ਦੇਖਭਾਲ ਪ੍ਰਾਪਤ ਕਰ ਰਹੇ ਐਲਬਰਟਾ ਵਾਸੀਆਂ ਦੀ ਸੁਰੱਖਿਆ ਲਈ ਨਵੇਂ ਕਾਨੂੰਨੀ ਕਦਮਾਂ ਦੀ ਤਜਵੀਜ਼
The Alberta government has proposed legislative changes under Bill 39, the Health Statutes Amendment Act, 2026 (No. 2), to strengthen patient safety, accountability and transparency in the healthcare system.
ਐਲਬਰਟਾ-ਐਲਬਰਟਾ ਸਰਕਾਰ ਨੇ ਸੂਬੇ ਵਿੱਚ ਸਿਹਤ ਸੇਵਾਵਾਂ ਪ੍ਰਾਪਤ ਕਰ ਰਹੇ ਲੋਕਾਂ ਦੀ ਸੁਰੱਖਿਆ, ਸਿਹਤ ਸੰਭਾਲ ਪ੍ਰਬੰਧ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਵਧਾਉਣ ਲਈ ਨਵੇਂ ਕਾਨੂੰਨੀ ਬਦਲਾਅ ਪ੍ਰਸਤਾਵਿਤ ਕੀਤੇ ਹਨ। 4 ਨਵੰਬਰ ਨੂੰ ਪੇਸ਼ ਕੀਤੇ ਗਏ ਬਿੱਲ 39, 'ਹੈਲਥ ਸਟੈਚਿਊਟਸ ਅਮੈਂਡਮੈਂਟ ਐਕਟ, 2026 (ਨੰਬਰ 2)' ਰਾਹੀਂ ਸਰਕਾਰੀ ਫੰਡਾਂ ਨਾਲ ਚੱਲਣ ਵਾਲੀਆਂ ਦੇਖਭਾਲ ਸੰਸਥਾਵਾਂ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਤਜਵੀਜ਼ ਹੈ।
ਪ੍ਰਸਤਾਵਿਤ ਸੋਧਾਂ ਤਹਿਤ 'ਪ੍ਰੋਟੈਕਸ਼ਨ ਫਾਰ ਪਰਸਨਜ਼ ਇਨ ਕੇਅਰ ਐਕਟ' ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ, ਜਿਸ ਨਾਲ ਦੇਖਭਾਲ ਪ੍ਰਾਪਤ ਕਰ ਰਹੇ ਲੋਕਾਂ ਨਾਲ ਹੋਣ ਵਾਲੇ ਦੁਰਵਿਹਾਰ ਦੀਆਂ ਸ਼ਿਕਾਇਤਾਂ ਦੀ ਜਾਂਚ, ਅਪੀਲ ਅਤੇ ਕਾਰਵਾਈ ਦੀ ਪ੍ਰਕਿਰਿਆ ਵਿੱਚ ਸੁਧਾਰ ਹੋਵੇਗਾ। ਇਸ ਨਾਲ ਇਹ ਵੀ ਸਪੱਸ਼ਟ ਕੀਤਾ ਜਾਵੇਗਾ ਕਿ ਕਿਹੜੀਆਂ ਸਰਕਾਰੀ ਫੰਡਾਂ ਨਾਲ ਚੱਲਣ ਵਾਲੀਆਂ ਦੇਖਭਾਲ ਸੰਸਥਾਵਾਂ ਇਸ ਕਾਨੂੰਨ ਦੇ ਦਾਇਰੇ ਵਿੱਚ ਆਉਣਗੀਆਂ।
ਇਸ ਤੋਂ ਇਲਾਵਾ ਨਸ਼ੇ ਦੀ ਗੰਭੀਰ ਲਤ ਨਾਲ ਜੂਝ ਰਹੇ ਲੋਕਾਂ ਲਈ ਦਇਆਭਾਵੀ ਦਖਲ ਦੀ ਪ੍ਰਕਿਰਿਆ ਨੂੰ ਵੀ ਮਜ਼ਬੂਤ ਕਰਨ ਦੀ ਤਜਵੀਜ਼ ਹੈ। 'ਕੰਪੈਸ਼ਨੇਟ ਇੰਟਰਵੈਂਸ਼ਨ ਐਕਟ' ਤਹਿਤ ਪਰਿਵਾਰਕ ਮੈਂਬਰ, ਸਰਪ੍ਰਸਤ, ਸਿਹਤ ਮਾਹਿਰ ਅਤੇ ਪੁਲਿਸ ਅਧਿਕਾਰੀ ਅਜਿਹੇ ਵਿਅਕਤੀ ਲਈ ਮੁਲਾਂਕਣ ਦੇ ਹੁਕਮ ਦੀ ਬੇਨਤੀ ਕਰ ਸਕਣਗੇ, ਜਿਸ ਦੀ ਨਸ਼ੇ ਦੀ ਲਤ ਕਾਰਨ ਉਸ ਦੀ ਆਪਣੀ ਜਾਂ ਦੂਜਿਆਂ ਦੀ ਸੁਰੱਖਿਆ ਨੂੰ ਖ਼ਤਰਾ ਹੋਵੇ। ਨਵੇਂ ਬਦਲਾਅ ਅਰਜ਼ੀ, ਸੁਣਵਾਈ, ਜਾਣਕਾਰੀ ਤੱਕ ਪਹੁੰਚ ਅਤੇ ਨਿਗਰਾਨੀ ਦੀ ਪ੍ਰਕਿਰਿਆ ਨੂੰ ਸਪੱਸ਼ਟ ਕਰਨਗੇ। ਇਹ ਪ੍ਰਬੰਧ 2027 ਦੀ ਬਸੰਤ ਰੁੱਤ ਵਿੱਚ ਲਾਗੂ ਕਰਨ ਦੀ ਯੋਜਨਾ ਹੈ।
'ਮੈਂਟਲ ਹੈਲਥ ਐਕਟ' ਵਿੱਚ ਵੀ ਸੋਧਾਂ ਦੀ ਤਜਵੀਜ਼ ਹੈ, ਜਿਸ ਦਾ ਉਦੇਸ਼ ਪ੍ਰਵਾਨਿਤ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਦੇ ਵੱਖ-ਵੱਖ ਖੇਤਰਾਂ ਵਿਚਕਾਰ ਤਾਲਮੇਲ ਵਧਾਉਣਾ ਅਤੇ ਮਰੀਜ਼ਾਂ ਦੇ ਅਧਿਕਾਰਾਂ ਤੇ ਸੁਰੱਖਿਆ ਨੂੰ ਕਾਇਮ ਰੱਖਣਾ ਹੈ।
ਸਰਕਾਰ ਨੇ ਲੈਬਾਰਟਰੀ ਸੇਵਾਵਾਂ ਬਾਰੇ ਵੀ ਨਵੇਂ ਪ੍ਰਬੰਧ ਪੇਸ਼ ਕੀਤੇ ਹਨ। 'ਐਲਬਰਟਾ ਹੈਲਥ ਕੇਅਰ ਇੰਸ਼ੋਰੈਂਸ ਐਕਟ' ਵਿੱਚ ਸੋਧਾਂ ਰਾਹੀਂ ਡਾਕਟਰੀ ਤੌਰ ’ਤੇ ਜ਼ਰੂਰੀ ਅਤੇ ਡਾਕਟਰ ਵੱਲੋਂ ਸਿਫ਼ਾਰਸ਼ ਕੀਤੀਆਂ ਕਮਿਊਨਿਟੀ ਲੈਬਾਰਟਰੀ ਸੇਵਾਵਾਂ ਤੱਕ ਮੁਫ਼ਤ ਪਹੁੰਚ ਜਾਰੀ ਰੱਖਣ ਦੀ ਤਜਵੀਜ਼ ਹੈ। ਇਸ ਦੇ ਨਾਲ ਪ੍ਰਾਈਵੇਟ ਕਲੀਨਿਕਾਂ ਨੂੰ ਗੈਰ-ਬੀਮਾਯੁਕਤ ਸੇਵਾਵਾਂ ਨਾਲ ਸਬੰਧਤ ਲੈਬਾਰਟਰੀ ਖਰਚੇ ਖੁਦ ਅਦਾ ਕਰਨੇ ਪੈਣਗੇ।
