ਗ੍ਰੈਂਡ ਚੈੱਸ ਟੂਰ ਵਿੱਚ ਗੁਕੇਸ਼-ਸਿੰਦਾਰੋਵ ਮੁਕਾਬਲਾ ਹੋਇਆ ਹੋਰ ਰੋਮਾਂਚਕ
ਨਵੀਂ ਦਿੱਲੀ-ਪੋਲੈਂਡ ਵਿੱਚ ਚੱਲ ਰਹੇ ਗ੍ਰੈਂਡ ਚੈੱਸ ਟੂਰ ਦੇ ਸੁਪਰ ਰੈਪਿਡ ਐਂਡ ਬਲਿਟਜ਼ ਟੂਰਨਾਮੈਂਟ ਵਿੱਚ ਭਾਰਤ ਦੇ ਵਿਸ਼ਵ ਚੈਂਪੀਅਨ ਡੀ. ਗੁਕੇਸ਼ ਅਤੇ ਉਜ਼ਬੇਕਿਸਤਾਨ ਦੇ ਨੌਜਵਾਨ ਗ੍ਰੈਂਡਮਾਸਟਰ ਜਾਵੋਖਿਰ ਸਿੰਦਾਰੋਵ ਵਿਚਾਲੇ ਮੁਕਾਬਲਾ ਹੋਰ ਦਿਲਚਸਪ ਬਣ ਗਿਆ ਹੈ। ਬਲਿਟਜ਼ ਰਾਊਂਡ ਵਿੱਚ ਸਿੰਦਾਰੋਵ ਨੇ ਗੁਕੇਸ਼ ਨੂੰ ਹਰਾਕੇ ਪਹਿਲਾਂ ਦੀ ਹਾਰ ਦਾ ਬਦਲਾ ਲੈ ਲਿਆ।
ਟੂਰਨਾਮੈਂਟ ਦੇ ਦੂਜੇ ਦਿਨ ਰੈਪਿਡ ਮੁਕਾਬਲੇ ਵਿੱਚ ਗੁਕੇਸ਼ ਨੇ ਸਿੰਦਾਰੋਵ ਨੂੰ ਹਰਾਇਆ ਸੀ ਅਤੇ ਜਿੱਤ ਮਗਰੋਂ ਉਨ੍ਹਾਂ ਦਾ ਜਸ਼ਨ ਵੀ ਖਾਸ ਚਰਚਾ ਵਿੱਚ ਰਿਹਾ ਸੀ। ਪਰ ਚੌਥੇ ਦਿਨ ਬਲਿਟਜ਼ ਮੁਕਾਬਲੇ ਵਿੱਚ ਸਿੰਦਾਰੋਵ ਨੇ ਵਾਪਸੀ ਕਰਦਿਆਂ ਗੁਕੇਸ਼ ਨੂੰ ਮਾਤ ਦੇ ਦਿੱਤੀ।ਗੁਕੇਸ਼ ਲਈ ਇਹ ਦਿਨ ਕਾਫ਼ੀ ਉਤਾਰ-ਚੜ੍ਹਾਅ ਭਰਿਆ ਰਿਹਾ। ਨੌਂ ਬਲਿਟਜ਼ ਰਾਊਂਡਾਂ ਵਿੱਚ ਉਹ ਸਿਰਫ਼ ਚਾਰ ਅੰਕ ਹੀ ਹਾਸਲ ਕਰ ਸਕੇ। ਉਨ੍ਹਾਂ ਨੇ ਤਿੰਨ ਮੈਚ ਜਿੱਤੇ, ਦੋ ਡਰਾਅ ਖੇਡੇ ਅਤੇ ਚਾਰ ਵਿੱਚ ਹਾਰ ਦਾ ਸਾਹਮਣਾ ਕੀਤਾ।
ਸ਼ੁਰੂਆਤ ਵਿੱਚ ਹੀ ਗੁਕੇਸ਼ ਨੂੰ ਰਾਡੋਸਲਾਵ ਵੋਇਤਾਸਜ਼ੈਕ ਅਤੇ ਅਲੀਰੇਜ਼ਾ ਫਿਰੂਜ਼ਜਾ ਖ਼ਿਲਾਫ਼ ਲਗਾਤਾਰ ਦੋ ਹਾਰਾਂ ਮਿਲੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਵਲਾਦੀਮੀਰ ਫੇਡੋਸੀਏਵ ਨਾਲ ਡਰਾਅ ਖੇਡਿਆ ਅਤੇ ਫਿਰ ਵੇਸਲੀ ਸੋ ਨੂੰ ਹਰਾਕੇ ਦਿਨ ਦੀ ਪਹਿਲੀ ਜਿੱਤ ਦਰਜ ਕੀਤੀ।
