ਪਾਕਿਸਤਾਨ ਰਾਹੀਂ ਅਮਰੀਕਾ ਨੂੰ ਇਰਾਨ ਨੇ ਭੇਜਿਆ ਸ਼ਾਂਤੀ ਪ੍ਰਸਤਾਵ ਦਾ ਜਵਾਬ, ਖਾੜੀ ਖੇਤਰ ਵਿੱਚ ਤਣਾਅ ਬਰਕਰਾਰ
ਤਹਿਰਾਨ-ਪੱਛਮੀ ਏਸ਼ੀਆ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਸੰਘਰਸ਼ ਨੂੰ ਖਤਮ ਕਰਨ ਲਈ ਕੂਟਨੀਤਿਕ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਇਰਾਨ ਨੇ ਅਮਰੀਕਾ ਦੇ 14 ਸੂਤਰੀ ਸ਼ਾਂਤੀ ਪ੍ਰਸਤਾਵ ਦਾ ਜਵਾਬ ਪਾਕਿਸਤਾਨ ਰਾਹੀਂ ਭੇਜ ਦਿੱਤਾ ਹੈ, ਜਿਸ ਦੀ ਪੁਸ਼ਟੀ ਪਾਕਿਸਤਾਨ ਵੱਲੋਂ ਵੀ ਕੀਤੀ ਗਈ ਹੈ।
ਇਰਾਨੀ ਮੀਡੀਆ ਰਿਪੋਰਟਾਂ ਮੁਤਾਬਕ ਤਹਿਰਾਨ ਨੇ ਆਪਣੇ ਜਵਾਬ ਵਿੱਚ ਸਭ ਤੋਂ ਪਹਿਲਾਂ ਖੇਤਰ ਵਿੱਚ ਫੌਜੀ ਕਾਰਵਾਈਆਂ ਰੋਕਣ ਅਤੇ ਤਣਾਅ ਘਟਾਉਣ ‘ਤੇ ਜ਼ੋਰ ਦਿੱਤਾ ਹੈ। ਇਰਾਨ ਨੇ ਲੈਬਨਾਨ ਸਮੇਤ ਸਾਰੇ ਮੋਰਚਿਆਂ ‘ਤੇ ਜੰਗਬੰਦੀ ਦੀ ਸ਼ਰਤ ਵੀ ਰੱਖੀ ਹੈ।ਸੂਤਰਾਂ ਦੇ ਅਨੁਸਾਰ ਦੋਵੇਂ ਪੱਖ ਇਸ ਸਮੇਂ ਇਕ ਅਸਥਾਈ ਸਮਝੌਤੇ ‘ਤੇ ਵਿਚਾਰ ਕਰ ਰਹੇ ਹਨ ਤਾਂ ਜੋ ਹੌਰਮੂਜ਼ ਜਲ ਮਾਰਗ ਵਿੱਚ ਸਮੁੰਦਰੀ ਆਵਾਜਾਈ ਆਮ ਰਹਿ ਸਕੇ। ਇਸ ਤੋਂ ਬਾਅਦ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮ ਵਰਗੇ ਸੰਵੇਦਨਸ਼ੀਲ ਮਸਲਿਆਂ ‘ਤੇ ਵਿਸਥਾਰ ਨਾਲ ਗੱਲਬਾਤ ਹੋਣ ਦੀ ਸੰਭਾਵਨਾ ਹੈ। ਇਸ ਦਰਮਿਆਨ ਖਾੜੀ ਖੇਤਰ ਵਿੱਚ ਤਣਾਅ ਘਟਣ ਦੀ ਬਜਾਏ ਹੋਰ ਵਧਦਾ ਨਜ਼ਰ ਆ ਰਿਹਾ ਹੈ। ਸੰਯੁਕਤ ਅਰਬ ਅਮੀਰਾਤ ਨੇ ਦਾਅਵਾ ਕੀਤਾ ਹੈ ਕਿ ਉਸਨੇ ਇਰਾਨ ਨਾਲ ਜੁੜੇ ਦੋ ਡਰੋਨ ਹਮਲਿਆਂ ਨੂੰ ਨਾਕਾਮ ਕੀਤਾ ਹੈ, ਜਦਕਿ ਕੁਵੈਤ ਨੇ ਵੀ ਆਪਣੀ ਹਵਾਈ ਸੀਮਾ ਵਿੱਚ ਡਰੋਨਾਂ ਦੀ ਘੁਸਪੈਠ ਦੀ ਗੱਲ ਕਹੀ ਹੈ। ਹਾਲਾਂਕਿ ਇਰਾਨ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ।
ਇਸੇ ਦੌਰਾਨ ਕਤਰ ਦੇ ਤਟ ਨੇੜੇ ਇੱਕ ਜਹਾਜ਼ ‘ਤੇ ਡਰੋਨ ਹਮਲੇ ਤੋਂ ਬਾਅਦ ਅੱਗ ਲੱਗਣ ਦੀ ਘਟਨਾ ਵੀ ਸਾਹਮਣੇ ਆਈ ਹੈ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ।ਅਮਰੀਕੀ ਰਾਸ਼ਟਰਪਤੀ Donald Trump ਨੇ ਕਿਹਾ ਕਿ ਅਮਰੀਕਾ ਇਰਾਨ ਦੇ ਯੂਰੇਨਿਅਮ ਭੰਡਾਰਾਂ ‘ਤੇ ਲਗਾਤਾਰ ਨਿਗਰਾਨੀ ਰੱਖ ਰਿਹਾ ਹੈ। ਉੱਥੇ ਹੀ ਇਰਾਨ ਦੇ ਰਾਸ਼ਟਰਪਤੀ Masoud Pezeshkian ਨੇ ਕਿਹਾ ਕਿ ਗੱਲਬਾਤ ਆਤਮਸਮਰਪਣ ਨਹੀਂ, ਸਗੋਂ ਦੇਸ਼ ਦੇ ਰਾਸ਼ਟਰੀ ਹਿਤਾਂ ਦੀ ਰੱਖਿਆ ਦਾ ਇੱਕ ਜ਼ਰੀਆ ਹੈ।
















