ਇੰਗਲੈਂਡ ਦੀ ਉਛਾਲ ਭਰੀਆਂ ਪਿੱਚਾਂ ਅੱਗੇ ਭਾਰਤੀ ਬੱਲੇਬਾਜ਼ੀ ਬੇਅਸਰ, 4-0 ਨਾਲ ਸੀਰੀਜ਼ ਗੁਆਉਣ ਤੋਂ ਬਾਅਦ ਉੱਠੇ ਸਵਾਲ

ਇੰਗਲੈਂਡ ਦੀ ਉਛਾਲ ਭਰੀਆਂ ਪਿੱਚਾਂ ਅੱਗੇ ਭਾਰਤੀ ਬੱਲੇਬਾਜ਼ੀ ਬੇਅਸਰ, 4-0 ਨਾਲ ਸੀਰੀਜ਼ ਗੁਆਉਣ ਤੋਂ ਬਾਅਦ ਉੱਠੇ ਸਵਾਲ

ਲੰਡਨ: ਇੰਗਲੈਂਡ ਖ਼ਿਲਾਫ਼ ਟੀ-20 ਸੀਰੀਜ਼ ਵਿੱਚ 4-0 ਦੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਟੀਮ ਦੀ ਬੱਲੇਬਾਜ਼ੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਕ੍ਰਿਕਟ ਮਾਹਿਰਾਂ ਦਾ ਮੰਨਣਾ ਹੈ ਕਿ ਆਈਪੀਐੱਲ ਦੀਆਂ ਸਮਤਲ ਪਿੱਚਾਂ 'ਤੇ ਹਮਲਾਵਰ ਬੱਲੇਬਾਜ਼ੀ ਕਰਨ ਦੀ ਆਦਤ ਇੰਗਲੈਂਡ ਦੀਆਂ ਉਛਾਲ ਅਤੇ ਤੇਜ਼ ਗੇਂਦਬਾਜ਼ੀ ਵਾਲੀਆਂ ਪਿੱਚਾਂ 'ਤੇ ਕਾਰਗਰ ਸਾਬਤ ਨਹੀਂ ਹੋਈ।ਸਾਊਥਹੈਂਪਟਨ ਵਿੱਚ ਖੇਡੇ ਗਏ ਆਖ਼ਰੀ ਮੁਕਾਬਲੇ ਵਿੱਚ ਇੰਗਲੈਂਡ ਨੇ ਭਾਰਤ ਨੂੰ ਹਰਾ ਕੇ ਸੀਰੀਜ਼ 4-0 ਨਾਲ ਆਪਣੇ ਨਾਂ ਕਰ ਲਈ। ਇਸ ਦੇ ਨਾਲ ਹੀ ਭਾਰਤ ਨੇ 2022 ਤੋਂ ਕਾਇਮ ਟੀ-20 ਵਿਸ਼ਵ ਨੰਬਰ ਇੱਕ ਰੈਂਕਿੰਗ ਵੀ ਗੁਆ ਦਿੱਤੀ।

ਇੰਗਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਲਗਾਤਾਰ ਸ਼ਾਰਟ ਪਿੱਚ ਗੇਂਦਾਂ ਅਤੇ ਵਾਧੂ ਉਛਾਲ ਦਾ ਫ਼ਾਇਦਾ ਚੁੱਕਦਿਆਂ ਭਾਰਤੀ ਬੱਲੇਬਾਜ਼ਾਂ ਨੂੰ ਦਬਾਅ ਵਿੱਚ ਰੱਖਿਆ। ਪੂਰੀ ਸੀਰੀਜ਼ ਦੌਰਾਨ ਇੰਗਲੈਂਡ ਦੇ ਪੇਸਰਾਂ ਨੇ ਸ਼ਾਰਟ ਗੇਂਦਾਂ 'ਤੇ 12 ਵਿਕਟਾਂ ਹਾਸਲ ਕੀਤੀਆਂ, ਜੋ ਉਨ੍ਹਾਂ ਦੀ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਸੀ।ਪਾਵਰ-ਹਿਟਿੰਗ ਕੋਚ ਜੂਲੀਅਨ ਵੁੱਡ ਨੇ ਕਿਹਾ ਕਿ ਭਾਰਤੀ ਬੱਲੇਬਾਜ਼ਾਂ ਵਿੱਚ ਕਾਬਲੀਅਤ ਦੀ ਕਮੀ ਨਹੀਂ, ਸਗੋਂ ਹਾਲਾਤਾਂ ਅਨੁਸਾਰ ਆਪਣੀ ਤਕਨੀਕ ਬਦਲਣ ਦੀ ਘਾਟ ਨਜ਼ਰ ਆਈ। ਉਨ੍ਹਾਂ ਕਿਹਾ ਕਿ ਆਈਪੀਐੱਲ ਵਿੱਚ ਗੇਂਦ ਅਕਸਰ ਕਮਰ ਦੀ ਉਚਾਈ 'ਤੇ ਆਉਂਦੀ ਹੈ, ਜਦਕਿ ਇੰਗਲੈਂਡ ਵਿੱਚ ਵਾਧੂ ਉਛਾਲ ਕਾਰਨ ਉਹੀ ਸ਼ਾਟ ਖੇਡਣਾ ਮੁਸ਼ਕਲ ਹੋ ਜਾਂਦਾ ਹੈ।

ਵੁੱਡ ਨੇ ਕਿਹਾ ਕਿ ਜੋਫਰਾ ਆਰਚਰ ਅਤੇ ਜੋਸ਼ ਟੰਗ ਵਰਗੇ ਗੇਂਦਬਾਜ਼ਾਂ ਨੇ ਪਿੱਚ ਤੋਂ ਵਾਧੂ ਉਛਾਲ ਲੈ ਕੇ ਭਾਰਤੀ ਬੱਲੇਬਾਜ਼ਾਂ ਨੂੰ ਕਰਾਸ-ਬੈਟ ਸ਼ਾਟ ਖੇਡਣ ਲਈ ਮਜਬੂਰ ਕੀਤਾ, ਜਿਸ ਦਾ ਉਨ੍ਹਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ।

ਪੂਰੀ ਸੀਰੀਜ਼ ਦੌਰਾਨ ਇੰਗਲੈਂਡ ਨੇ ਵੱਖ-ਵੱਖ ਰਣਨੀਤੀਆਂ ਅਪਣਾਈਆਂ। ਕਦੇ ਸ਼ਾਰਟ ਗੇਂਦਾਂ, ਕਦੇ ਸਪਿਨ ਅਤੇ ਕਦੇ ਹੌਲੀ ਬਾਊਂਸਰਾਂ ਰਾਹੀਂ ਭਾਰਤੀ ਬੱਲੇਬਾਜ਼ਾਂ ਨੂੰ ਫਸਾਇਆ ਗਿਆ। ਭਾਰਤ ਦੇ ਬੱਲੇਬਾਜ਼ ਇਨ੍ਹਾਂ ਬਦਲਦੀਆਂ ਸਥਿਤੀਆਂ ਮੁਤਾਬਕ ਆਪਣੀ ਖੇਡ ਵਿੱਚ ਲੋੜੀਂਦਾ ਬਦਲਾਅ ਨਹੀਂ ਕਰ ਸਕੇ।ਹਾਲਾਂਕਿ ਕਪਤਾਨ ਸ਼੍ਰੇਅਸ ਅਈਅਰ ਨੇ ਕੁਝ ਮੈਚਾਂ ਵਿੱਚ ਵਧੀਆ ਬੱਲੇਬਾਜ਼ੀ ਕੀਤੀ, ਪਰ ਦੂਜੇ ਬੱਲੇਬਾਜ਼ ਉਨ੍ਹਾਂ ਦਾ ਸਾਥ ਨਹੀਂ ਦੇ ਸਕੇ। ਸੀਰੀਜ਼ ਤੋਂ ਬਾਅਦ ਅਈਅਰ ਨੇ ਵੀ ਮੰਨਿਆ ਕਿ ਟੀਮ ਨੇ ਲਗਾਤਾਰ ਵਿਕਟਾਂ ਗੁਆਈਆਂ ਅਤੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਸਾਂਝੇਦਾਰੀਆਂ ਬਣਾਉਣ ਦੀ ਬਜਾਏ ਜਲਦਬਾਜ਼ੀ ਵਿੱਚ ਹਮਲਾਵਰ ਸ਼ਾਟ ਖੇਡੇ।

ਕ੍ਰਿਕਟ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਵਿਦੇਸ਼ੀ ਹਾਲਾਤਾਂ ਵਿੱਚ ਸਫ਼ਲਤਾ ਲਈ ਆਪਣੀ ਬੱਲੇਬਾਜ਼ੀ ਵਿੱਚ ਇੱਕ ਤੋਂ ਵੱਧ ਰਣਨੀਤੀਆਂ ਵਿਕਸਤ ਕਰਨੀਆਂ ਪੈਣਗੀਆਂ। ਸਿਰਫ਼ ਆਈਪੀਐੱਲ ਵਾਲੀ ਹਮਲਾਵਰ ਸ਼ੈਲੀ 'ਤੇ ਨਿਰਭਰ ਰਹਿਣਾ ਹਰ ਹਾਲਾਤ ਵਿੱਚ ਸਫ਼ਲਤਾ ਦੀ ਗਾਰੰਟੀ ਨਹੀਂ ਹੈ।