ਹਾਲਾਂਕਿ ਇਸ ਜਿੱਤ ਤੋਂ ਬਾਅਦ ਫਾਬਿਆਨੋ ਕਾਰੂਆਨਾ ਨੇ ਗੁਕੇਸ਼ ਨੂੰ ਦਿਨ ਦੀ ਤੀਜੀ ਹਾਰ ਦਿੱਤੀ। ਪੰਜ ਰਾਊਂਡਾਂ ਮਗਰੋਂ ਗੁਕੇਸ਼ ਸਿਰਫ਼ 1.5 ਅੰਕਾਂ ਨਾਲ ਅੰਕ ਸੂਚੀ ਦੇ ਸਭ ਤੋਂ ਹੇਠਲੇ ਸਥਾਨ ’ਤੇ ਪਹੁੰਚ ਗਏ ਸਨ।ਬਾਅਦ ਵਿੱਚ ਗੁਕੇਸ਼ ਨੇ ਟੂਰਨਾਮੈਂਟ ਲੀਡਰ ਹਾਨਸ ਨੀਮਾਨ ਨੂੰ ਹਰਾਕੇ ਵਾਪਸੀ ਕੀਤੀ। ਨੀਮਾਨ ਨੇ ਬਲਿਟਜ਼ ਐਂਡਗੇਮ ਦੌਰਾਨ ਗਲਤੀ ਨਾਲ ਆਪਣਾ ਰੂਕ ਗੁਆ ਦਿੱਤਾ, ਜਿਸ ਦਾ ਗੁਕੇਸ਼ ਨੇ ਪੂਰਾ ਫਾਇਦਾ ਚੁੱਕਿਆ।
ਪਰ ਇਸ ਜਿੱਤ ਦੀ ਖੁਸ਼ੀ ਜ਼ਿਆਦਾ ਦੇਰ ਨਾ ਰਹੀ ਅਤੇ ਅਗਲੇ ਹੀ ਮੁਕਾਬਲੇ ਵਿੱਚ ਸਿੰਦਾਰੋਵ ਨੇ ਗੁਕੇਸ਼ ਨੂੰ ਹਰਾ ਦਿੱਤਾ। ਹੁਣ ਦੋਵੇਂ ਖਿਡਾਰੀ ਸ਼ਨੀਵਾਰ ਨੂੰ ਇਕ ਵਾਰ ਫਿਰ ਆਮਨੇ-ਸਾਮਨੇ ਹੋਣਗੇ।ਦਿਨ ਦੇ ਅੰਤ ਵਿੱਚ ਗੁਕੇਸ਼ ਨੇ ਆਪਣੇ ਸਾਬਕਾ ਕੋਚਿੰਗ ਸਾਥੀ ਜਾਨ-ਕ੍ਰਿਸਟੋਫ ਡੂਡਾ ਨੂੰ ਹਰਾਕੇ ਜਿੱਤ ਨਾਲ ਦਿਨ ਸਮਾਪਤ ਕੀਤਾ।ਬਲਿਟਜ਼ ਦੇ ਪਹਿਲੇ ਦਿਨ ਮਗਰੋਂ ਗੁਕੇਸ਼ 13 ਅੰਕਾਂ ਨਾਲ ਕੁੱਲ ਅੰਕ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਹਨ। ਹਾਨਸ ਨੀਮਾਨ 16.5 ਅੰਕਾਂ ਨਾਲ ਪਹਿਲੇ ਸਥਾਨ ’ਤੇ ਕਾਇਮ ਹਨ।
















