ਏਆਈ ਤਕਨੀਕ ਨਾਲ ਅਲਬਰਟਾ ਵਿੱਚ ਐੱਮਆਰਆਈ ਜਾਂਚਾਂ ਦੀ ਸਮਰੱਥਾ 20 ਫ਼ੀਸਦੀ ਵਧੇਗੀ
Alberta is investing nearly $14 million in Health Canada-approved AI technology to increase MRI capacity by 20% and provide more than 41,000 additional scans annually.
ਅਲਬਰਟਾ -ਅਲਬਰਟਾ ਸਰਕਾਰ ਸਿਹਤ ਸੇਵਾਵਾਂ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਤਕਨੀਕ ਦੀ ਵਰਤੋਂ ਵਧਾਉਣ ਲਈ ਲਗਭਗ 1.4 ਕਰੋੜ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਇਸ ਯੋਜਨਾ ਤਹਿਤ ਐੱਮਆਰਆਈ (MRI) ਜਾਂਚਾਂ ਦੀ ਸਮਰੱਥਾ ਵਿੱਚ 20 ਫ਼ੀਸਦੀ ਵਾਧਾ ਕੀਤਾ ਜਾਵੇਗਾ ਅਤੇ ਹਰ ਸਾਲ 41 ਹਜ਼ਾਰ ਤੋਂ ਵੱਧ ਵਾਧੂ ਸਕੈਨ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਨਾਲ ਮਰੀਜ਼ਾਂ ਨੂੰ ਜਾਂਚ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਆਸਾਨ ਹੋਵੇਗੀ।
ਅਲਬਰਟਾ ਸਰਕਾਰ ਅਤੇ ਐਕਿਊਟ ਕੇਅਰ ਅਲਬਰਟਾ ਵੱਲੋਂ ਹੈਲਥ ਕੈਨੇਡਾ ਤੋਂ ਮਨਜ਼ੂਰਸ਼ੁਦਾ ਨਵੀਂ ਏਆਈ ਤਕਨੀਕ ਨੂੰ ਸੂਬੇ ਦੇ ਹਸਪਤਾਲਾਂ ਵਿੱਚ ਮੌਜੂਦਾ ਐੱਮਆਰਆਈ ਮਸ਼ੀਨਾਂ ਨਾਲ ਜੋੜਿਆ ਜਾ ਰਿਹਾ ਹੈ। ਇਹ ਤਕਨੀਕ ਜਾਂਚ ਦੌਰਾਨ ਤਸਵੀਰਾਂ ਦੀ ਗੁਣਵੱਤਾ ਅਤੇ ਸਪੱਸ਼ਟਤਾ ਵਿੱਚ ਸੁਧਾਰ ਕਰਦੀ ਹੈ ਅਤੇ ਸਕੈਨ ਕਰਨ ਵਿੱਚ ਲੱਗਣ ਵਾਲਾ ਸਮਾਂ ਘਟਾਉਂਦੀ ਹੈ। ਇਸ ਨਾਲ ਸਿਹਤ ਕਰਮਚਾਰੀ ਹਰ ਰੋਜ਼ ਵੱਧ ਮਰੀਜ਼ਾਂ ਦੀ ਜਾਂਚ ਕਰ ਸਕਣਗੇ।
ਹਸਪਤਾਲ ਅਤੇ ਸਰਜੀਕਲ ਸਿਹਤ ਸੇਵਾਵਾਂ ਬਾਰੇ ਮੰਤਰੀ ਐਡਰੀਆਨਾ ਲਾਗਰੇਂਜ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਮਰੀਜ਼ਾਂ ਨੂੰ ਲੋੜੀਂਦੀਆਂ ਜਾਂਚ ਸੇਵਾਵਾਂ ਜਲਦੀ ਮੁਹੱਈਆ ਕਰਵਾਉਣਾ ਹੈ। ਪਿਛਲੇ ਸਾਲ ਸੂਬੇ ਵਿੱਚ ਰਿਕਾਰਡ ਗਿਣਤੀ ਵਿੱਚ ਐੱਮਆਰਆਈ ਜਾਂਚਾਂ ਕੀਤੀਆਂ ਗਈਆਂ ਸਨ ਅਤੇ ਨਵਾਂ ਨਿਵੇਸ਼ ਇਸ ਸਮਰੱਥਾ ਨੂੰ ਹੋਰ ਵਧਾਏਗਾ।
ਐਕਿਊਟ ਕੇਅਰ ਅਲਬਰਟਾ ਦੀ ਅੰਤਰਿਮ ਮੁੱਖ ਕਾਰਜਕਾਰੀ ਅਧਿਕਾਰੀ ਡਾ. ਸਾਯੇਹ ਜ਼ੀਲਕੇ ਨੇ ਕਿਹਾ ਕਿ ਵਧਦੀ ਮੰਗ ਦੇ ਮੱਦੇਨਜ਼ਰ ਸਿਹਤ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਜ਼ਰੂਰੀ ਹੈ। ਨਵੀਂ ਤਕਨੀਕ ਰਾਹੀਂ ਮੌਜੂਦਾ ਐੱਮਆਰਆਈ ਮਸ਼ੀਨਾਂ ਦੀ ਬਿਹਤਰ ਵਰਤੋਂ ਕੀਤੀ ਜਾ ਸਕੇਗੀ ਅਤੇ ਜਾਂਚਾਂ ਦੀ ਗੁਣਵੱਤਾ ਵੀ ਬਰਕਰਾਰ ਰਹੇਗੀ।
ਅਪ੍ਰੈਲ 2025 ਵਿੱਚ ਸ਼ੁਰੂ ਕੀਤੇ ਗਏ ਪਾਇਲਟ ਪ੍ਰਾਜੈਕਟ ਤਹਿਤ ਅਲਬਰਟਾ ਦੇ 10 ਐੱਮਆਰਆਈ ਸਕੈਨਰਾਂ ਵਿੱਚ ਇਹ ਤਕਨੀਕ ਲਗਾਈ ਗਈ ਸੀ। ਇਸ ਦੀ ਮਦਦ ਨਾਲ ਹੁਣ ਤੱਕ ਲਗਭਗ 12 ਹਜ਼ਾਰ ਵਾਧੂ ਸਕੈਨ ਕੀਤੇ ਜਾ ਚੁੱਕੇ ਹਨ। ਇਸ ਸਫ਼ਲਤਾ ਤੋਂ ਬਾਅਦ ਸਰਕਾਰ ਨੇ ਇਸ ਤਕਨੀਕ ਦਾ ਪੂਰੇ ਸੂਬੇ ਵਿੱਚ ਵਿਸਥਾਰ ਕਰਨ ਦਾ ਫ਼ੈਸਲਾ ਕੀਤਾ ਹੈ।
ਸਰਕਾਰੀ ਅੰਕੜਿਆਂ ਅਨੁਸਾਰ 2025-26 ਦੌਰਾਨ ਅਲਬਰਟਾ ਵਿੱਚ ਰਿਕਾਰਡ ਗਿਣਤੀ ਵਿੱਚ ਸਰਕਾਰੀ ਫੰਡਾਂ ਨਾਲ ਡਾਇਗਨੌਸਟਿਕ ਜਾਂਚਾਂ ਕੀਤੀਆਂ ਗਈਆਂ। ਇਨ੍ਹਾਂ ਵਿੱਚ 2.80 ਲੱਖ ਤੋਂ ਵੱਧ ਐੱਮਆਰਆਈ ਸਕੈਨ, ਲਗਭਗ 7 ਲੱਖ ਸੀਟੀ ਸਕੈਨ ਅਤੇ 18.5 ਲੱਖ ਤੋਂ ਵੱਧ ਐਕਸ-ਰੇ ਜਾਂਚਾਂ ਸ਼ਾਮਲ ਹਨ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨਵੀਂ ਏਆਈ ਤਕਨੀਕ ਮਰੀਜ਼ਾਂ ਦੇ ਨਿੱਜੀ ਰਿਕਾਰਡ, ਜਾਂਚ ਦੀਆਂ ਤਸਵੀਰਾਂ ਜਾਂ ਹੋਰ ਨਿੱਜੀ ਜਾਣਕਾਰੀ ਬਾਹਰੀ ਨੈੱਟਵਰਕਾਂ ਨਾਲ ਸਾਂਝੀ ਨਹੀਂ ਕਰਦੀ। ਸਾਰੀ ਜਾਣਕਾਰੀ ਅਲਬਰਟਾ ਦੇ ਸਖ਼ਤ ਨਿੱਜਤਾ ਅਤੇ ਸੁਰੱਖਿਆ ਨਿਯਮਾਂ ਅਧੀਨ ਸੁਰੱਖਿਅਤ ਰਹੇਗੀ। ਇਸ ਯੋਜਨਾ ਨੂੰ 2028 ਤੱਕ ਪੂਰੀ ਤਰ੍ਹਾਂ ਲਾਗੂ ਕਰਨ ਦਾ ਟੀਚਾ ਹੈ।














