ਕੈਲਗਰੀ ਦੇ ਮੇਅਰ ਨੇ ਸਟੈਂਪੀਡ ਤੱਕ CTrain ਦਾ ਮੁਫ਼ਤ ਕਿਰਾਇਆ ਖੇਤਰ ਵਧਾਉਣ ਦਾ ਦਿੱਤਾ ਸੁਝਾਅ
ਕੈਲਗਰੀ-ਕੈਲਗਰੀ ਦੇ ਮੇਅਰ ਜੇਰੋਮੀ ਫਾਰਕਾਸ ਨੇ ਸੁਝਾਅ ਦਿੱਤਾ ਹੈ ਕਿ ਸ਼ਹਿਰ ਨੂੰ CTrain ਦੇ ਮੁਫ਼ਤ ਕਿਰਾਇਆ (Free Fare Zone) ਖੇਤਰ ਦਾ ਵਿਸਥਾਰ ਕਰਕੇ ਇਸ ਵਿੱਚ ਕੈਲਗਰੀ ਸਟੈਂਪੀਡ ਗਰਾਊਂਡ ਨੂੰ ਵੀ ਸ਼ਾਮਲ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ 10 ਦਿਨਾਂ ਦੇ ਸਟੈਂਪੀਡ ਮੇਲੇ ਦੌਰਾਨ ਆਉਣ ਵਾਲੇ 15 ਲੱਖ ਤੋਂ ਵੱਧ ਸੈਲਾਨੀਆਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੇਗੀ।
ਮੇਅਰ ਫਾਰਕਾਸ ਨੇ ਕਿਹਾ ਕਿ ਮੌਜੂਦਾ ਮੁਫ਼ਤ ਕਿਰਾਇਆ ਖੇਤਰ ਡਾਊਨਟਾਊਨ ਅਤੇ ਸਟੈਂਪੀਡ ਇਲਾਕੇ ਵਿਚਾਲੇ ਆਉਣ-ਜਾਣ ਵਾਲੇ ਲੋਕਾਂ ਲਈ ਪਹਿਲਾਂ ਹੀ ਕਾਫ਼ੀ ਲਾਭਦਾਇਕ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਇਸ ਖੇਤਰ ਨੂੰ ਸਟੈਂਪੀਡ ਗਰਾਊਂਡ ਤੱਕ ਵਧਾ ਦਿੱਤਾ ਜਾਵੇ ਤਾਂ ਲੋਕ ਆਪਣੀਆਂ ਗੱਡੀਆਂ ਪਾਰਕ ਕਰਕੇ ਆਸਾਨੀ ਨਾਲ CTrain ਰਾਹੀਂ ਸਮਾਗਮ ਤੱਕ ਪਹੁੰਚ ਸਕਣਗੇ ਅਤੇ ਵਾਪਸ ਵੀ ਆ ਸਕਣਗੇ।
ਫਾਰਕਾਸ ਨੇ ਕਿਹਾ, "ਮੇਰੇ ਵਿਚਾਰ ਵਿੱਚ ਚਰਚਾ ਇਸ ਗੱਲ 'ਤੇ ਹੋਣੀ ਚਾਹੀਦੀ ਹੈ ਕਿ ਮੁਫ਼ਤ ਕਿਰਾਇਆ ਖੇਤਰ ਦਾ ਵਿਸਥਾਰ ਕੀਤਾ ਜਾਵੇ। ਜੇ ਸਟੈਂਪੀਡ ਗਰਾਊਂਡ ਨੂੰ ਵੀ ਇਸ ਵਿੱਚ ਸ਼ਾਮਲ ਕਰ ਦਿੱਤਾ ਜਾਵੇ ਤਾਂ ਇਹ ਦਰਸ਼ਕਾਂ ਲਈ ਕਾਫ਼ੀ ਫ਼ਾਇਦੇਮੰਦ ਹੋਵੇਗਾ।"
