ਕੈਨੇਡਾ ਵਿੱਚ 31 ਅਗਸਤ ਨੂੰ ਤਿੰਨ ਸੰਸਦੀ ਹਲਕਿਆਂ ਵਿੱਚ ਜ਼ਿਮਨੀ ਚੋਣਾਂ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤਾ ਐਲਾਨ
ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬ੍ਰਿਟਿਸ਼ ਕੋਲੰਬੀਆ, ਓਨਟਾਰੀਓ ਅਤੇ ਕਿਊਬੈਕ ਦੇ ਤਿੰਨ ਸੰਸਦੀ ਹਲਕਿਆਂ ਵਿੱਚ 31 ਅਗਸਤ 2026 ਨੂੰ ਜ਼ਿਮਨੀ ਚੋਣਾਂ (Byelections) ਕਰਵਾਉਣ ਦਾ ਐਲਾਨ ਕੀਤਾ ਹੈ।ਇਹ ਜ਼ਿਮਨੀ ਚੋਣਾਂ ਨਾਰਥ ਵੈਨਕੂਵਰ–ਕੈਪਿਲਾਨੋ (ਬੀ.ਸੀ.), ਬੀਚਜ਼–ਈਸਟ ਯਾਰਕ (ਓਨਟਾਰੀਓ) ਅਤੇ ਸ਼ਿਕੂਤੀਮੀ–ਲੇ ਫਿਓਰਡ (ਕਿਊਬੈਕ) ਹਲਕਿਆਂ ਵਿੱਚ ਹੋਣਗੀਆਂ।ਇਨ੍ਹਾਂ ਚੋਣਾਂ ਰਾਹੀਂ ਯੂਰਪੀ ਸੰਘ ਵਿੱਚ ਕੈਨੇਡਾ ਦੇ ਰਾਜਦੂਤ ਬਣੇ ਸਾਬਕਾ ਲਿਬਰਲ ਸੰਸਦ ਮੈਂਬਰ ਜੋਨਾਥਨ ਵਿਲਕਿਨਸਨ, ਸਾਬਕਾ ਲਿਬਰਲ ਸੰਸਦ ਮੈਂਬਰ ਨੈਥਨੀਅਲ ਅਰਸਕਿਨ-ਸਮਿਥ ਅਤੇ ਸੈਨੇਟ ਲਈ ਨਿਯੁਕਤ ਕੀਤੇ ਗਏ ਸਾਬਕਾ ਕਨਜ਼ਰਵੇਟਿਵ ਸੰਸਦ ਮੈਂਬਰ ਰਿਚਰਡ ਮਾਰਟੈਲ ਦੀਆਂ ਖਾਲੀ ਹੋਈਆਂ ਸੀਟਾਂ ਲਈ ਨਵੇਂ ਸੰਸਦ ਮੈਂਬਰ ਚੁਣੇ ਜਾਣਗੇ।ਇਨ੍ਹਾਂ ਜ਼ਿਮਨੀ ਚੋਣਾਂ ਦਾ ਨਤੀਜਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਲਈ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਵੇਲੇ ਸਪੀਕਰ ਦੀ ਸੀਟ ਤੋਂ ਇਲਾਵਾ ਲਿਬਰਲ ਪਾਰਟੀ ਕੋਲ 171 ਸੀਟਾਂ ਹਨ।
ਅਗਸਤ ਦੇ ਅੰਤ ਵਿੱਚ ਸਾਬਕਾ ਕੈਬਨਿਟ ਮੰਤਰੀ ਸਟੀਵਨ ਗਿਲਬੋ ਦੇ ਅਸਤੀਫ਼ੇ ਤੋਂ ਬਾਅਦ ਲਿਬਰਲਾਂ ਦੀ ਗਿਣਤੀ 170 ਸੀਟਾਂ ਰਹਿ ਜਾਵੇਗੀ। ਅਜਿਹੇ ਵਿੱਚ ਪਾਰਟੀ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਆਪਣੀ ਤਕਨੀਕੀ ਬਹੁਮਤ ਸਥਿਤੀ ਕਾਇਮ ਰੱਖਣ ਲਈ ਘੱਟੋ-ਘੱਟ ਇੱਕ ਜ਼ਿਮਨੀ ਚੋਣ ਜਿੱਤਣੀ ਲਾਜ਼ਮੀ ਹੋਵੇਗੀ।ਜੇਕਰ ਲਿਬਰਲ ਇੱਕ ਸੀਟ ਵੀ ਜਿੱਤ ਲੈਂਦੇ ਹਨ ਤਾਂ ਉਨ੍ਹਾਂ ਦੀ ਗਿਣਤੀ ਮੁੜ 171 ਸੀਟਾਂ ਹੋ ਜਾਵੇਗੀ ਅਤੇ ਬਰਾਬਰੀ ਦੀ ਸਥਿਤੀ ਵਿੱਚ ਸਪੀਕਰ ਦੇ ਫ਼ੈਸਲਾਕੁੰਨ ਵੋਟ ਨਾਲ ਸਰਕਾਰ ਆਪਣਾ ਬਹੁਮਤ ਬਰਕਰਾਰ ਰੱਖ ਸਕੇਗੀ।ਪ੍ਰਧਾਨ ਮੰਤਰੀ ਕਾਰਨੀ ਨੇ ਸੇਂਟ-ਹਿਆਸਿੰਥ–ਬਾਗੋ–ਐਕਟਨ (ਕਿਊਬੈਕ) ਦੀ ਖਾਲੀ ਸੀਟ ਲਈ ਫਿਲਹਾਲ ਜ਼ਿਮਨੀ ਚੋਣ ਦਾ ਐਲਾਨ ਨਹੀਂ ਕੀਤਾ। ਇਹ ਸੀਟ ਬਲਾਕ ਕਿਊਬੈਕਵਾਂ ਦੇ ਸਾਬਕਾ ਸੰਸਦ ਮੈਂਬਰ ਸਾਈਮਨ-ਪੀਅਰੇ ਸਾਵਾਰਡ-ਟ੍ਰੈਂਬਲੇ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਸੀ। ਚੋਣਾਂ ਕੈਨੇਡਾ ਦੇ ਨਿਯਮਾਂ ਅਨੁਸਾਰ ਇਸ ਸੀਟ ਲਈ ਚੋਣਾਂ ਦਾ ਐਲਾਨ 10 ਅਗਸਤ ਤੋਂ 19 ਦਸੰਬਰ ਦੇ ਵਿਚਕਾਰ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ।
ਲਿਬਰਲ ਪਾਰਟੀ ਨੇ ਬ੍ਰੇਡਨ ਕੈਲੀ ਨੂੰ ਨਾਰਥ ਵੈਨਕੂਵਰ–ਕੈਪਿਲਾਨੋ, ਤਨਵੀਰ ਸ਼ਾਹਨਵਾਜ਼ ਨੂੰ ਬੀਚਜ਼–ਈਸਟ ਯਾਰਕ ਅਤੇ ਡੈਨੀਅਲ ਗੋਬੇਲ ਨੂੰ ਸ਼ਿਕੂਤੀਮੀ–ਲੇ ਫਿਓਰਡ ਤੋਂ ਆਪਣਾ ਉਮੀਦਵਾਰ ਬਣਾਇਆ ਹੈ।ਦੂਜੇ ਪਾਸੇ ਕਨਜ਼ਰਵੇਟਿਵ ਪਾਰਟੀ ਨੇ ਸਟੀਫਨ ਕਰਰਨ ਨੂੰ ਨਾਰਥ ਵੈਨਕੂਵਰ–ਕੈਪਿਲਾਨੋ ਅਤੇ ਰੇਜਿਸ ਗੋਦਰੋ ਨੂੰ ਸ਼ਿਕੂਤੀਮੀ–ਲੇ ਫਿਓਰਡ ਤੋਂ ਮੈਦਾਨ ਵਿੱਚ ਉਤਾਰਿਆ ਹੈ।ਬਲਾਕ ਕਿਊਬੈਕਵਾਂ ਨੇ ਕੈਰੋਲਿਨ ਡਿਊਬੇ ਨੂੰ ਸ਼ਿਕੂਤੀਮੀ–ਲੇ ਫਿਓਰਡ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ, ਜਦਕਿ ਐਨ.ਡੀ.ਪੀ. ਨੇ ਕਿਹਾ ਹੈ ਕਿ ਉਹ ਜਲਦ ਹੀ ਆਪਣੇ ਉਮੀਦਵਾਰਾਂ ਦੇ ਨਾਂ ਜਾਰੀ ਕਰੇਗੀ। ਇਸੇ ਦੌਰਾਨ ਗ੍ਰੀਨ ਪਾਰਟੀ ਨੇ ਸ਼ੈਲੀ ਲੂਸ ਨੂੰ ਨਾਰਥ ਵੈਨਕੂਵਰ–ਕੈਪਿਲਾਨੋ ਤੋਂ ਉਮੀਦਵਾਰ ਬਣਾਇਆ ਹੈ।
















