ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨਾਂ ’ਤੇ ਕਾਰਵਾਈ ਮਗਰੋਂ ਪਾਬੰਦੀਆਂ ਵਿੱਚ ਢਿੱਲ, 500 ਤੋਂ ਵੱਧ ਲੋਕ ਹਿਰਾਸਤ ਵਿੱਚ ਲਏ
Delhi eased some restrictions on Sunday after a major crackdown on protests demanding Chief Election Commissioner Gyanesh Kumar’s resignation. Metro services resumed and internet restrictions were lifted, but prohibitory orders remained in central Delhi.
ਨਵੀਂ ਦਿੱਲੀ-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦਿੱਲੀ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ’ਤੇ ਸ਼ਨੀਵਾਰ ਨੂੰ ਵੱਡੀ ਕਾਰਵਾਈ ਤੋਂ ਬਾਅਦ ਐਤਵਾਰ ਨੂੰ ਪ੍ਰਸ਼ਾਸਨ ਨੇ ਕੁਝ ਪਾਬੰਦੀਆਂ ਵਿੱਚ ਢਿੱਲ ਦਿੱਤੀ। ਮੈਟਰੋ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਇੰਟਰਨੈੱਟ ’ਤੇ ਲਗਾਈਆਂ ਪਾਬੰਦੀਆਂ ਵੀ ਹਟਾ ਦਿੱਤੀਆਂ ਗਈਆਂ। ਹਾਲਾਂਕਿ, ਕੇਂਦਰੀ ਦਿੱਲੀ ਵਿੱਚ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਰੋਕ ਜਾਰੀ ਰਹੀ ਅਤੇ ਵੱਖ-ਵੱਖ ਥਾਵਾਂ ’ਤੇ ਛੋਟੇ ਪੱਧਰ ’ਤੇ ਕੀਤੇ ਗਏ ਪ੍ਰਦਰਸ਼ਨਾਂ ਦੌਰਾਨ 500 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਰਾਜਧਾਨੀ ਵਿੱਚ ਸੁਰੱਖਿਆ ਪ੍ਰਬੰਧਾਂ ਲਈ ਲਗਭਗ 30,000 ਪੁਲਿਸ ਮੁਲਾਜ਼ਮ ਤਾਇਨਾਤ ਰਹੇ, ਜਿਨ੍ਹਾਂ ਦੀ ਸਹਾਇਤਾ ਲਈ ਨੀਮ ਫ਼ੌਜੀ ਬਲਾਂ ਦੀਆਂ 200 ਕੰਪਨੀਆਂ ਵੀ ਤਾਇਨਾਤ ਕੀਤੀਆਂ ਗਈਆਂ। ਸ਼ਨੀਵਾਰ ਦੇ ਉਲਟ, ਐਤਵਾਰ ਸਵੇਰੇ ਜੰਤਰ-ਮੰਤਰ ਦੇ ਆਲੇ-ਦੁਆਲੇ 10 ਕਿਲੋਮੀਟਰ ਦੇ ਘੇਰੇ ਵਿੱਚ ਹਰ ਵਾਹਨ ਦੀ ਜਾਂਚ ਨਹੀਂ ਕੀਤੀ ਗਈ। ਫਿਰ ਵੀ ਸੰਸਦ ਮਾਰਗ ਵੱਲ ਜਾਣ ਵਾਲੀਆਂ ਅਸ਼ੋਕਾ ਰੋਡ, ਟਾਲਸਟਾਏ ਰੋਡ ਅਤੇ ਜਨਪਥ ਵਰਗੀਆਂ ਮੁੱਖ ਸੜਕਾਂ ਬੰਦ ਰਹੀਆਂ। ਇਨ੍ਹਾਂ ਇਲਾਕਿਆਂ ਵਿੱਚ ਪਛਾਣ ਪੱਤਰ ਦਿਖਾਉਣ ਵਾਲਿਆਂ ਨੂੰ ਹੀ ਦਾਖ਼ਲੇ ਦੀ ਇਜਾਜ਼ਤ ਦਿੱਤੀ ਗਈ।
ਐਤਵਾਰ ਦੁਪਹਿਰ ਵੱਖ-ਵੱਖ ਖੱਬੇਪੱਖੀ ਵਿਦਿਆਰਥੀ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨੇ ਛੋਟੇ-ਛੋਟੇ ਸਮੂਹਾਂ ਵਿੱਚ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ। ਦੁਪਹਿਰ ਵੇਲੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏਆਈਐੱਸਐੱਫ) ਅਤੇ ਕ੍ਰਾਂਤੀਕਾਰੀ ਯੁਵਾ ਸੰਗਠਨ ਦੇ ਲਗਭਗ 50 ਤੋਂ 60 ਮੈਂਬਰਾਂ ਨੂੰ ਪਾਲਿਕਾ ਬਾਜ਼ਾਰ ਨੇੜਿਓਂ ਹਿਰਾਸਤ ਵਿੱਚ ਲਿਆ ਗਿਆ।
ਇਸੇ ਦੌਰਾਨ ਸੀਪੀਆਈ(ਐੱਮ) ਦੇ ਰਾਜ ਸਭਾ ਮੈਂਬਰ ਜੌਨ ਬ੍ਰਿਟਾਸ ਵੀ ਉੱਥੇ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦੇ ਸਮੇਂ ਉਨ੍ਹਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਬਾਅਦ ਵਿੱਚ ਉਨ੍ਹਾਂ ਨੇ ਦੋਸ਼ ਲਾਇਆ ਕਿ ਨੀਮ ਫ਼ੌਜੀ ਬਲਾਂ ਦੇ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ।
ਦੁਪਹਿਰ ਬਾਅਦ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏਆਈਐੱਸਏ), ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐੱਸਐੱਫ਼ਆਈ) ਅਤੇ ਦਿਸ਼ਾ ਜਥੇਬੰਦੀ ਨਾਲ ਜੁੜੇ ਪ੍ਰਦਰਸ਼ਨਕਾਰੀਆਂ ਨੇ ਵੱਖ-ਵੱਖ ਥਾਵਾਂ ’ਤੇ ਮਾਰਚ ਕੱਢੇ। ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਬੱਸਾਂ ਵਿੱਚ ਬਿਠਾ ਕੇ ਹਿਰਾਸਤ ਕੇਂਦਰਾਂ ਵਿੱਚ ਪਹੁੰਚਾਇਆ। ਪ੍ਰਦਰਸ਼ਨਕਾਰੀਆਂ ਨੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰਾਈ ਨਾਲ ਸੋਧ ਦੀ ਪ੍ਰਕਿਰਿਆ ਵਿਰੁੱਧ ਨਾਅਰੇ ਲਗਾਏ।
ਇਸ ਦੌਰਾਨ ਕੁਝ ਵਿਦਿਆਰਥੀ ਅਜਿਹੇ ਵੀ ਸਨ, ਜਿਨ੍ਹਾਂ ਦਾ ਕਿਸੇ ਸਿਆਸੀ ਜਥੇਬੰਦੀ ਨਾਲ ਸਬੰਧ ਨਹੀਂ ਸੀ। ਉਹ ਵੀ ਪਛਾਣ ਪੱਤਰ ਅਤੇ ਤਖ਼ਤੀਆਂ ਲੈ ਕੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਇੱਕ ਵਿਦਿਆਰਥਣ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਵਾਲ ਪੁੱਛਣ ਦਾ ਹੱਕ ਹੈ ਅਤੇ ਪੁਲਿਸ ਦੀ ਕਾਰਵਾਈ ਦੇ ਡਰ ਦੇ ਬਾਵਜੂਦ ਉਹ ਆਪਣੀ ਆਵਾਜ਼ ਉਠਾਉਣ ਆਈ ਹੈ।
ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਸਖ਼ਤ ਰਹੇ, ਜਦਕਿ ਮੈਟਰੋ ਸੇਵਾਵਾਂ ਮੁੜ ਸ਼ੁਰੂ ਹੋਣ ਨਾਲ ਕੁਝ ਪ੍ਰਦਰਸ਼ਨਕਾਰੀਆਂ ਲਈ ਕੇਂਦਰੀ ਦਿੱਲੀ ਤੱਕ ਪਹੁੰਚਣਾ ਆਸਾਨ ਹੋਇਆ।
