ਇਸ ਦੌਰਾਨ Calgary Transit ਨੇ ਦੱਸਿਆ ਕਿ ਇਸ ਸਾਲ ਸਟੈਂਪੀਡ ਦੌਰਾਨ ਯਾਤਰੀਆਂ ਦੀ ਵੱਧ ਗਿਣਤੀ ਦੇ ਬਾਵਜੂਦ ਟ੍ਰਾਂਜ਼ਿਟ ਸੇਵਾਵਾਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ।Calgary Transit ਦੇ ਸੀਨੀਅਰ ਸਰਵਿਸ ਡਿਜ਼ਾਇਨ ਲੀਡ ਜੋਨਾਥਨ ਲੀਆ ਨੇ ਕਿਹਾ ਕਿ ਹਰ ਸਾਲ ਦੇ ਤਜਰਬੇ ਤੋਂ ਸਿੱਖ ਕੇ ਇਸ ਵਾਰ ਵੀ ਪਹਿਲਾਂ ਤੋਂ ਪੂਰੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ Grandstand Show ਸਮਾਪਤ ਹੋਣ ਤੋਂ ਬਾਅਦ ਵਧਣ ਵਾਲੀ ਭੀੜ ਨੂੰ ਸੰਭਾਲਣ ਲਈ ਵਾਧੂ LRT ਟ੍ਰੇਨਾਂ ਤਿਆਰ ਰੱਖੀਆਂ ਗਈਆਂ ਹਨ, ਜਿਨ੍ਹਾਂ ਨੂੰ ਲੋੜ ਪੈਣ 'ਤੇ ਤੁਰੰਤ ਸੇਵਾ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
ਸਟੈਂਪੀਡ ਦੌਰਾਨ CTrain ਸੇਵਾ 24 ਘੰਟੇ ਚਲਾਈ ਜਾ ਰਹੀ ਹੈ। ਮੇਅਰ ਫਾਰਕਾਸ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਵਿੱਖ ਵਿੱਚ ਸ਼ਹਿਰ ਦੇ ਹੋਰ ਵੱਡੇ ਸਮਾਗਮਾਂ ਦੌਰਾਨ ਵੀ ਇਹ ਪ੍ਰਬੰਧ ਨਿਯਮਿਤ ਤੌਰ 'ਤੇ ਲਾਗੂ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਸਟੈਂਪੀਡ ਦੌਰਾਨ ਮਿਲ ਰਹੇ ਤਜਰਬੇ ਨੂੰ ਭਵਿੱਖ ਵਿੱਚ ਹੋਰ ਵੱਡੇ ਸਮਾਗਮਾਂ, ਜਿਵੇਂ ਕਿ ਵਰਲਡ ਕੱਪ ਆਫ਼ ਹਾਕੀ, ਲਈ ਵੀ ਮਾਡਲ ਵਜੋਂ ਵਰਤਿਆ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਕੈਲਗਰੀ ਦਾ Free Fare Zone ਸਾਲ 1981 ਵਿੱਚ ਡਾਊਨਟਾਊਨ ਖੇਤਰ ਵਿੱਚ ਆਵਾਜਾਈ ਨੂੰ ਆਸਾਨ ਬਣਾਉਣ ਲਈ ਸ਼ੁਰੂ ਕੀਤਾ ਗਿਆ ਸੀ। ਇਸ ਸਾਲ ਸ਼ਹਿਰੀ ਪ੍ਰਸ਼ਾਸਨ ਨੇ ਇਸ ਯੋਜਨਾ ਨੂੰ ਬੰਦ ਕਰਨ ਦਾ ਸੁਝਾਅ ਦਿੱਤਾ ਸੀ, ਪਰ ਸਿਟੀ ਕੌਂਸਲ ਨੇ ਲੋਕਾਂ ਨਾਲ ਹੋਰ ਵਿਚਾਰ-ਵਟਾਂਦਰੇ ਦੀ ਲੋੜ ਦੱਸਦਿਆਂ ਫਿਲਹਾਲ ਇਸ ਮਾਮਲੇ ਨੂੰ ਟਾਲ ਦਿੱਤਾ ਹੈ।
















