ਅਲਬਰਟਾ ਵਿੱਚ 14 ਸਾਲਾ ਲੜਕੀ ‘ਤੇ ਬੇਰਹਿਮ ਹਮਲਾ, ਦੋ ਨਾਬਾਲਿਗ ਲੜਕੀਆਂ ਗ੍ਰਿਫ਼ਤਾਰ

ਅਲਬਰਟਾ ਵਿੱਚ 14 ਸਾਲਾ ਲੜਕੀ ‘ਤੇ ਬੇਰਹਿਮ ਹਮਲਾ, ਦੋ ਨਾਬਾਲਿਗ ਲੜਕੀਆਂ ਗ੍ਰਿਫ਼ਤਾਰ

Red Deer : ਕੈਨੇਡਾ ਦੇ ਰੈੱਡ ਡੀਅਰ ਸ਼ਹਿਰ ਵਿੱਚ ਇੱਕ 14 ਸਾਲਾ ਲੜਕੀ ‘ਤੇ ਹੋਏ ਬੇਰਹਿਮ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਨਾਬਾਲਿਗ ਲੜਕੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਮਾਮਲੇ ਨੇ ਵੱਡਾ ਰੂਪ ਧਾਰ ਲਿਆ ਹੈ।

ਪੀੜਤ ਲੜਕੀ ਰਾਇਲਿਨ ਬਰਿੰਸਟਨ ਦੀ ਮਾਂ ਸਟੈਫਨੀ ਰੈਂਪਲ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੀ ਤਾਂ ਉਸਦੀ ਧੀ ਖੂਨ ਨਾਲ ਲਥਪਥ ਹਾਲਤ ਵਿੱਚ ਪਈ ਸੀ। ਉਸਦੇ ਚਿਹਰੇ ਅਤੇ ਕੱਪੜਿਆਂ ‘ਤੇ ਖੂਨ ਲੱਗਾ ਹੋਇਆ ਸੀ, ਜਿਸਨੂੰ ਦੇਖ ਕੇ ਉਹ ਸਦਮੇ ਵਿੱਚ ਆ ਗਈ।

ਵਾਇਰਲ ਵੀਡੀਓ ਵਿੱਚ ਇੱਕ ਲੜਕੀ ਨੂੰ ਰਾਇਲਿਨ ਦੇ ਉੱਪਰ ਬੈਠ ਕੇ ਉਸਦੇ ਸਿਰ ‘ਤੇ ਮੁੱਕੇ ਮਾਰਦੇ ਅਤੇ ਸਿਰ ਨੂੰ ਜ਼ਮੀਨ ਨਾਲ ਪਟਕਦੇ ਹੋਏ ਦੇਖਿਆ ਗਿਆ। ਘਟਨਾ ਦੌਰਾਨ ਕਈ ਹੋਰ ਲੋਕ ਵੀ ਮੌਕੇ ‘ਤੇ ਮੌਜੂਦ ਸਨ, ਪਰ ਕਿਸੇ ਨੇ ਵੀ ਹਮਲਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।

ਹਮਲੇ ਕਾਰਨ ਪੀੜਤ ਲੜਕੀ ਦੀਆਂ ਦੋਵਾਂ ਅੱਖਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸਦੇ ਨਾਲ ਹੀ ਉਸਨੂੰ ਅੰਦਰੂਨੀ ਖੂਨ ਵਗਣ ਅਤੇ ਦਿਮਾਗੀ ਝਟਕੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਪੀੜਤ ਨੇ ਕਿਹਾ ਕਿ ਉਸਨੂੰ ਸਮਝ ਨਹੀਂ ਆਈ ਕਿ ਉਸ ‘ਤੇ ਹਮਲਾ ਕਿਉਂ ਕੀਤਾ ਗਿਆ, ਕਿਉਂਕਿ ਉਸਨੇ ਕਿਸੇ ਨਾਲ ਕੋਈ ਝਗੜਾ ਨਹੀਂ ਕੀਤਾ ਸੀ।

ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੀਆਂ ਗਈਆਂ ਦੋਵਾਂ 14 ਸਾਲਾ ਲੜਕੀਆਂ ‘ਤੇ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਗਲਾ ਘੋਟਣ ਨਾਲ ਸਬੰਧਤ ਹਮਲੇ ਦੇ ਦੋਸ਼ ਲਗਾਏ ਗਏ ਹਨ। ਦੋਵਾਂ ਨੂੰ ਸ਼ਰਤਾਂ ਦੇ ਆਧਾਰ ‘ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ 25 ਜੂਨ ਨੂੰ ਅਦਾਲਤ ਵਿੱਚ ਪੇਸ਼ ਹੋਣਗੀਆਂ।

ਇਸੇ ਦੌਰਾਨ Hunting Hills High School ਵਿੱਚ ਬੰਬ ਅਤੇ ਗੋਲੀਬਾਰੀ ਦੀ ਧਮਕੀ ਮਿਲਣ ਮਗਰੋਂ Royal Canadian Mounted Police ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਸੁਰੱਖਿਆ ਕਾਰਨਾਂ ਕਰਕੇ ਸਕੂਲ ਨੂੰ ਕੁਝ ਸਮੇਂ ਲਈ ਬੰਦ ਕੀਤਾ ਗਿਆ, ਹਾਲਾਂਕਿ ਪੁਲਿਸ ਨੇ ਕਿਹਾ ਕਿ ਜਨਤਾ ਲਈ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ।