ਅਲਬਰਟਾ ਸਰਕਾਰ ਵੱਲੋਂ 100 ਡਾਲਰ ਐਨਰਜੀ ਰੀਬੇਟ ਦਾ ਐਲਾਨ, ਫਿਊਲ ਟੈਕਸ ਰਾਹਤ ਯੋਜਨਾ ਹੋਵੇਗੀ ਬੰਦ

ਅਲਬਰਟਾ ਸਰਕਾਰ ਵੱਲੋਂ 100 ਡਾਲਰ ਐਨਰਜੀ ਰੀਬੇਟ ਦਾ ਐਲਾਨ, ਫਿਊਲ ਟੈਕਸ ਰਾਹਤ ਯੋਜਨਾ ਹੋਵੇਗੀ ਬੰਦ

ਐਡਮੰਟਨ-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਸੂਬੇ ਦੇ ਲੱਖਾਂ ਵਸਨੀਕਾਂ ਲਈ 100 ਡਾਲਰ ਦੀ ਨਵੀਂ ਐਨਰਜੀ ਰੀਬੇਟ ਦਾ ਐਲਾਨ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਇੱਕ ਵਾਰ ਦਿੱਤੀ ਜਾਣ ਵਾਲੀ ਸਹਾਇਤਾ ਰਕਮ ਹੈ, ਜਿਸ ਦਾ ਮਕਸਦ ਵਧ ਰਹੀ ਮਹਿੰਗਾਈ ਅਤੇ ਜੀਵਨ-ਯਾਪਨ ਦੇ ਖਰਚਿਆਂ ਦਾ ਬੋਝ ਘਟਾਉਣਾ ਹੈ।ਦੱਸ ਦਈਏ ਕਿ ਇਸ ਨਵੀਂ ਯੋਜਨਾ ਨਾਲ ਅਲਬਰਟਾ ਦੀ ਮੌਜੂਦਾ ਫਿਊਲ ਟੈਕਸ ਰਾਹਤ ਯੋਜਨਾ ਦੀ ਥਾਂ ਸਿੱਧੀ ਨਕਦ ਸਹਾਇਤਾ ਦਿੱਤੀ ਜਾਵੇਗੀ। 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹ ਅਲਬਰਟਾਵਾਸੀ, ਜਿਨ੍ਹਾਂ ਨੇ 2025 ਦਾ ਟੈਕਸ ਰਿਟਰਨ ਭਰਿਆ ਹੋਇਆ ਹੈ ਅਤੇ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ 2.25 ਲੱਖ ਡਾਲਰ ਜਾਂ ਇਸ ਤੋਂ ਘੱਟ ਹੈ, ਉਹ ਇਸ ਰੀਬੇਟ ਲਈ ਯੋਗ ਹੋਣਗੇ।

