ਇਜ਼ਰਾਈਲ ਚੋਣਾਂ: ਨੇਤਨਯਾਹੂ ਦਾ ਗੱਠਜੋੜ ਅੱਗੇ, ਪਰ ਬਹੁਮਤ ਤੋਂ ਦੂਰ
Exit polls in Israel’s general election project Prime Minister Benjamin Netanyahu’s bloc winning 52 seats, compared with 49 for the opposition bloc led by Gadi Eisenkot. Neither side is projected to secure the 61 seats needed for a majority in the 120-member parliament.
ਇਜ਼ਰਾਈਲ-ਇਜ਼ਰਾਈਲ ਦੀਆਂ ਆਮ ਚੋਣਾਂ ਦੇ ਸ਼ੁਰੂਆਤੀ ਐਗਜ਼ਿਟ ਪੋਲਾਂ ਵਿੱਚ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਵਾਲਾ ਗੱਠਜੋੜ ਵਿਰੋਧੀ ਧਿਰ ਨਾਲੋਂ ਅੱਗੇ ਦਿਖਾਈ ਦੇ ਰਿਹਾ ਹੈ, ਪਰ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਹਾਸਲ ਹੁੰਦਾ ਨਜ਼ਰ ਨਹੀਂ ਆ ਰਿਹਾ। ਐਗਜ਼ਿਟ ਪੋਲਾਂ ਮੁਤਾਬਕ ਨੇਤਨਯਾਹੂ ਦੇ ਗੱਠਜੋੜ ਨੂੰ 52 ਅਤੇ ਵਿਰੋਧੀ ਆਗੂ ਗਾਦੀ ਆਇਜ਼ਨਕੋਟ ਦੀ ਅਗਵਾਈ ਵਾਲੇ ਗੱਠਜੋੜ ਨੂੰ 49 ਸੀਟਾਂ ਮਿਲਣ ਦਾ ਅਨੁਮਾਨ ਹੈ।
ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ 27 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ, ਜਦਕਿ ਆਇਜ਼ਨਕੋਟ ਦੀ ਯਸ਼ਰ ਪਾਰਟੀ ਨੂੰ 21 ਸੀਟਾਂ ਮਿਲ ਸਕਦੀਆਂ ਹਨ। ਇਜ਼ਰਾਈਲ ਦੀ 120 ਮੈਂਬਰੀ ਸੰਸਦ ਵਿੱਚ ਸਰਕਾਰ ਬਣਾਉਣ ਲਈ 61 ਸੀਟਾਂ ਦੀ ਲੋੜ ਹੁੰਦੀ ਹੈ। ਇਸ ਕਾਰਨ ਚੋਣ ਨਤੀਜਿਆਂ ਤੋਂ ਬਾਅਦ ਸਰਕਾਰ ਬਣਾਉਣ ਲਈ ਹੋਰਨਾਂ ਪਾਰਟੀਆਂ ਦਾ ਸਮਰਥਨ ਅਹਿਮ ਹੋਵੇਗਾ।
ਹਾਲਾਂਕਿ, ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਅੰਕੜਿਆਂ ਵਿੱਚ ਵੱਖਰੀ ਤਸਵੀਰ ਸਾਹਮਣੇ ਆਈ ਹੈ। ਭਾਰਤੀ ਸਮੇਂ ਅਨੁਸਾਰ ਸਵੇਰੇ 7:30 ਵਜੇ ਤੱਕ 25.2 ਫ਼ੀਸਦੀ ਵੋਟਾਂ ਦੀ ਗਿਣਤੀ ਮਗਰੋਂ ਕੇਂਦਰੀ ਚੋਣ ਕਮੇਟੀ ਦੇ ਅੰਕੜਿਆਂ ਅਨੁਸਾਰ ਨੇਤਨਯਾਹੂ ਪੱਖੀ ਗੱਠਜੋੜ ਨੂੰ 63 ਅਤੇ ਵਿਰੋਧੀ ਗੱਠਜੋੜ ਨੂੰ 49 ਸੀਟਾਂ ਮਿਲਦੀਆਂ ਦਿਖਾਈਆਂ ਗਈਆਂ। ਅਰਬ ਪਾਰਟੀਆਂ ਦੇ ਸਾਂਝੇ ਗੱਠਜੋੜ ਕੋਲ ਬਾਕੀ ਅੱਠ ਸੀਟਾਂ ਹੋਣ ਦਾ ਅਨੁਮਾਨ ਸੀ। ਵੋਟਾਂ ਦੀ ਗਿਣਤੀ ਜਾਰੀ ਹੋਣ ਕਾਰਨ ਇਹ ਅੰਕੜੇ ਬਦਲ ਸਕਦੇ ਹਨ।
