ਕੈਲਗਰੀ ਦੇ ਕਿਆਨ ਸੁੰਦਰਜੀ ਨੇ ਆਇਰਨਮੈਨ ਕੈਨੇਡਾ 2026 ਦਾ ਸੋਨ ਤਗ਼ਮਾ ਜਿੱਤਿਆ

ਕੈਲਗਰੀ ਦੇ ਕਿਆਨ ਸੁੰਦਰਜੀ ਨੇ ਆਇਰਨਮੈਨ ਕੈਨੇਡਾ 2026 ਦਾ ਸੋਨ ਤਗ਼ਮਾ ਜਿੱਤਿਆ

ਕੈਲਗਰੀ: ਕੈਲਗਰੀ ਦੇ 23 ਸਾਲਾ ਅਥਲੀਟ ਕਿਆਨ ਸੁੰਦਰਜੀ ਨੇ ਓਟਾਵਾ ਵਿੱਚ ਹੋਈ ਆਇਰਨਮੈਨ ਕੈਨੇਡਾ 2026 ਟ੍ਰਾਇਐਥਲਾਨ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ।ਸੁੰਦਰਜੀ ਨੇ ਕਰੀਬ 3,000 ਖਿਡਾਰੀਆਂ ਨੂੰ ਪਿੱਛੇ ਛੱਡਦਿਆਂ 8 ਘੰਟੇ, 26 ਮਿੰਟ ਅਤੇ 53 ਸਕਿੰਟ ਵਿੱਚ ਦੌੜ ਪੂਰੀ ਕਰਕੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ।

ਉਨ੍ਹਾਂ ਕਿਹਾ ਕਿ ਆਇਰਨਮੈਨ ਕੈਨੇਡਾ ਜਿੱਤਣਾ ਉਨ੍ਹਾਂ ਦਾ ਬਚਪਨ ਦਾ ਸੁਪਨਾ ਸੀ ਅਤੇ ਫਿਨਿਸ਼ ਲਾਈਨ ਸਭ ਤੋਂ ਪਹਿਲਾਂ ਪਾਰ ਕਰਨਾ ਉਨ੍ਹਾਂ ਲਈ ਯਾਦਗਾਰ ਪਲ ਰਿਹਾ।ਇਹ ਸੁੰਦਰਜੀ ਦਾ 10ਵਾਂ ਪੂਰਾ ਆਇਰਨਮੈਨ ਮੁਕਾਬਲਾ ਸੀ। ਉਨ੍ਹਾਂ ਦੱਸਿਆ ਕਿ ਅਜਿਹੀ ਦੌੜ ਤੋਂ ਬਾਅਦ ਸਰੀਰ ਨੂੰ ਸੰਭਲਣ ਲਈ ਲਗਭਗ ਇੱਕ ਹਫ਼ਤਾ ਲੱਗ ਜਾਂਦਾ ਹੈ।ਹੁਣ ਉਨ੍ਹਾਂ ਦਾ ਅਗਲਾ ਨਿਸ਼ਾਨਾ 10 ਅਕਤੂਬਰ ਨੂੰ ਹਵਾਈ ਦੇ ਕੋਨਾ ਵਿੱਚ ਹੋਣ ਵਾਲੀ ਆਇਰਨਮੈਨ ਵਿਸ਼ਵ ਚੈਂਪੀਅਨਸ਼ਿਪ ਹੈ, ਜਿੱਥੇ ਦੁਨੀਆ ਦੇ ਸਰਵੋਤਮ ਖਿਡਾਰੀ ਹਿੱਸਾ ਲੈਣਗੇ।

ਸੁੰਦਰਜੀ ਹਰ ਰੋਜ਼ ਸਖ਼ਤ ਅਭਿਆਸ ਕਰਦੇ ਹਨ ਅਤੇ ਆਪਣੀ ਊਰਜਾ ਬਣਾਈ ਰੱਖਣ ਲਈ 6,000 ਤੋਂ 7,000 ਕੈਲੋਰੀ ਤੱਕ ਭੋਜਨ ਲੈਂਦੇ ਹਨ। ਉਨ੍ਹਾਂ ਨੇ ਹੱਸਦਿਆਂ ਦੱਸਿਆ ਕਿ ਮੁਕਾਬਲੇ ਦੌਰਾਨ ਕੈਂਡੀ ਉਨ੍ਹਾਂ ਦੀ "ਲੱਕੀ ਚਾਰਮ" ਹੁੰਦੀ ਹੈ, ਜਿਸ ਨੂੰ ਉਹ ਫਿਨਿਸ਼ ਲਾਈਨ ਪਾਰ ਕਰਨ ਤੋਂ ਬਾਅਦ ਹੀ ਖਾਂਦੇ ਹਨ। ਪਿਛਲੇ ਸਾਲ ਉਹ ਆਪਣੇ ਪਿਤਾ ਅਤੇ 77 ਸਾਲਾ ਦਾਦਾ ਨਾਲ ਮਿਲ ਕੇ ਮਾਊਂਟ ਕਿਲੀਮੰਜਾਰੋ ਵੀ ਫਤਹਿ ਕਰ ਚੁੱਕੇ ਹਨ।