਧ ਚਿੱਤਰਕਾਰ ਅਰਪਣਾ ਕੌਰ, ਜੋ ਅਜੀਤ ਕੌਰ ਦੀ ਧੀ ਹਨ, ਵੀ ਹਨ।

ਮੌਜੂਦਾ ਪੰਜਾਬ ਦੀ ਪਿਛੋਕੜ 'ਤੇ ਆਧਾਰਿਤ ਇਸ ਫ਼ਿਲਮ ਵਿੱਚ ਤਿੰਨ ਆਪਸ ਵਿੱਚ ਜੁੜੀਆਂ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ। ਇੱਕ ਕਹਾਣੀ ਵਿੱਚ ਇੱਕ ਔਰਤ ਜ਼ਖ਼ਮੀ ਅਣਪਛਾਤੇ ਵਿਅਕਤੀ ਨੂੰ ਆਪਣੇ ਘਰ ਵਿੱਚ ਪਨਾਹ ਦਿੰਦੀ ਹੈ, ਜਦਕਿ ਦੂਜੀ ਕਹਾਣੀ ਵਿੱਚ ਇੱਕ ਬਜ਼ੁਰਗ ਵਿਅਕਤੀ ਆਪਣੇ ਆਪ ਨੂੰ ਰੱਬ ਦੱਸਦਿਆਂ ਪਿੰਡ ਵਿੱਚ ਪਹੁੰਚਦਾ ਹੈ, ਜਿਸ ਨਾਲ ਕਹਾਣੀ ਵਿੱਚ ਰਹੱਸਮਈ ਮੋੜ ਆ ਜਾਂਦਾ ਹੈ।

ਇਸ ਤੋਂ ਇਲਾਵਾ ‘ਰਹਿਮਤ’ ਦੀ ਚੋਣ ‘ਪਾਰਡੋ ਫ਼ਾਰ ਚੇਂਜ’ ਐਵਾਰਡ ਲਈ ਵੀ ਕੀਤੀ ਗਈ ਹੈ। ਇਹ ਸਨਮਾਨ ਉਨ੍ਹਾਂ ਫ਼ਿਲਮਾਂ ਨੂੰ ਦਿੱਤਾ ਜਾਂਦਾ ਹੈ ਜੋ ਵਾਤਾਵਰਣ, ਸਮਾਜਿਕ, ਨੈਤਿਕ ਅਤੇ ਸੱਭਿਆਚਾਰਕ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦੀਆਂ ਹਨ। ਇਸ ਸ਼੍ਰੇਣੀ ਵਿੱਚ 13 ਫ਼ਿਲਮਾਂ ਮੁਕਾਬਲੇ ਵਿੱਚ ਹਨ ਅਤੇ ਜੇਤੂ ਨਿਰਦੇਸ਼ਕ ਨੂੰ 20 ਹਜ਼ਾਰ ਸਵਿਸ ਫ੍ਰੈਂਕ ਦਾ ਇਨਾਮ ਦਿੱਤਾ ਜਾਵੇਗਾ।

ਗੁਰਵਿੰਦਰ ਸਿੰਘ ਸਮਕਾਲੀ ਪੰਜਾਬੀ ਸਿਨੇਮਾ ਦੇ ਪ੍ਰਮੁੱਖ ਨਿਰਦੇਸ਼ਕਾਂ ਵਿੱਚੋਂ ਇੱਕ ਹਨ। ਉਨ੍ਹਾਂ ਦੀਆਂ ਪਹਿਲਾਂ ਦੀਆਂ ਫ਼ਿਲਮਾਂ ‘ਅੰਨ੍ਹੇ ਘੋੜੇ ਦਾ ਦਾਨ’, ‘ਚੌਥੀ ਕੂਟ’ ਅਤੇ ‘ਅੱਧ ਚਾਨਣੀ ਰਾਤ’ ਨੂੰ ਵੀ ਕਈ ਵੱਕਾਰੀ ਅੰਤਰਰਾਸ਼ਟਰੀ ਫ਼ਿਲਮ ਮੇਲਿਆਂ ਵਿੱਚ ਪ੍ਰਦਰਸ਼ਿਤ ਕੀਤਾ ਜਾ ਚੁੱਕਾ ਹੈ।

ਰਾਸ਼ਟਰੀ ਪੁਰਸਕਾਰ ਜੇਤੂ ਗੁਰਵਿੰਦਰ ਸਿੰਘ ਨੂੰ ਇੱਕ ਵਾਰ ਸਰਵੋਤਮ ਨਿਰਦੇਸ਼ਕ ਅਤੇ ਦੋ ਵਾਰ ਸਰਵੋਤਮ ਪੰਜਾਬੀ ਫ਼ਿਲਮ ਦਾ ਰਾਸ਼ਟਰੀ ਪੁਰਸਕਾਰ ਮਿਲ ਚੁੱਕਾ ਹੈ। ‘ਰਹਿਮਤ’ ਉਨ੍ਹਾਂ ਦੀ ਚੌਥੀ ਪੰਜਾਬੀ ਫ਼ੀਚਰ ਫ਼ਿਲਮ ਹੈ, ਜਿਸ ਨਾਲ ਉਹ ਇੱਕ ਵਾਰ ਫਿਰ ਅੰਤਰਰਾਸ਼ਟਰੀ ਫ਼ਿਲਮ ਜਗਤ ਵਿੱਚ ਪੰਜਾਬੀ ਸਿਨੇਮਾ ਦੀ ਮਜ਼ਬੂਤ ਹਾਜ਼ਰੀ ਦਰਜ ਕਰਵਾ ਰਹੇ ਹਨ।