ਜੰਗਬੰਦੀ ਟੁੱਟਣ ਮਗਰੋਂ ਅਮਰੀਕਾ ਵੱਲੋਂ ਈਰਾਨ 'ਤੇ ਮੁੜ ਹਵਾਈ ਹਮਲੇ, ਤਹਿਰਾਨ ਨੇ ਦਿੱਤੀ ਜਵਾਬੀ ਕਾਰਵਾਈ ਦੀ ਚਿਤਾਵਨੀ
ਵਾਸ਼ਿੰਗਟਨ/ਤਹਿਰਾਨ-ਜੰਗਬੰਦੀ ਸਮਝੌਤਾ ਟੁੱਟਣ ਤੋਂ ਕੁਝ ਹੀ ਘੰਟਿਆਂ ਬਾਅਦ ਅਮਰੀਕਾ ਨੇ ਬੁੱਧਵਾਰ ਨੂੰ ਈਰਾਨ ਦੇ ਕਈ ਟਿਕਾਣਿਆਂ 'ਤੇ ਮੁੜ ਹਵਾਈ ਹਮਲੇ ਕੀਤੇ। ਅਮਰੀਕੀ ਫੌਜ ਦਾ ਕਹਿਣਾ ਹੈ ਕਿ ਇਹ ਕਾਰਵਾਈ ਈਰਾਨ ਦੀ ਉਸ ਸਮਰੱਥਾ ਨੂੰ ਕਮਜ਼ੋਰ ਕਰਨ ਲਈ ਕੀਤੀ ਗਈ ਹੈ, ਜਿਸ ਰਾਹੀਂ ਉਹ ਹੋਰਮੁਜ਼ ਜਲਡਮਰੂਮੱਧ (Strait of Hormuz) ਵਿੱਚ ਅੰਤਰਰਾਸ਼ਟਰੀ ਜਹਾਜ਼ਰਾਨੀ ਨੂੰ ਨਿਸ਼ਾਨਾ ਬਣਾ ਸਕਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਸਥਾਈ ਜੰਗਬੰਦੀ ਸਮਝੌਤੇ ਨੂੰ ਖ਼ਤਮ ਕਰਾਰ ਦੇਣ ਤੋਂ ਬਾਅਦ ਇਹ ਹਮਲੇ ਕੀਤੇ ਗਏ। ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਹੋਰਮੁਜ਼ ਜਲਡਮਰੂਮੱਧ ਵਿੱਚ ਜਹਾਜ਼ਰਾਨੀ ਦੀ ਆਜ਼ਾਦੀ ਨੂੰ ਸੁਰੱਖਿਅਤ ਬਣਾਈ ਰੱਖਣ ਅਤੇ ਵਪਾਰਕ ਜਹਾਜ਼ਾਂ 'ਤੇ ਹੋਏ ਹਮਲਿਆਂ ਦੇ ਜਵਾਬ ਵਜੋਂ ਇਹ ਕਾਰਵਾਈ ਕੀਤੀ ਗਈ ਹੈ।
CENTCOM ਨੇ ਦੱਸਿਆ ਕਿ ਅਮਰੀਕੀ ਫੌਜ ਨੇ ਈਰਾਨ ਦੀਆਂ ਉਨ੍ਹਾਂ ਸਮਰੱਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਨ੍ਹਾਂ ਰਾਹੀਂ ਸਮੁੰਦਰੀ ਆਵਾਜਾਈ ਲਈ ਖ਼ਤਰਾ ਪੈਦਾ ਕੀਤਾ ਜਾ ਰਿਹਾ ਸੀ। ਇੱਕ ਅਮਰੀਕੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਬੁੱਧਵਾਰ ਦੇ ਹਮਲੇ ਪਿਛਲੇ ਦਿਨ ਕੀਤੇ ਗਏ ਹਮਲਿਆਂ ਨਾਲੋਂ ਕਾਫ਼ੀ ਵੱਡੇ ਪੱਧਰ 'ਤੇ ਸਨ।
ਇਸ ਦੌਰਾਨ ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਕਈ ਇਲਾਕਿਆਂ ਵਿੱਚ ਸਾਇਰਨ ਵਜਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ। ਉੱਧਰ ਕੁਵੈਤ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਦੇਸ਼ ਦੀ ਹਵਾਈ ਰੱਖਿਆ ਪ੍ਰਣਾਲੀ ਰਾਕੇਟ ਅਤੇ ਡਰੋਨ ਹਮਲਿਆਂ ਦਾ ਮੁਕਾਬਲਾ ਕਰ ਰਹੀ ਹੈ।
ਉੱਥੇ ਹੀ ਈਰਾਨ ਨੇ ਅਮਰੀਕੀ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਹਮਲਿਆਂ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਖੇਤਰ ਵਿੱਚ ਵਧਦੇ ਤਣਾਅ ਕਾਰਨ ਮੱਧ ਪੂਰਬ ਦੀ ਸੁਰੱਖਿਆ ਸਥਿਤੀ ਇੱਕ ਵਾਰ ਫਿਰ ਗੰਭੀਰ ਹੋ ਗਈ ਹੈ।
















