ਦਿੱਲੀ ’ਚ ਪ੍ਰਦੂਸ਼ਣ ਨੇ ਤੋੜੇ ਪਿਛਲੇ ਸਾਲਾਂ ਦੇ ਰਿਕਾਰਡ
Delhi's air pollution continues to worsen despite strict GRAP restrictions. A CSE analysis highlights vehicle emissions and local sources as major contributors, calling for stronger year-round pollution control measures across Delhi-NCR.
ਨਵੀਂ ਦਿੱਲੀ-ਰਾਜਧਾਨੀ ਦਿੱਲੀ ਵਿੱਚ ਹਵਾ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਕੀਤੇ ਜਾ ਰਹੇ ਉਪਰਾਲੇ ਨਾਕਾਫ਼ੀ ਸਾਬਤ ਹੋ ਰਹੇ ਹਨ। ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐੱਸਈ) ਦੇ ਤਾਜ਼ਾ ਅਧਿਐਨ ਮੁਤਾਬਕ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਗਰੈਪ) ਦੇ ਚੌਥੇ ਪੜਾਅ ਦੀਆਂ ਪਾਬੰਦੀਆਂ ਦੇ ਬਾਵਜੂਦ ਹਵਾ ਦੀ ਗੁਣਵੱਤਾ ਵਿੱਚ ਕੋਈ ਖ਼ਾਸ ਸੁਧਾਰ ਨਹੀਂ ਆਇਆ। ਇਸ ਸਾਲ ਦੀਵਾਲੀ ਤੋਂ ਪਹਿਲਾਂ ਹੀ ਪ੍ਰਦੂਸ਼ਣ ਦਾ ਪੱਧਰ ਪਿਛਲੇ ਦੋ ਸਾਲਾਂ ਨਾਲੋਂ ਕਾਫ਼ੀ ਉੱਚਾ ਦਰਜ ਕੀਤਾ ਗਿਆ।
ਅਧਿਐਨ ਵਿੱਚ ਸਾਹਮਣੇ ਆਇਆ ਕਿ 6 ਨਵੰਬਰ ਨੂੰ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 382 ਤੱਕ ਪਹੁੰਚ ਗਿਆ ਸੀ। ਇਸ ਸਮੇਂ ਪਰਾਲੀ ਸਾੜਨ ਦਾ ਪ੍ਰਦੂਸ਼ਣ ਵਿੱਚ ਹਿੱਸਾ ਮਹਿਜ਼ 8 ਫ਼ੀਸਦੀ ਸੀ, ਜਦਕਿ ਵਾਹਨਾਂ ਅਤੇ ਹੋਰ ਸਥਾਨਕ ਸਰੋਤਾਂ ਕਾਰਨ ਹਵਾ ਵਧੇਰੇ ਦੂਸ਼ਿਤ ਹੋ ਰਹੀ ਸੀ।
ਅੰਕੜਿਆਂ ਅਨੁਸਾਰ ਦੀਵਾਲੀ ਤੋਂ ਪਹਿਲਾਂ ਪੀਐੱਮ 2.5 ਦਾ ਔਸਤ ਪੱਧਰ ਇਸ ਸਾਲ 236 ਦਰਜ ਕੀਤਾ ਗਿਆ, ਜਦਕਿ 2025 ਵਿੱਚ ਇਹ 120 ਅਤੇ 2024 ਵਿੱਚ 179 ਸੀ। ਦਿੱਲੀ ਦੇ ਪ੍ਰਦੂਸ਼ਣ ਵਿੱਚ ਗੁਆਂਢੀ ਜ਼ਿਲ੍ਹਿਆਂ ਤੋਂ ਆਉਣ ਵਾਲੇ ਵਾਹਨਾਂ ਦਾ ਯੋਗਦਾਨ 54.43 ਫ਼ੀਸਦੀ ਅਤੇ ਸਥਾਨਕ ਸਰੋਤਾਂ ਦਾ 33.06 ਫ਼ੀਸਦੀ ਦੱਸਿਆ ਗਿਆ ਹੈ।
ਸਥਾਨਕ ਪ੍ਰਦੂਸ਼ਣ ਦੇ ਕਾਰਨਾਂ ਵਿੱਚ ਵਾਹਨ ਸਭ ਤੋਂ ਅੱਗੇ ਹਨ, ਜਿਨ੍ਹਾਂ ਦਾ ਹਿੱਸਾ 52 ਫ਼ੀਸਦੀ ਹੈ। ਇਸ ਤੋਂ ਇਲਾਵਾ ਘਰੇਲੂ ਗਤੀਵਿਧੀਆਂ 13 ਫ਼ੀਸਦੀ, ਉਦਯੋਗ 11 ਫ਼ੀਸਦੀ, ਉਸਾਰੀ ਕਾਰਜ 7 ਫ਼ੀਸਦੀ ਅਤੇ ਊਰਜਾ ਦੀ ਵਰਤੋਂ ਤੇ ਕੂੜਾ ਸਾੜਨ ਨਾਲ 5-5 ਫ਼ੀਸਦੀ ਪ੍ਰਦੂਸ਼ਣ ਫੈਲਦਾ ਹੈ।
ਮਾਹਿਰਾਂ ਅਨੁਸਾਰ ਸਿਰਫ਼ ਕੁਝ ਦਿਨਾਂ ਲਈ ਪਾਬੰਦੀਆਂ ਲਾਉਣ ਨਾਲ ਇਸ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਦਿੱਲੀ ਅਤੇ ਐਨਸੀਆਰ ਵਿੱਚ ਨਿੱਜੀ ਵਾਹਨਾਂ ਦੀ ਗਿਣਤੀ ਘਟਾਉਣ, ਜਨਤਕ ਆਵਾਜਾਈ ਦੇ ਸਾਧਨਾਂ ਨੂੰ ਬਿਹਤਰ ਬਣਾਉਣ ਅਤੇ ਸਾਲ ਭਰ ਪ੍ਰਦੂਸ਼ਣ ਵਿਰੁੱਧ ਕਾਰਵਾਈ ਕਰਨ ਦੀ ਲੋੜ ਹੈ। ਜੇਕਰ ਪ੍ਰਦੂਸ਼ਣ ਦੇ ਮੁੱਖ ਸਰੋਤਾਂ ਨੂੰ ਨਿਸ਼ਾਨਾ ਨਾ ਬਣਾਇਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਵੀ ਰਾਜਧਾਨੀ ਦੇ ਲੋਕਾਂ ਨੂੰ ਜ਼ਹਿਰੀਲੀ ਹਵਾ ਤੋਂ ਰਾਹਤ ਮਿਲਣੀ ਔਖੀ ਹੋਵੇਗੀ।