ਐਗਜ਼ਿਟ ਪੋਲਾਂ ਮੁਤਾਬਕ ਅਰਬ ਪਾਰਟੀਆਂ ਦੇ ਸਾਂਝੇ ਗੱਠਜੋੜ ਅਤੇ ਰਾਮ ਪਾਰਟੀ ਨੂੰ ਮਿਲਾ ਕੇ 19 ਸੀਟਾਂ ਮਿਲਣ ਦੀ ਸੰਭਾਵਨਾ ਹੈ, ਜੋ ਅਰਬ ਭਾਈਚਾਰੇ ਦੀ ਸੰਸਦ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਨੁਮਾਇੰਦਗੀ ਹੋ ਸਕਦੀ ਹੈ। ਇਨ੍ਹਾਂ ਪਾਰਟੀਆਂ ਨੇ ਨੇਤਨਯਾਹੂ ਨੂੰ ਸੱਤਾ ਤੋਂ ਬਾਹਰ ਕਰਨ ਲਈ ਆਇਜ਼ਨਕੋਟ ਨੂੰ ਕਿਸੇ ਪੱਧਰ ’ਤੇ ਸਮਰਥਨ ਦੇਣ ਦੇ ਸੰਕੇਤ ਦਿੱਤੇ ਹਨ।
ਐਗਜ਼ਿਟ ਪੋਲਾਂ ਤੋਂ ਬਾਅਦ ਨੇਤਨਯਾਹੂ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਸੱਜੇ ਪੱਖੀ ਮਜ਼ਬੂਤ ਸਰਕਾਰ ਬਣਾਉਣ ਦਾ ਵਾਅਦਾ ਕੀਤਾ। ਉਨ੍ਹਾਂ ਅਰਬ ਪਾਰਟੀਆਂ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਵਿਰੋਧ ਕੀਤਾ। ਦੂਜੇ ਪਾਸੇ ਆਇਜ਼ਨਕੋਟ ਨੇ ਨੇਤਨਯਾਹੂ ਨੂੰ ਦੇਸ਼ ਦੀ ਸੁਰੱਖਿਆ ਨੂੰ ਸਿਆਸੀ ਹਿੱਤਾਂ ਲਈ ਵਰਤਣ ਵਿਰੁੱਧ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਸੁਰੱਖਿਆ ਅਦਾਰੇ ਦੇਸ਼ ਲਈ ਕੰਮ ਕਰਦੇ ਹਨ, ਕਿਸੇ ਆਗੂ ਲਈ ਨਹੀਂ।
ਇਹ ਚੋਣਾਂ 7 ਅਕਤੂਬਰ 2023 ਦੇ ਹਮਾਸ ਹਮਲਿਆਂ ਤੋਂ ਬਾਅਦ ਇਜ਼ਰਾਈਲ ਵਿੱਚ ਪਹਿਲੀਆਂ ਆਮ ਚੋਣਾਂ ਹਨ। ਨੇਤਨਯਾਹੂ ਨੂੰ ਹਮਲਿਆਂ ਦੌਰਾਨ ਸੁਰੱਖਿਆ ਪ੍ਰਬੰਧਾਂ ਵਿੱਚ ਨਾਕਾਮੀਆਂ, ਫ਼ਲਸਤੀਨੀਆਂ ਸਬੰਧੀ ਨੀਤੀਆਂ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਇਜ਼ਰਾਈਲ ਦੇ ਵਧਦੇ ਇਕੱਲੇਪਣ ਨੂੰ ਲੈ ਕੇ ਵਿਰੋਧੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਤਿਮ ਨਤੀਜੇ 30 ਅਕਤੂਬਰ ਨੂੰ ਐਲਾਨੇ ਜਾਣ ਦੀ ਉਮੀਦ ਹੈ।














