ਟਰੰਪ ਵੱਲੋਂ ਲੇਕ ਓਨਟਾਰੀਓ ਦਾ ਨਾਂ ਬਦਲਣ ਦੀ ਧਮਕੀ ਮਗਰੋਂ ਟੋਰਾਂਟੋ ਮੇਅਰ ਅਹੁਦੇ ਦੇ ਉਮੀਦਵਾਰ ਦਾ ਜਵਾਬ

ਟਰੰਪ ਵੱਲੋਂ ਲੇਕ ਓਨਟਾਰੀਓ ਦਾ ਨਾਂ ਬਦਲਣ ਦੀ ਧਮਕੀ ਮਗਰੋਂ ਟੋਰਾਂਟੋ ਮੇਅਰ ਅਹੁਦੇ ਦੇ ਉਮੀਦਵਾਰ ਦਾ ਜਵਾਬ

ਟੋਰਾਂਟੋ-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲੇਕ ਓਨਟਾਰੀਓ ਦਾ ਨਾਂ ਬਦਲ ਕੇ ‘ਲੇਕ ਅਮਰੀਕਾ’ ਕਰਨ ਦੀ ਧਮਕੀ ਤੋਂ ਬਾਅਦ ਟੋਰਾਂਟੋ ਦੇ ਮੇਅਰ ਅਹੁਦੇ ਦੇ ਉਮੀਦਵਾਰ ਬ੍ਰੈਡ ਬ੍ਰੈਡਫੋਰਡ ਨੇ ਵੀ ਤਿੱਖੇ ਅੰਦਾਜ਼ ਵਿੱਚ ਜਵਾਬ ਦਿੱਤਾ ਹੈ। ਬ੍ਰੈਡਫੋਰਡ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਜੇਕਰ ਟਰੰਪ ਝੀਲ ਦਾ ਨਾਂ ਬਦਲਦੇ ਹਨ ਤਾਂ ਨਿਊਯਾਰਕ ਸੂਬੇ ਨੂੰ ‘ਪ੍ਰੋਵਿੰਸ ਆਫ਼ ਨਿਊਯਾਰਕ’ ਕਿਹਾ ਜਾਣਾ ਚਾਹੀਦਾ ਹੈ।

ਬ੍ਰੈਡਫੋਰਡ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਟਰੰਪ ਨੂੰ ਸੁਨੇਹਾ ਦਿੱਤਾ—“ਦੋਵੇਂ ਇਹ ਖੇਡ ਖੇਡ ਸਕਦੇ ਹਨ।” ਉਨ੍ਹਾਂ ਦੱਸਿਆ ਕਿ 1664 ਤੋਂ 1776 ਤੱਕ ਨਿਊਯਾਰਕ ਨੂੰ ‘ਪ੍ਰੋਵਿੰਸ ਆਫ਼ ਨਿਊਯਾਰਕ’ ਕਿਹਾ ਜਾਂਦਾ ਸੀ। ਉਸ ਸਮੇਂ ਇਹ ਬ੍ਰਿਟਿਸ਼ ਬਸਤੀ ਸੀ ਅਤੇ ਇਸ ਦਾ ਨਾਂ ਇੰਗਲੈਂਡ ਦੇ ਡਿਊਕ ਆਫ਼ ਯਾਰਕ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ।

ਬ੍ਰੈਡਫੋਰਡ ਨੇ ਕਿਹਾ ਕਿ ਜੇਕਰ ਉਹ ਆਉਣ ਵਾਲੀਆਂ 26 ਅਕਤੂਬਰ ਦੀਆਂ ਮਿਊਂਸਪਲ ਚੋਣਾਂ ਵਿੱਚ ਮੇਅਰ ਚੁਣੇ ਜਾਂਦੇ ਹਨ ਤਾਂ ਉਹ ਯਕੀਨੀ ਬਣਾਉਣਗੇ ਕਿ ਨਿਊਯਾਰਕ ਨੂੰ ‘ਪ੍ਰੋਵਿੰਸ ਆਫ਼ ਨਿਊਯਾਰਕ’ ਦੇ ਨਾਂ ਨਾਲ ਜਾਣਿਆ ਜਾਵੇ।ਉਨ੍ਹਾਂ ਮਜ਼ਾਕ ਕਰਦਿਆਂ ਕਿਹਾ ਕਿ ਉਹ ਟਰੰਪ ਨੂੰ ਇਸ ਸਬੰਧੀ ਇੱਕ ਪਲੇਕ ਵੀ ਭੇਜਣ ਲਈ ਤਿਆਰ ਹਨ, ਤਾਂ ਜੋ ਰਾਸ਼ਟਰਪਤੀ ਵਜੋਂ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਉਹ ਟਰੰਪ ਟਾਵਰ ਤੋਂ ‘ਪ੍ਰੋਵਿੰਸ ਆਫ਼ ਨਿਊਯਾਰਕ’ ਵੱਲ ਦੇਖ ਸਕਣ।

ਹਾਲਾਂਕਿ ਬ੍ਰੈਡਫੋਰਡ ਨੇ ਕਿਹਾ ਕਿ ਅਸਲ ਮੁੱਦਾ ਮਜ਼ਾਕ ਨਹੀਂ, ਸਗੋਂ ਕੈਨੇਡਾ ਅਤੇ ਅਮਰੀਕਾ ਵਿਚਾਲੇ ਚੱਲ ਰਿਹਾ ਵਪਾਰਕ ਵਿਵਾਦ ਹੈ। ਉਨ੍ਹਾਂ ਕਿਹਾ ਕਿ ਸਾਂਝੀ ਝੀਲ ਦਾ ਨਾਂ ਬਦਲਣ ਦੀ ਧਮਕੀ ਨਾਲ ਟੋਰਾਂਟੋ ਵਾਸੀਆਂ ਦੀ ਦੇਸ਼ਭਗਤੀ ਘੱਟ ਨਹੀਂ ਹੋਵੇਗੀ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਮਰੀਕੀ ਟੈਰਿਫ਼ਾਂ ਦਾ ਜਵਾਬ ਦੇਣ ਲਈ ਕੈਨੇਡੀਅਨ ਉਤਪਾਦ ਖਰੀਦਣ ਨੂੰ ਤਰਜੀਹ ਦਿੱਤੀ ਜਾਵੇ।

ਇਸ ਦੌਰਾਨ ਮੇਅਰ ਅਹੁਦੇ ਦੇ ਇੱਕ ਹੋਰ ਉਮੀਦਵਾਰ ਕ੍ਰਿਸ ਅਲੈਗਜ਼ੈਂਡਰ ਨੇ ਬ੍ਰੈਡਫੋਰਡ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਮਰੀਕਾ ਨਾਲ ਚੱਲ ਰਹੀ ਵਪਾਰਕ ਜੰਗ ਦੇ ਸਮੇਂ ਅਜਿਹੇ ‘ਨਾਮ ਬਦਲਣ ਵਾਲੇ ਖੇਡ’ ਖੇਡਣਾ ਠੀਕ ਨਹੀਂ।ਅਲੈਗਜ਼ੈਂਡਰ ਨੇ ਕਿਹਾ ਕਿ ਮੌਜੂਦਾ ਵਪਾਰਕ ਟਕਰਾਅ ਨੌਕਰੀਆਂ, ਨਿਵੇਸ਼ ਅਤੇ ਹਰ ਪਰਿਵਾਰ ਲਈ ਵੱਡਾ ਖਤਰਾ ਹੈ ਅਤੇ ਇਸ ਸਮੇਂ ਦਿਖਾਵੇਬਾਜ਼ੀ ਦੀ ਬਜਾਏ ਗੰਭੀਰ ਰਵੱਈਏ ਦੀ ਲੋੜ ਹੈ।

ਟੋਰਾਂਟੋ ਦੀ ਮੇਅਰ ਓਲੀਵੀਆ ਚੌ ਨੇ ਵੀ ਕਿਹਾ ਹੈ ਕਿ ਨਵੇਂ ਅਮਰੀਕੀ ਟੈਰਿਫ਼ ਕੈਨੇਡੀਅਨ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਪਰ ਉਨ੍ਹਾਂ ਨੂੰ ਭਰੋਸਾ ਹੈ ਕਿ ਟੋਰਾਂਟੋ ਦੀ ਅਰਥਵਿਵਸਥਾ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਮਜ਼ਬੂਤ ਹੈ।