ਸਰਕਾਰ ਵੱਲੋਂ 1 ਜੁਲਾਈ ਤੋਂ ਆਨਲਾਈਨ ਪੋਰਟਲ ਖੋਲ੍ਹਿਆ ਜਾਵੇਗਾ, ਜਿਸ ਰਾਹੀਂ ਯੋਗ ਲੋਕ ਅਰਜ਼ੀਆਂ ਦੇ ਸਕਣਗੇ। ਹਰ ਯੋਗ ਵਿਅਕਤੀ ਨੂੰ 100 ਡਾਲਰ ਮਿਲਣਗੇ, ਜਦਕਿ ਦੋ ਬਾਲਗਾਂ ਵਾਲੇ ਪਰਿਵਾਰ ਨੂੰ 200 ਡਾਲਰ ਦੀ ਸਹਾਇਤਾ ਦਿੱਤੀ ਜਾਵੇਗੀ। ਇੱਕੋ ਘਰ ਵਿੱਚ ਰਹਿਣ ਵਾਲੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋਰ ਯੋਗ ਮੈਂਬਰਾਂ ਲਈ ਵੀ ਵੱਖਰੇ 100 ਡਾਲਰ ਦੀ ਰਕਮ ਮਿਲ ਸਕੇਗੀ।ਹਾਲਾਂਕਿ ਸਰਕਾਰ 13 ਸੈਂਟ ਪ੍ਰਤੀ ਲੀਟਰ ਵਾਲਾ ਸੂਬਾਈ ਫਿਊਲ ਟੈਕਸ ਜਾਰੀ ਰੱਖੇਗੀ। ਪ੍ਰੀਮੀਅਰ ਡੈਨੀਅਲ ਸਮਿੱਥ ਦਾ ਕਹਿਣਾ ਹੈ ਕਿ ਗੈਸ ਟੈਕਸ ਵਿੱਚ ਕਟੌਤੀ ਦਾ ਲਾਭ ਹਮੇਸ਼ਾ ਖਪਤਕਾਰਾਂ ਤੱਕ ਨਹੀਂ ਪਹੁੰਚਦਾ, ਇਸ ਲਈ ਸਿੱਧੀ ਰਕਮ ਦੇਣਾ ਜ਼ਿਆਦਾ ਪ੍ਰਭਾਵਸ਼ਾਲੀ ਤਰੀਕਾ ਹੈ।ਸਰਕਾਰੀ ਅੰਕੜਿਆਂ ਮੁਤਾਬਕ ਲਗਭਗ 34 ਲੱਖ ਅਲਬਰਟਾਵਾਸੀ ਇਸ ਯੋਜਨਾ ਦਾ ਲਾਭ ਲੈਣ ਦੇ ਯੋਗ ਹੋਣਗੇ ਅਤੇ ਇਸ ਉੱਤੇ 30 ਕਰੋੜ ਡਾਲਰ ਤੋਂ ਵੱਧ ਖਰਚ ਆਉਣ ਦੀ ਸੰਭਾਵਨਾ ਹੈ।

ਇਹ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਅਮਰੀਕਾ-ਈਰਾਨ ਤਣਾਅ ਕਾਰਨ ਇੰਧਨ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਦੂਜੇ ਪਾਸੇ, ਅਲਬਰਟਾ ਸਰਕਾਰ ਨੇ 2025-26 ਵਿੱਤੀ ਸਾਲ ਲਈ 4.1 ਅਰਬ ਡਾਲਰ ਦੇ ਘਾਟੇ ਦਾ ਅਨੁਮਾਨ ਵੀ ਪੇਸ਼ ਕੀਤਾ ਹੋਇਆ ਹੈ।ਇਸ ਦੌਰਾਨ ਅਲਬਰਟਾ ਦੇ ਸਾਬਕਾ ਸੀਨੀਅਰ ਅਰਥਸ਼ਾਸਤਰੀ ਅਤੇ ਕੋਂਕੋਰਡੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਮੋਸ਼ੇ ਲੈਂਡਰ ਨੇ ਇਸ ਐਲਾਨ ਦੇ ਸਮੇਂ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ ਸੂਬੇ ਵਿੱਚ ਚੱਲ ਰਹੀ ਵੱਖਵਾਦੀ ਬਹਿਸ ਅਤੇ ਸਰਕਾਰ ਦੀ ਘਟਦੀ ਲੋਕਪ੍ਰਿਯਤਾ ਦੇ ਮੱਦੇਨਜ਼ਰ ਵੀ ਦੇਖਿਆ ਜਾ ਸਕਦਾ ਹੈ।ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਜਾਰੀ ਹੋਏ ਇੱਕ ਸਰਵੇਖਣ ਮੁਤਾਬਕ ਪ੍ਰੀਮੀਅਰ ਡੈਨੀਅਲ ਸਮਿੱਥ ਦੀ ਕਾਰਗੁਜ਼ਾਰੀ ਨੂੰ ਕੇਵਲ 39 ਫੀਸਦੀ ਅਲਬਰਟਾਵਾਸੀਆਂ ਦਾ ਸਮਰਥਨ ਮਿਲਿਆ, ਜੋ ਉਨ੍ਹਾਂ ਦੇ ਪ੍ਰੀਮੀਅਰ ਬਣਨ ਤੋਂ ਬਾਅਦ ਸਭ ਤੋਂ ਘੱਟ ਦਰਜ ਕੀਤਾ ਗਿਆ ਹੈ।