ਐਡਮੰਟਨ ਦੇ ਮੇਅਰ ਦੇ ਚੀਫ਼ ਆਫ਼ ਸਟਾਫ਼ ਬਲੇਕ ਡੇਸਜਾਰਲੈਸ ਨੇ ਤਿੰਨ ਮਹੀਨਿਆਂ ਬਾਅਦ ਦਿੱਤਾ ਅਸਤੀਫ਼ਾ

ਐਡਮੰਟਨ ਦੇ ਮੇਅਰ ਦੇ ਚੀਫ਼ ਆਫ਼ ਸਟਾਫ਼ ਬਲੇਕ ਡੇਸਜਾਰਲੈਸ ਨੇ ਤਿੰਨ ਮਹੀਨਿਆਂ ਬਾਅਦ ਦਿੱਤਾ ਅਸਤੀਫ਼ਾ

ਐਡਮੰਟਨ-ਐਡਮੰਟਨ ਦੇ ਮੇਅਰ Andrew Knack ਦੇ ਚੀਫ਼ ਆਫ਼ ਸਟਾਫ਼ Blake Desjarlais ਨੇ ਅਹੁਦਾ ਸੰਭਾਲਣ ਤੋਂ ਸਿਰਫ਼ ਤਿੰਨ ਮਹੀਨਿਆਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।ਸ਼ਹਿਰ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿੱਚ ਬਲੇਕ ਡੇਸਜਾਰਲੈਸ ਨੇ ਕਿਹਾ ਕਿ ਇਹ ਫ਼ੈਸਲਾ ਮੇਅਰ ਐਂਡਰੂ ਨੈਕ ਨਾਲ ਵਿਚਾਰ-ਵਟਾਂਦਰੇ ਅਤੇ ਡੂੰਘੇ ਮਨਨ ਤੋਂ ਬਾਅਦ ਆਪਸੀ ਸਹਿਮਤੀ ਨਾਲ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੇਵਾ ਕਰਨਾ ਉਨ੍ਹਾਂ ਦੇ ਕਰੀਅਰ ਦਾ ਇੱਕ ਵੱਡਾ ਸਨਮਾਨ ਰਿਹਾ ਹੈ ਅਤੇ ਇਸ ਦੌਰਾਨ ਮਿਲੇ ਤਜਰਬਿਆਂ ਅਤੇ ਲੋਕਾਂ ਨਾਲ ਜੁੜੀਆਂ ਯਾਦਾਂ ਨੂੰ ਉਹ ਹਮੇਸ਼ਾ ਸੰਭਾਲ ਕੇ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਮੇਅਰ ਅਤੇ ਸਿਟੀ ਕੌਂਸਲ ਪ੍ਰਤੀ ਪੂਰਾ ਸਤਿਕਾਰ ਰੱਖਦੇ ਹਨ ਅਤੇ ਵਿਸ਼ਵਾਸ ਕਰਦੇ ਹਨ ਕਿ ਉਹ ਸ਼ਹਿਰ ਦੇ ਵਿਕਾਸ ਲਈ ਆਪਣਾ ਕੰਮ ਜਾਰੀ ਰੱਖਣਗੇ।

ਡੇਸਜਾਰਲੈਸ ਨੇ ਆਪਣੇ ਅਸਤੀਫ਼ੇ ਦਾ ਕੋਈ ਖ਼ਾਸ ਕਾਰਨ ਨਹੀਂ ਦੱਸਿਆ ਅਤੇ ਨਾ ਹੀ ਇਹ ਸਪੱਸ਼ਟ ਕੀਤਾ ਕਿ ਉਹ ਅੱਗੇ ਕੀ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਆਪਣੇ ਬਜ਼ੁਰਗਾਂ ਅਤੇ ਭਾਈਚਾਰੇ ਤੋਂ ਮਿਲੀਆਂ ਸਿੱਖਿਆਵਾਂ ਅਨੁਸਾਰ ਕੰਮ ਕੀਤਾ ਹੈ ਅਤੇ ਹਰ ਕੰਮ ਦਾ ਇੱਕ ਸਮਾਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੇਅਰ ਦੇ ਦਫ਼ਤਰ ਵਿੱਚ ਉਨ੍ਹਾਂ ਦਾ ਸਮਾਂ ਖ਼ਤਮ ਹੋ ਰਿਹਾ ਹੈ, ਪਰ ਹਰ ਸੂਰਜ ਡੁੱਬਣ ਤੋਂ ਬਾਅਦ ਇੱਕ ਨਵੀਂ ਸਵੇਰ ਵੀ ਆਉਂਦੀ ਹੈ।

ਮੇਅਰ ਐਂਡਰੂ ਨੈਕ ਨੇ ਵੀ ਡੇਸਜਾਰਲੈਸ ਦੀ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਬਲੇਕ ਅੱਗੇ ਵੀ ਐਡਮੰਟਨ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।ਜ਼ਿਕਰਯੋਗ ਹੈ ਕਿ ਬਲੇਕ ਡੇਸਜਾਰਲੈਸ ਨੇ ਅਪ੍ਰੈਲ 2026 ਵਿੱਚ ਮੇਅਰ ਦੇ ਚੀਫ਼ ਆਫ਼ ਸਟਾਫ਼ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ 2021 ਤੋਂ 2025 ਤੱਕ ਐਡਮੰਟਨ ਗ੍ਰੀਜ਼ਬੈਕ ਹਲਕੇ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ।