ਉੱਤਰੀ-ਪੱਛਮੀ ਇਲਾਕਿਆਂ ’ਚ ਮੌਸਮੀ ਸਮਾਂ ਬਦਲਣ ਦੀ ਪ੍ਰਥਾ ਖ਼ਤਮ, ਸਾਲ ਭਰ ਰਹੇਗਾ ਡੇਲਾਈਟ ਟਾਈਮ
The Northwest Territories government has officially ended seasonal clock changes and will keep its new permanent Northwest Territories time year-round. Residents will not turn their clocks back by one hour on Nov. 1.
ਯੈਲੋਨਾਈਫ਼-ਕੈਨੇਡਾ ਦੇ ਉੱਤਰੀ-ਪੱਛਮੀ ਇਲਾਕਿਆਂ (N.W.T.) ਦੀ ਸਰਕਾਰ ਨੇ ਮੌਸਮ ਦੇ ਹਿਸਾਬ ਨਾਲ ਸਾਲ ਵਿੱਚ ਦੋ ਵਾਰ ਘੜੀਆਂ ਦਾ ਸਮਾਂ ਬਦਲਣ ਦੀ ਪ੍ਰਥਾ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਹੁਣ ਇਲਾਕੇ ਵਿੱਚ ਨਵਾਂ ਸਥਾਈ ਸਮਾਂ-ਮਾਪਦੰਡ ‘ਨਾਰਥਵੈਸਟ ਟੈਰੀਟਰੀਜ਼ ਟਾਈਮ’ ਸਾਲ ਭਰ ਲਾਗੂ ਰਹੇਗਾ।ਸਰਕਾਰ ਮੁਤਾਬਕ 1 ਨਵੰਬਰ ਨੂੰ ਘੜੀਆਂ ਨੂੰ ਇੱਕ ਘੰਟਾ ਪਿੱਛੇ ਕਰਨ ਦੀ ਲੋੜ ਨਹੀਂ ਪਵੇਗੀ, ਜਿਵੇਂ ਕਿ ਮੌਸਮੀ ਸਮਾਂ ਬਦਲਣ ਦੀ ਮੌਜੂਦਾ ਪ੍ਰਥਾ ਤਹਿਤ ਹੁੰਦਾ ਸੀ। ਨਵੀਂ ਵਿਵਸਥਾ ਤੋਂ ਬਾਅਦ ਨਾਰਥਵੈਸਟ ਟੈਰੀਟਰੀਜ਼ ਦਾ ਸਮਾਂ ਅਲਬਰਟਾ ਅਤੇ ਸਸਕੈਚਵਨ ਦੇ ਸਮੇਂ ਨਾਲ ਇੱਕੋ ਜਿਹਾ ਰਹੇਗਾ।
ਸਰਕਾਰ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕਾਂ ਲਈ ਇਹ ਬਦਲਾਅ ਸੌਖਾ ਰਹੇਗਾ। ਨਵੇਂ ਸਾਫ਼ਟਵੇਅਰ ਵਾਲੇ ਇਲੈਕਟ੍ਰਾਨਿਕ ਉਪਕਰਨਾਂ ਵਿੱਚ ਸਿਸਟਮ ਪ੍ਰਦਾਤਾਵਾਂ ਵੱਲੋਂ ਸਮਾਂ-ਖੇਤਰ ਸਬੰਧੀ ਅਪਡੇਟ ਜਾਰੀ ਕੀਤੇ ਜਾਣ ਤੋਂ ਬਾਅਦ ਸਮਾਂ ਆਪਣੇ ਆਪ ਬਦਲ ਜਾਣ ਦੀ ਉਮੀਦ ਹੈ।
ਇਹ ਫ਼ੈਸਲਾ 2022 ਵਿੱਚ ਕਰਵਾਏ ਗਏ ਜਨਤਕ ਸਰਵੇਖਣ ਤੋਂ ਬਾਅਦ ਲਿਆ ਗਿਆ ਹੈ। ਸਰਕਾਰ ਮੁਤਾਬਕ ਇਸ ਸਰਵੇਖਣ ਵਿੱਚ 3500 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਸੀ ਅਤੇ 87 ਫ਼ੀਸਦੀ ਤੋਂ ਵੱਧ ਲੋਕਾਂ ਨੇ ਸਾਲ ਵਿੱਚ ਦੋ ਵਾਰ ਘੜੀਆਂ ਦਾ ਸਮਾਂ ਬਦਲਣ ਦੀ ਪ੍ਰਥਾ ਖ਼ਤਮ ਕਰਨ ਦੇ ਹੱਕ ਵਿੱਚ ਰਾਏ ਦਿੱਤੀ ਸੀ।ਸਰਵੇਖਣ ਵਿੱਚ ਲੋਕਾਂ ਵੱਲੋਂ ਸਭ ਤੋਂ ਵੱਧ ਸਾਲ ਭਰ ਮਾਊਂਟੇਨ ਡੇਲਾਈਟ ਟਾਈਮ ਜਾਰੀ ਰੱਖਣ ਦੀ ਪਸੰਦ ਜ਼ਾਹਰ ਕੀਤੀ ਗਈ ਸੀ, ਜੋ ਹੁਣ ਲਾਗੂ ਕੀਤੇ ਜਾ ਰਹੇ ਨਵੇਂ ਸਮਾਂ-ਖੇਤਰ ਨਾਲ ਮੇਲ ਖਾਂਦੀ ਹੈ।
ਨਾਰਥਵੈਸਟ ਟੈਰੀਟਰੀਜ਼ ਦੇ ਪ੍ਰੀਮੀਅਰ ਆਰ.ਜੇ. ਸਿੰਪਸਨ ਨੇ ਕਿਹਾ ਕਿ ਮੌਸਮੀ ਸਮਾਂ ਬਦਲਣ ਦੀ ਪ੍ਰਥਾ ਖ਼ਤਮ ਕਰਨਾ ਲੋਕਾਂ ਦੀ ਮੰਗ ਅਨੁਸਾਰ ਕੀਤਾ ਗਿਆ ਫ਼ੈਸਲਾ ਹੈ। ਉਨ੍ਹਾਂ ਮੁਤਾਬਕ ਇਸ ਨਾਲ ਇਲਾਕੇ ਦੇ ਲੋਕਾਂ, ਪਰਿਵਾਰਾਂ, ਸੰਸਥਾਵਾਂ ਅਤੇ ਕਾਰੋਬਾਰਾਂ ਲਈ ਸਮੇਂ ਵਿੱਚ ਵਧੇਰੇ ਇਕਸਾਰਤਾ ਰਹੇਗੀ।
















