ਚੰਡੀਗੜ੍ਹ ਤੋਂ ਨੋਇਡਾ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ 1 ਜੁਲਾਈ ਤੋਂ ਸ਼ੁਰੂ

ਚੰਡੀਗੜ੍ਹ ਤੋਂ ਨੋਇਡਾ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ 1 ਜੁਲਾਈ ਤੋਂ ਸ਼ੁਰੂ

ਚੰਡੀਗੜ੍ਹ-ਚੰਡੀਗੜ੍ਹ ਹਵਾਈ ਅੱਡੇ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। 1 ਜੁਲਾਈ ਤੋਂ ਚੰਡੀਗੜ੍ਹ ਅਤੇ ਨੋਇਡਾ ਇੰਟਰਨੈਸ਼ਨਲ ਏਅਰਪੋਰਟ (ਜੇਵਰ) ਦਰਮਿਆਨ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇੰਡੀਗੋ ਏਅਰਲਾਈਨ ਵੱਲੋਂ ਇਸ ਨਵੀਂ ਸੇਵਾ ਦਾ ਐਲਾਨ ਕੀਤਾ ਗਿਆ ਹੈ।ਨਵੀਂ ਹਵਾਈ ਸੇਵਾ ਨਾਲ ਟਰਾਈਸਿਟੀ ਖੇਤਰ ਅਤੇ ਦਿੱਲੀ-ਐਨਸੀਆਰ ਵਿਚਾਲੇ ਸਫ਼ਰ ਕਰਨ ਵਾਲੇ ਕਾਰੋਬਾਰੀਆਂ, ਵਿਦਿਆਰਥੀਆਂ, ਸੈਲਾਨੀਆਂ ਅਤੇ ਹੋਰ ਯਾਤਰੀਆਂ ਨੂੰ ਤੇਜ਼ ਅਤੇ ਸੁਵਿਧਾਜਨਕ ਆਵਾਜਾਈ ਦਾ ਵਿਕਲਪ ਮਿਲੇਗਾ।

ਏਅਰਲਾਈਨ ਵੱਲੋਂ ਜਾਰੀ ਸਮਾਂ-ਸਾਰਣੀ ਅਨੁਸਾਰ ਚੰਡੀਗੜ੍ਹ ਤੋਂ ਉਡਾਣ ਸਵੇਰੇ 7:30 ਵਜੇ ਰਵਾਨਾ ਹੋ ਕੇ 8:35 ਵਜੇ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਪਹੁੰਚੇਗੀ। ਵਾਪਸੀ ਉਡਾਣ ਨੋਇਡਾ ਤੋਂ ਸਵੇਰੇ 6:10 ਵਜੇ ਚੱਲੇਗੀ ਅਤੇ 7:10 ਵਜੇ ਚੰਡੀਗੜ੍ਹ ਪਹੁੰਚੇਗੀ।ਵਧਦੀ ਯਾਤਰੀ ਮੰਗ ਨੂੰ ਦੇਖਦਿਆਂ 13 ਜੁਲਾਈ ਤੋਂ ਇੱਕ ਵਾਧੂ ਉਡਾਣ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ, ਜੋ ਹਰ ਸੋਮਵਾਰ ਅਤੇ ਮੰਗਲਵਾਰ ਨੂੰ ਚਲਾਈ ਜਾਵੇਗੀ।

ਇਹ ਸੇਵਾ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਤੋਂ ਵਪਾਰਕ ਉਡਾਣਾਂ ਦੀ ਸ਼ੁਰੂਆਤ ਦੇ ਨਾਲ ਹੀ ਆਰੰਭ ਹੋ ਰਹੀ ਹੈ। ਇੰਡੀਗੋ ਇਸ ਨਵੇਂ ਹਵਾਈ ਅੱਡੇ ਤੋਂ ਨਿਯਮਿਤ ਸੇਵਾਵਾਂ ਚਲਾਉਣ ਵਾਲੀ ਪਹਿਲੀ ਏਅਰਲਾਈਨ ਬਣੇਗੀ। ਕੰਪਨੀ ਨੇ ਜੇਵਰ ਹਵਾਈ ਅੱਡੇ ਨੂੰ ਦੇਸ਼ ਦੇ 16 ਤੋਂ ਵੱਧ ਸ਼ਹਿਰਾਂ ਨਾਲ ਜੋੜਨ ਦੀ ਯੋਜਨਾ ਬਣਾਈ ਹੈ, ਜਿਨ੍ਹਾਂ ਵਿੱਚ ਚੰਡੀਗੜ੍ਹ ਸ਼ੁਰੂਆਤੀ ਸ਼ਹਿਰਾਂ ਵਿੱਚੋਂ ਇੱਕ ਹੈ।

ਹਵਾਬਾਜ਼ੀ ਖੇਤਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਰੂਟ ਖੇਤਰੀ ਸੰਪਰਕ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਯਾਤਰੀਆਂ ਦੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਨਿਰਭਰਤਾ ਘਟਾਏਗਾ।ਨਵੀਂ ਸਿੱਧੀ ਉਡਾਣ ਨਾਲ ਨੋਇਡਾ, ਗ੍ਰੇਟਰ ਨੋਇਡਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਉਦਯੋਗਿਕ ਖੇਤਰਾਂ ਵਿੱਚ ਜਾਣ ਵਾਲੇ ਯਾਤਰੀਆਂ ਨੂੰ ਵੀ ਵੱਡਾ ਲਾਭ ਹੋਵੇਗਾ। ਇਸ ਨਾਲ ਕਾਰੋਬਾਰੀ ਗਤੀਵਿਧੀਆਂ, ਸੈਰ-ਸਪਾਟੇ, ਸਿੱਖਿਆ ਅਤੇ ਨਿਵੇਸ਼ ਦੇ ਮੌਕਿਆਂ ਨੂੰ ਵੀ ਹੁਲਾਰਾ ਮਿਲਣ ਦੀ ਉਮੀਦ ਹੈ।ਇੰਡੀਗੋ ਦੇ ਚੀਫ਼ ਸਟ੍ਰੈਟਜੀ ਅਫ਼ਸਰ ਅਲੋਕ ਸਿੰਘ ਨੇ ਕਿਹਾ ਕਿ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਖੁੱਲ੍ਹਣਾ ਭਾਰਤ ਦੇ ਹਵਾਬਾਜ਼ੀ ਖੇਤਰ ਲਈ ਇੱਕ ਨਵਾਂ ਅਧਿਆਏ ਸਾਬਤ ਹੋਵੇਗਾ ਅਤੇ ਯਾਤਰੀਆਂ ਨੂੰ ਵਧੇਰੇ ਯਾਤਰਾ ਵਿਕਲਪਾਂ ਦੇ ਨਾਲ ਬਿਹਤਰ ਕਨੈਕਟੀਵਿਟੀ ਮੁਹੱਈਆ ਕਰਵਾਏਗਾ।ਚੰਡੀਗੜ੍ਹ ਨੂੰ ਹਵਾਈ ਅੱਡੇ ਦੇ ਸ਼ੁਰੂਆਤੀ ਨੈੱਟਵਰਕ ਵਿੱਚ ਸ਼ਾਮਲ ਕੀਤੇ ਜਾਣ ਨੂੰ ਖੇਤਰ ਦੇ ਹਵਾਈ ਢਾਂਚੇ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਮੰਨਿਆ ਜਾ ਰਿਹਾ ਹੈ।