ਅਲਬਰਟਾ ਵਿੱਚ 9 ਨਵੇਂ ਅਰਜੈਂਟ ਕੇਅਰ ਸੈਂਟਰ ਖੋਲ੍ਹਣ ਲਈ 39 ਮਿਲੀਅਨ ਡਾਲਰ ਦਾ ਨਿਵੇਸ਼

Alberta’s government is investing $39 million over three years to plan and acquire land for nine new urgent care centres across the province. The expansion will increase the number of centres from six to 15 and boost urgent care capacity by 150 per cent.

ਅਲਬਰਟਾ ਵਿੱਚ 9 ਨਵੇਂ ਅਰਜੈਂਟ ਕੇਅਰ ਸੈਂਟਰ ਖੋਲ੍ਹਣ ਲਈ 39 ਮਿਲੀਅਨ ਡਾਲਰ ਦਾ ਨਿਵੇਸ਼

ਅਲਬਰਟਾ-ਅਲਬਰਟਾ ਸਰਕਾਰ ਵੱਲੋਂ ਸੂਬੇ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਕਰਨ ਲਈ 39 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਰਕਮ ਨਾਲ ਸੂਬੇ ਭਰ ਵਿੱਚ 9 ਨਵੇਂ ਅਰਜੈਂਟ ਕੇਅਰ ਸੈਂਟਰ ਖੋਲ੍ਹਣ ਦੀ ਯੋਜਨਾ ਹੈ। ਇਨ੍ਹਾਂ ਕੇਂਦਰਾਂ ਦੇ ਸ਼ੁਰੂ ਹੋਣ ਨਾਲ ਅਰਜੈਂਟ ਕੇਅਰ ਸੈਂਟਰਾਂ ਦੀ ਗਿਣਤੀ ਮੌਜੂਦਾ 6 ਤੋਂ ਵਧ ਕੇ 15 ਹੋ ਜਾਵੇਗੀ।

ਸਰਕਾਰ ਮੁਤਾਬਕ ਇਸ ਵਿਸਥਾਰ ਨਾਲ ਅਰਜੈਂਟ ਕੇਅਰ ਸੇਵਾਵਾਂ ਦੀ ਸਮਰੱਥਾ ਵਿੱਚ 150 ਫ਼ੀਸਦੀ ਵਾਧਾ ਹੋਵੇਗਾ ਅਤੇ ਹਰ ਸਾਲ ਐਮਰਜੈਂਸੀ ਵਿਭਾਗਾਂ ਵਿੱਚ ਆਉਣ ਵਾਲੇ 3 ਲੱਖ ਤੱਕ ਮਰੀਜ਼ਾਂ ਦਾ ਬੋਝ ਘਟਾਇਆ ਜਾ ਸਕੇਗਾ। ਇਨ੍ਹਾਂ ਕੇਂਦਰਾਂ ਵਿੱਚ ਅਜਿਹੀਆਂ ਸਿਹਤ ਸਮੱਸਿਆਵਾਂ ਦਾ ਉਸੇ ਦਿਨ ਇਲਾਜ ਕੀਤਾ ਜਾਵੇਗਾ, ਜਿਨ੍ਹਾਂ ਲਈ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ ਪਰ ਉਹ ਜਾਨਲੇਵਾ ਨਹੀਂ ਹੁੰਦੀਆਂ।

ਨਵੇਂ ਕੇਂਦਰ ਵੈਸਟ ਅਤੇ ਸਾਊਥ ਐਡਮੰਟਨ, ਸਟੋਨੀ ਪਲੇਨ-ਸਪ੍ਰੂਸ ਗਰੋਵ ਇਲਾਕੇ, ਈਸਟ ਕੈਲਗਰੀ, ਲੈਥਬ੍ਰਿਜ, ਮੈਡੀਸਨ ਹੈਟ, ਕੋਲਡ ਲੇਕ, ਫੋਰਟ ਮੈਕਮਰੀ ਅਤੇ ਸਿਲਵਨ ਲੇਕ ਵਿੱਚ ਸਥਾਪਤ ਕਰਨ ਦੀ ਯੋਜਨਾ ਹੈ।

ਹਸਪਤਾਲ ਅਤੇ ਸਰਜੀਕਲ ਸਿਹਤ ਸੇਵਾਵਾਂ ਬਾਰੇ ਮੰਤਰੀ ਐਡਰੀਆਨਾ ਲਾਗਰੇਂਜ ਨੇ ਕਿਹਾ ਕਿ ਨਵੇਂ ਕੇਂਦਰਾਂ ਨਾਲ ਪਰਿਵਾਰਾਂ ਨੂੰ ਇਲਾਜ ਦੇ ਹੋਰ ਵਿਕਲਪ ਮਿਲਣਗੇ ਅਤੇ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਉੱਤੇ ਦਬਾਅ ਘਟੇਗਾ।

ਬਜਟ 2026 ਤਹਿਤ ਅਗਲੇ ਤਿੰਨ ਸਾਲਾਂ ਦੌਰਾਨ 39 ਮਿਲੀਅਨ ਡਾਲਰ ਦੀ ਰਕਮ ਨਵੇਂ ਕੇਂਦਰਾਂ ਦੀ ਯੋਜਨਾਬੰਦੀ ਅਤੇ ਜ਼ਮੀਨ ਖਰੀਦਣ ਲਈ ਰੱਖੀ ਗਈ ਹੈ। ਇਸ ਵਿੱਚੋਂ 15 ਮਿਲੀਅਨ ਡਾਲਰ ਬਜਟ 2025 ਵਿੱਚ ਪਹਿਲਾਂ ਹੀ ਐਲਾਨੇ ਜਾ ਚੁੱਕੇ ਹਨ। ਸਰਕਾਰ ਵੱਲੋਂ ਜ਼ਮੀਨ ਦੀ ਖਰੀਦ ਅਤੇ ਯੋਜਨਾਬੰਦੀ ਪੂਰੀ ਹੋਣ ਤੋਂ ਬਾਅਦ ਕੇਂਦਰਾਂ ਦੀਆਂ ਸਹੀ ਥਾਵਾਂ ਬਾਰੇ ਜਾਣਕਾਰੀ ਜਾਰੀ ਕੀਤੀ ਜਾਵੇਗੀ।

ਇੱਕ ਅਰਜੈਂਟ ਕੇਅਰ ਸੈਂਟਰ ਵਿੱਚ ਔਸਤਨ ਹਰ ਸਾਲ 30 ਤੋਂ 33 ਹਜ਼ਾਰ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। ਸਰਕਾਰ ਦਾ ਉਦੇਸ਼ ਵਧਦੀ ਆਬਾਦੀ ਦੇ ਮੱਦੇਨਜ਼ਰ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਸਮੇਂ ਸਿਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ।