ਟਾਟਾ ਗਰੁੱਪ ਦੇ ਮਾਮਲੇ ’ਤੇ ਨਿਰਮਲਾ ਸੀਤਾਰਮਨ ਅਤੇ ਰਾਹੁਲ ਗਾਂਧੀ ਵਿਚਾਲੇ ਤਿੱਖੀ ਬਹਿਸ
Rahul Gandhi and Finance Minister Nirmala Sitharaman exchanged sharp remarks on X over the Tata Sons leadership dispute and the question of listing the company on stock exchanges.
ਨਵੀਂ ਦਿੱਲੀ-ਟਾਟਾ ਗਰੁੱਪ ਦੀ ਅਗਵਾਈ ਅਤੇ ਟਾਟਾ ਸੰਨਜ਼ ਨੂੰ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਕਰਨ ਦੇ ਮੁੱਦੇ ’ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਵਿਚਾਲੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਤਿੱਖੀ ਬਹਿਸ ਹੋਈ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਟਾਟਾ ਗਰੁੱਪ ਨੂੰ ਤਬਾਹ ਕੀਤਾ ਜਾ ਰਿਹਾ ਹੈ ਅਤੇ ਕੋਈ ਵੀ ਕਾਰੋਬਾਰੀ ਆਗੂ ਇਸ ਬਾਰੇ ਬੋਲਣ ਦੀ ਹਿੰਮਤ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਭਾਰਤੀ ਕਾਰੋਬਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿੱਜੀ ਜਾਇਦਾਦ ਨਹੀਂ ਹੈ।
ਇਸ ਦੇ ਜਵਾਬ ਵਿੱਚ ਨਿਰਮਲਾ ਸੀਤਾਰਮਨ ਨੇ ਰਾਹੁਲ ਗਾਂਧੀ ਨੂੰ ਹਰ ਮਾਮਲੇ ਦਾ ਸਿਆਸੀਕਰਨ ਨਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਵਪਾਰਕ ਅਤੇ ਕਾਨੂੰਨੀ ਮਾਮਲਿਆਂ ਨੂੰ ਬਿਨਾਂ ਠੋਸ ਆਧਾਰ ਦੇ ਅਪਰਾਧਕ ਕਰਾਰ ਦੇਣਾ ਗ਼ਲਤ ਹੈ। ਉਨ੍ਹਾਂ ਕਾਂਗਰਸ ਦੇ ਪੁਰਾਣੇ ਲਾਇਸੈਂਸ-ਕੋਟਾ ਰਾਜ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਉਦਯੋਗਾਂ ਨੂੰ ਰੁਜ਼ਗਾਰ ਅਤੇ ਆਰਥਿਕ ਵਿਕਾਸ ਦੇ ਸਰੋਤ ਵਜੋਂ ਮਹੱਤਵ ਦਿੰਦੀ ਹੈ।
ਰਾਹੁਲ ਗਾਂਧੀ ਨੇ ਮੁੜ ਜਵਾਬ ਦਿੰਦਿਆਂ ਪੁੱਛਿਆ ਕਿ ਟਾਟਾ ਟਰੱਸਟਸ ਅਤੇ ਟਾਟਾ ਸੰਨਜ਼ ਦੇ ਨੁਮਾਇੰਦਿਆਂ ਨੂੰ ਅਮਿਤ ਸ਼ਾਹ ਦੀ ਰਿਹਾਇਸ਼ ’ਤੇ ਮਿਲਣ ਦੀ ਲੋੜ ਕਿਉਂ ਪਈ ਸੀ। ਇਹ ਸਵਾਲ ਪਿਛਲੇ ਸਾਲ 7 ਅਕਤੂਬਰ ਨੂੰ ਹੋਈ ਇੱਕ ਮੀਟਿੰਗ ਨਾਲ ਸਬੰਧਤ ਸੀ, ਜਿਸ ਵਿੱਚ ਟਾਟਾ ਟਰੱਸਟਸ ਦੇ ਚੇਅਰਮੈਨ ਨੋਏਲ ਟਾਟਾ, ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਅਤੇ ਹੋਰ ਨੁਮਾਇੰਦਿਆਂ ਨੇ ਅਮਿਤ ਸ਼ਾਹ ਤੇ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਬਾਰੇ ਸਰਕਾਰ, ਟਾਟਾ ਸੰਨਜ਼ ਜਾਂ ਟਾਟਾ ਟਰੱਸਟਸ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।
ਵਿਵਾਦ ਦਾ ਇੱਕ ਮੁੱਖ ਕਾਰਨ ਟਾਟਾ ਟਰੱਸਟਸ ਦੇ ਚੇਅਰਮੈਨ ਨੋਏਲ ਟਾਟਾ ਵੱਲੋਂ 17 ਸਤੰਬਰ ਦੇ ਉਸ ਬੋਰਡ ਮਤੇ ਦੀ ਵੈਧਤਾ ਨੂੰ ਚੁਣੌਤੀ ਦੇਣਾ ਹੈ, ਜਿਸ ਰਾਹੀਂ ਐੱਨ. ਚੰਦਰਸ਼ੇਖਰਨ ਨੂੰ ਟਾਟਾ ਸੰਨਜ਼ ਦਾ ਚੇਅਰਮੈਨ ਮੁੜ ਨਿਯੁਕਤ ਕੀਤਾ ਗਿਆ ਸੀ। ਟਾਟਾ ਸੰਨਜ਼ ਵਿੱਚ 65.9 ਫ਼ੀਸਦੀ ਹਿੱਸੇਦਾਰੀ ਰੱਖਣ ਵਾਲੇ ਟਾਟਾ ਟਰੱਸਟਸ ਨੇ ਕੰਪਨੀ ਨੂੰ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਕਰਨ ਦਾ ਵੀ ਵਿਰੋਧ ਕੀਤਾ ਹੈ।














