ਕੈਨੇਡਾ ਸਰਕਾਰ ਵੱਲੋਂ ਓਟਾਵਾ ਵਿੱਚ ਲੈਬਾਰਟਰੀ ਪ੍ਰਾਜੈਕਟ ਲਈ 76.86 ਕਰੋੜ ਡਾਲਰ ਦਾ ਠੇਕਾ
ਓਟਾਵਾ-ਕੈਨੇਡਾ ਦੀ ਫੈਡਰਲ ਸਰਕਾਰ ਨੇ ਓਟਾਵਾ ਵਿੱਚ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ (CFIA) ਦੇ ਲੈਬਾਰਟਰੀ ਕੈਂਪਸ ਵਿੱਚ ਕਈ ਨਵੀਆਂ ਲੈਬਾਰਟਰੀਆਂ ਦੇ ਨਿਰਮਾਣ ਲਈ 768.6 ਮਿਲੀਅਨ ਡਾਲਰ ਦਾ ਠੇਕਾ ਦੇਣ ਦਾ ਐਲਾਨ ਕੀਤਾ ਹੈ।ਇਹ ਪ੍ਰਾਜੈਕਟ ਰੈਗੂਲੇਟਰੀ ਐਂਡ ਸਕਿਉਰਿਟੀ ਸਾਇੰਸ ਮੇਨ (RSS Main) ਦੇ ਨਾਂਅ ਹੇਠ ਤਿਆਰ ਕੀਤਾ ਜਾ ਰਿਹਾ ਹੈ। ਸਰਕਾਰ ਮੁਤਾਬਕ ਇਹ ਪ੍ਰਾਜੈਕਟ ਨਾਟੋ ਦੇ ਰੱਖਿਆ ਨਿਵੇਸ਼ ਢਾਂਚੇ ਤਹਿਤ ਕੈਨੇਡਾ ਦੀਆਂ ਵਚਨਬੱਧਤਾਵਾਂ ਦਾ ਹਿੱਸਾ ਹੈ।ਫੈਡਰਲ ਸਰਕਾਰ ਅਨੁਸਾਰ ਨਵੇਂ ਕੈਂਪਸ ਵਿੱਚ ਆਧੁਨਿਕ ਲੈਬਾਰਟਰੀਆਂ, ਅਤਿ-ਆਧੁਨਿਕ ਤਕਨਾਲੋਜੀ ਅਤੇ ਡਿਜੀਟਲ ਪ੍ਰਣਾਲੀਆਂ ਸਥਾਪਤ ਕੀਤੀਆਂ ਜਾਣਗੀਆਂ। ਇਹ ਕੇਂਦਰ ਵਿਗਿਆਨ ਅਤੇ ਖੋਜ ਨਾਲ ਸਬੰਧਤ ਮਹੱਤਵਪੂਰਨ ਕਾਰਜਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰੇਗਾ।ਸਰਕਾਰ ਦਾ ਅੰਦਾਜ਼ਾ ਹੈ ਕਿ ਇਹ ਪ੍ਰਾਜੈਕਟ ਅਗਲੇ 10 ਸਾਲਾਂ ਦੌਰਾਨ ਕੈਨੇਡਾ ਦੇ ਨਾਟੋ ਨਾਲ ਸਬੰਧਤ ਸੁਰੱਖਿਆ ਅਤੇ ਲਚੀਲੇਪਣ ਲਈ ਕੀਤੇ ਜਾਣ ਵਾਲੇ ਖਰਚ ਵਿੱਚ ਲਗਭਗ 90 ਕਰੋੜ ਡਾਲਰ ਦਾ ਯੋਗਦਾਨ ਪਾਵੇਗਾ।
ਓਟਾਵਾ ਦੀ ਫੈਲੋਫੀਲਡ ਰੋਡ ’ਤੇ ਬਣਨ ਵਾਲੇ ਇਸ ਪ੍ਰਾਜੈਕਟ ਦੇ ਨਿਰਮਾਣ ਦਾ ਠੇਕਾ ਪੀਸੀਐਲ ਕੰਸਟ੍ਰਕਸ਼ਨ ਕੈਨੇਡਾ ਇੰਕ. ਨੂੰ ਦਿੱਤਾ ਗਿਆ ਹੈ।ਸਰਕਾਰ ਨੇ ਕਿਹਾ ਕਿ ਨਵੀਆਂ ਸਹੂਲਤਾਂ ਕੈਨੇਡਾ ਦੀ ਖੁਰਾਕ ਸਪਲਾਈ ਨੂੰ ਸੁਰੱਖਿਅਤ ਕਰਨ, ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀ ਤਿਆਰੀ ਵਧਾਉਣ ਅਤੇ ਸਰਹੱਦਾਂ ਦੀ ਸੁਰੱਖਿਆ ਮਜ਼ਬੂਤ ਕਰਨ ਵਿੱਚ ਮਦਦ ਕਰਨਗੀਆਂ। ਇਸ ਦੇ ਨਾਲ ਹੀ ਵਪਾਰ ਅਤੇ ਯਾਤਰਾ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਵਿੱਚ ਵੀ ਸਹਾਇਤਾ ਮਿਲੇਗੀ।ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਸੋਮਵਾਰ ਨੂੰ ਪਬਲਿਕ ਵਰਕਸ ਅਤੇ ਪ੍ਰੋਕਿਊਰਮੈਂਟ ਮੰਤਰੀ ਜੋਏਲ ਲਾਈਟਬਾਊਂਡ ਦੀ ਤਰਫੋਂ ਇਸ ਪ੍ਰਾਜੈਕਟ ਦਾ ਐਲਾਨ ਕੀਤਾ।ਮੈਕਗਿੰਟੀ ਨੇ ਕਿਹਾ ਕਿ ਓਟਾਵਾ ਕੈਨੇਡਾ ਦੀਆਂ ਕਈ ਮਹੱਤਵਪੂਰਨ ਵਿਗਿਆਨਕ ਅਤੇ ਖੋਜ ਸੰਸਥਾਵਾਂ ਦਾ ਕੇਂਦਰ ਹੈ ਅਤੇ ਇਹ ਨਿਵੇਸ਼ ਸ਼ਹਿਰ ਦੀ ਨਵੀਨਤਾ, ਜਨਤਕ ਸੇਵਾਵਾਂ ਅਤੇ ਰਾਸ਼ਟਰੀ ਸੁਰੱਖਿਆ ਦੇ ਖੇਤਰ ਵਿੱਚ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗਾ।ਉਨ੍ਹਾਂ ਕਿਹਾ ਕਿ ਨਵਾਂ RSS ਮੇਨ ਕੈਂਪਸ ਵਿਸ਼ਵ ਪੱਧਰੀ ਵਿਗਿਆਨੀਆਂ ਅਤੇ ਖੋਜਕਰਤਾਵਾਂ ਨੂੰ ਆਧੁਨਿਕ ਸਹੂਲਤਾਂ ਵਿੱਚ ਇਕੱਠੇ ਕੰਮ ਕਰਨ ਦਾ ਮੌਕਾ ਦੇਵੇਗਾ। ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੇ ਨਾਲ ਕੈਨੇਡੀਅਨ ਮਾਹਿਰਤਾ ਅਤੇ ਦੇਸ਼ ਦੀ ਸੁਰੱਖਿਆ ਸਮਰੱਥਾ ਨੂੰ ਵੀ ਮਜ਼ਬੂਤੀ ਮਿਲੇਗੀ।
ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਹੈਲਥ ਕੈਨੇਡਾ ਅਤੇ ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਨਾਲ ਸਬੰਧਤ ਲਗਭਗ 275 ਵਿਗਿਆਨੀ ਅਤੇ ਖੋਜਕਰਤਾ ਇਸ ਕੇਂਦਰ ਵਿੱਚ ਇਕੱਠੇ ਕੰਮ ਕਰਨਗੇ।ਮੈਕਗਿੰਟੀ ਨੇ ਕਿਹਾ ਕਿ ਇਨ੍ਹਾਂ ਮਾਹਿਰਾਂ ਵੱਲੋਂ ਜਨਤਕ ਸਿਹਤ, ਸਰਹੱਦੀ ਸੁਰੱਖਿਆ ਅਤੇ ਰੈਗੂਲੇਟਰੀ ਸਾਇੰਸ ਨਾਲ ਜੁੜੇ ਮਹੱਤਵਪੂਰਨ ਕੰਮ ਨੂੰ ਅੱਗੇ ਵਧਾਇਆ ਜਾਵੇਗਾ।ਪੂਰਾ ਪ੍ਰਾਜੈਕਟ 2031 ਤੱਕ ਮੁਕੰਮਲ ਹੋਣ ਦੀ ਉਮੀਦ ਹੈ।
















