ਅਲਬਰਟਾ ਸਰਕਾਰ ਨੇ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਨੀਤੀ ਵਿੱਚ ਕੀਤਾ ਬਦਲਾਅ
Alberta has removed parental income from provincial student aid assessments for the 2026-27 academic year to ease financial pressure on students and families. The province will reassess approximately 21,000 existing applications, while new applications will be assessed under the revised policy starting in early November.
ਅਲਬਰਟਾ-ਅਲਬਰਟਾ ਸਰਕਾਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਹਿੰਗਾਈ ਦੇ ਬੋਝ ਤੋਂ ਰਾਹਤ ਦੇਣ ਲਈ 2026-27 ਅਕਾਦਮਿਕ ਸਾਲ ਵਾਸਤੇ ਸੂਬਾਈ ਵਿਦਿਆਰਥੀ ਸਹਾਇਤਾ ਦੀ ਗਣਨਾ ਵਿੱਚੋਂ ਮਾਪਿਆਂ ਦੀ ਆਮਦਨ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਬਦਲਾਅ ਤਹਿਤ ਹੁਣ ਵਿਦਿਆਰਥੀਆਂ ਨੂੰ ਮਿਲਣ ਵਾਲੇ ਕਰਜ਼ੇ ਦੀ ਰਕਮ ਤੈਅ ਕਰਦੇ ਸਮੇਂ ਇਹ ਨਹੀਂ ਮੰਨਿਆ ਜਾਵੇਗਾ ਕਿ ਉਨ੍ਹਾਂ ਦੇ ਮਾਪੇ ਸਿੱਖਿਆ ਅਤੇ ਰਹਿਣ-ਸਹਿਣ ਦੇ ਖਰਚਿਆਂ ਵਿੱਚ ਕੋਈ ਨਿਰਧਾਰਤ ਯੋਗਦਾਨ ਪਾ ਸਕਦੇ ਹਨ।
ਸੂਬੇ ਦੇ ਉੱਚ ਸਿੱਖਿਆ ਮੰਤਰੀ ਮਾਈਲਜ਼ ਮੈਕਡੌਗਲ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਮੌਜੂਦਾ ਨੀਤੀ ਕਾਰਨ ਵਧ ਰਹੇ ਆਰਥਿਕ ਬੋਝ ਬਾਰੇ ਚਿੰਤਾਵਾਂ ਪ੍ਰਗਟਾਈਆਂ ਗਈਆਂ ਸਨ। ਸਰਕਾਰ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਨੀਤੀ ਵਿੱਚ ਤਬਦੀਲੀ ਕੀਤੀ ਹੈ।
ਅਲਬਰਟਾ ਸਟੂਡੈਂਟ ਏਡ ਵੱਲੋਂ ਨਵੰਬਰ ਦੇ ਸ਼ੁਰੂ ਵਿੱਚ ਪ੍ਰਾਪਤ ਹੋਣ ਵਾਲੀਆਂ ਨਵੀਆਂ ਅਰਜ਼ੀਆਂ ਦਾ ਮੁਲਾਂਕਣ ਮਾਪਿਆਂ ਦੀ ਆਮਦਨ ਤੋਂ ਬਿਨਾਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਲਗਭਗ 21 ਹਜ਼ਾਰ ਪੁਰਾਣੀਆਂ ਅਰਜ਼ੀਆਂ ਦਾ ਮੁੜ ਮੁਲਾਂਕਣ ਵੀ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਮਾਪਿਆਂ ਦੀ ਆਮਦਨ ਦੇ ਆਧਾਰ 'ਤੇ ਸਹਾਇਤਾ ਦੀ ਰਕਮ ਤੈਅ ਕੀਤੀ ਗਈ ਸੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਅਰਜ਼ੀਆਂ ਦੀ ਮੁੜ ਜਾਂਚ ਸਟਾਫ਼ ਵੱਲੋਂ ਕੀਤੀ ਜਾਵੇਗੀ।
ਸਰਕਾਰ ਅਨੁਸਾਰ, ਜਿਨ੍ਹਾਂ ਵਿਦਿਆਰਥੀਆਂ ਨੂੰ ਵਾਧੂ ਸੂਬਾਈ ਕਰਜ਼ਾ ਮਿਲਣ ਦਾ ਹੱਕ ਬਣੇਗਾ, ਉਨ੍ਹਾਂ ਨੂੰ ਸਿੱਧੇ ਤੌਰ 'ਤੇ ਸੂਚਿਤ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਇਸ ਲਈ ਮੁੜ ਅਰਜ਼ੀ ਦੇਣ ਜਾਂ ਕੋਈ ਵਾਧੂ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਸਹਾਇਤਾ ਨਾਲ ਸਬੰਧਿਤ ਜਾਣਕਾਰੀ ਉਨ੍ਹਾਂ ਦੇ ਅਲਬਰਟਾ ਸਟੂਡੈਂਟ ਏਡ ਪੋਰਟਲ 'ਤੇ ਉਪਲਬਧ ਕਰਵਾਈ ਜਾਵੇਗੀ। ਹਾਲਾਂਕਿ, ਵਿਦਿਆਰਥੀ ਸਹਾਇਤਾ ਲਈ ਬਾਕੀ ਸਾਰੀਆਂ ਯੋਗਤਾ ਸ਼ਰਤਾਂ ਪਹਿਲਾਂ ਵਾਂਗ ਹੀ ਰਹਿਣਗੀਆਂ।
ਅੰਕੜਿਆਂ ਮੁਤਾਬਕ, 2026-27 ਅਕਾਦਮਿਕ ਸਾਲ ਲਈ 3 ਜੂਨ ਤੋਂ 14 ਅਕਤੂਬਰ ਤੱਕ ਲਗਭਗ 1 ਲੱਖ 26 ਹਜ਼ਾਰ ਪੂਰਨ-ਕਾਲੀਨ ਵਿਦਿਆਰਥੀਆਂ ਨੇ ਸਹਾਇਤਾ ਲਈ ਅਰਜ਼ੀਆਂ ਦਿੱਤੀਆਂ ਹਨ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ ਲਗਭਗ 1 ਲੱਖ 25 ਹਜ਼ਾਰ ਸੀ। ਨਵੀਂ ਨੀਤੀ ਕਾਰਨ 2026-27 ਦੌਰਾਨ ਵਿਦਿਆਰਥੀ ਕਰਜ਼ਿਆਂ ਦੀ ਵੰਡ ਵਿੱਚ ਲਗਭਗ 11.8 ਕਰੋੜ ਡਾਲਰ ਦਾ ਵਾਧਾ ਹੋਣ ਦੀ ਉਮੀਦ ਹੈ। ਸੂਬੇ ਦੇ ਇਸ ਸਾਲ ਦੇ ਵਿਦਿਆਰਥੀ ਕਰਜ਼ਾ ਵੰਡ ਬਜਟ ਵਿੱਚ 88.7 ਕਰੋੜ ਡਾਲਰ ਰੱਖੇ ਗਏ ਹਨ।