ਸੈਲਫ-ਇੰਸ਼ੋਰੈਂਸ ਪ੍ਰਬੰਧਾਂ ਸਬੰਧੀ ਵੀ ਨਿਯਮ ਬਣਾਉਣ ਦੀ ਤਜਵੀਜ਼ ਹੈ, ਜਿਸ ਤਹਿਤ ਚੋਣਵੀਂ ਸਿਹਤ ਸੇਵਾ ਲਈ ਇਸ ਪ੍ਰਬੰਧ ਦੀ ਚੋਣ ਕਰਨ ਵਾਲੇ ਲੋਕਾਂ, ਡਾਕਟਰਾਂ ਅਤੇ ਬੀਮਾਕਰਤਾਵਾਂ ਲਈ ਰਿਕਾਰਡ ਰੱਖਣ ਅਤੇ ਰਿਪੋਰਟ ਦੇਣ ਦੀਆਂ ਸ਼ਰਤਾਂ ਨਿਰਧਾਰਤ ਕੀਤੀਆਂ ਜਾਣਗੀਆਂ। ਹਾਲਾਂਕਿ, ਕਿਸੇ ਵੀ ਐਲਬਰਟਾ ਵਾਸੀ ਲਈ ਸੈਲਫ-ਇੰਸ਼ੋਰੈਂਸ ਲੈਣਾ ਲਾਜ਼ਮੀ ਨਹੀਂ ਹੋਵੇਗਾ ਅਤੇ ਸਰਕਾਰੀ ਸਿਹਤ ਸੇਵਾਵਾਂ ਤੱਕ ਪਹਿਲਾਂ ਵਾਂਗ ਪਹੁੰਚ ਜਾਰੀ ਰਹੇਗੀ।
ਇਸ ਤੋਂ ਇਲਾਵਾ 'ਪਬਲਿਕ ਹੈਲਥ ਐਕਟ' ਵਿੱਚ ਸੋਧਾਂ ਕਰਕੇ ਪਬਲਿਕ ਹੈਲਥ ਇੰਸਪੈਕਟਰਾਂ ਨੂੰ ਐਲਬਰਟਾ ਹੈਲਥ ਸਰਵਿਸਿਜ਼ ਤੋਂ ਪ੍ਰਾਇਮਰੀ ਕੇਅਰ ਐਲਬਰਟਾ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਵੇਗਾ।
ਪ੍ਰਾਇਮਰੀ ਐਂਡ ਪ੍ਰੀਵੈਂਟੇਟਿਵ ਹੈਲਥ ਸਰਵਿਸਿਜ਼ ਮੰਤਰੀ ਜਸਟਿਨ ਰਾਈਟ, ਮੈਂਟਲ ਹੈਲਥ ਐਂਡ ਅਡਿਕਸ਼ਨ ਮੰਤਰੀ ਰਿਕ ਵਿਲਸਨ ਅਤੇ ਹਸਪਤਾਲ ਤੇ ਸਰਜੀਕਲ ਸਿਹਤ ਸੇਵਾਵਾਂ ਮੰਤਰੀ ਐਡਰੀਆਨਾ ਲਾਗ੍ਰਾਂਜ ਨੇ ਕਿਹਾ ਕਿ ਪ੍ਰਸਤਾਵਿਤ ਤਬਦੀਲੀਆਂ ਦਾ ਉਦੇਸ਼ ਮਰੀਜ਼ਾਂ ਦੀ ਸੁਰੱਖਿਆ, ਸਿਹਤ ਸੇਵਾਵਾਂ ਵਿੱਚ ਜਵਾਬਦੇਹੀ ਅਤੇ ਸਰਕਾਰੀ ਸਿਹਤ ਸੰਭਾਲ ਪ੍ਰਬੰਧ ਦੀ ਨਿਗਰਾਨੀ ਨੂੰ ਮਜ਼ਬੂਤ ਕਰਨਾ ਹੈ।














