ਓਟਾਵਾ ਦੇ ਪਾਰਕਾਂ ’ਚ 100 ਤੋਂ ਵੱਧ ਅਣਪਛਾਤੀਆਂ ਗੋਲੀਆਂ ਮਿਲਣ ਨਾਲ ਪੁਲਿਸ ਦੀ ਜਾਂਚ

ਓਟਾਵਾ ਦੇ ਪਾਰਕਾਂ ’ਚ 100 ਤੋਂ ਵੱਧ ਅਣਪਛਾਤੀਆਂ ਗੋਲੀਆਂ ਮਿਲਣ ਨਾਲ ਪੁਲਿਸ ਦੀ ਜਾਂਚ

ਓਟਾਵਾ: ਕੈਨੇਡਾ ਦੇ ਓਟਾਵਾ ਸ਼ਹਿਰ ਵਿੱਚ ਦੋ ਪਾਰਕਾਂ ’ਚ 100 ਤੋਂ ਵੱਧ ਅਣਪਛਾਤੀਆਂ ਗੋਲੀਆਂ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਓਟਾਵਾ ਪੁਲਿਸ ਮੁਤਾਬਕ ਸ਼ਨੀਵਾਰ ਸਵੇਰੇ ਕਰੀਬ 11 ਵਜੇ ਬਲੂ ਵਿਲੋ ਪਾਰਕ ਵਿੱਚ ਗੋਲੀਆਂ ਖਿੱਲਰੀਆਂ ਹੋਣ ਦੀ ਸੂਚਨਾ ਮਿਲੀ। ਇਹ ਪਾਰਕ ਲੌਂਗਲੀਫ ਡਰਾਈਵ ਇਲਾਕੇ ਵਿੱਚ ਸਥਿਤ ਹੈ।ਪੁਲਿਸ ਮੌਕੇ ’ਤੇ ਪਹੁੰਚੀ ਤਾਂ ਵੱਖ-ਵੱਖ ਆਕਾਰ ਅਤੇ ਰੰਗਾਂ ਦੀਆਂ ਗੋਲੀਆਂ ਝਾੜੀਆਂ, ਦਰੱਖਤਾਂ ਅਤੇ ਘਾਹ ਵਿੱਚ ਪਈਆਂ ਮਿਲੀਆਂ। ਕੁਝ ਗੋਲੀਆਂ ਅਖਰੋਟਾਂ ਦੇ ਛਿਲਕਿਆਂ ਅੰਦਰ ਵੀ ਲੁਕਾਈਆਂ ਹੋਈਆਂ ਸਨ।

ਇਸ ਤੋਂ ਬਾਅਦ ਐਤਵਾਰ ਨੂੰ ਸਿਲਵਰਬਰਚ ਸਟਰੀਟ ਸਥਿਤ ਇੱਕ ਹੋਰ ਪਾਰਕ ਵਿੱਚ ਵੀ ਕੁਝ ਸ਼ੱਕੀ ਗੋਲੀਆਂ ਮਿਲੀਆਂ।ਦੋਵਾਂ ਥਾਵਾਂ ਤੋਂ ਕੁੱਲ 100 ਤੋਂ ਵੱਧ ਗੋਲੀਆਂ ਕਬਜ਼ੇ ਵਿੱਚ ਲਈਆਂ ਗਈਆਂ ਹਨ। ਪੁਲਿਸ ਵੱਲੋਂ ਹੁਣ ਇਨ੍ਹਾਂ ਗੋਲੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਨ੍ਹਾਂ ਵਿੱਚ ਕਿਹੜੇ ਪਦਾਰਥ ਮੌਜੂਦ ਹਨ।ਪੁਲਿਸ ਨੇ ਦੋਵਾਂ ਪਾਰਕਾਂ ਵਿੱਚ ਜਾਣ ਵਾਲੇ ਮਾਪਿਆਂ, ਬੱਚਿਆਂ ਦੀ ਦੇਖਭਾਲ ਕਰਨ ਵਾਲਿਆਂ ਅਤੇ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।ਪੁਲਿਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਜਨਤਕ ਥਾਂ ’ਤੇ ਕੋਈ ਸ਼ੱਕੀ ਗੋਲੀ ਜਾਂ ਅਣਜਾਣ ਪਦਾਰਥ ਮਿਲੇ ਤਾਂ ਉਸਨੂੰ ਹੱਥ ਨਾ ਲਗਾਇਆ ਜਾਵੇ ਅਤੇ ਨਾ ਹੀ ਚੁੱਕਿਆ ਜਾਵੇ।ਅਜਿਹੀ ਚੀਜ਼ ਮਿਲਣ ’ਤੇ ਉਸੇ ਥਾਂ ਤੋਂ ਦੂਰ ਰਹਿਣ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਗਈ ਹੈ।ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਇਲਾਕੇ ਵਿੱਚ ਹੋਰ ਤਲਾਸ਼ੀ ਵੀ ਲਈ ਜਾ ਰਹੀ ਹੈ।