ਅਲਬਰਟਾ ਵਿੱਚ ਦੋ ਰੀਕਾਲ ਪਟੀਸ਼ਨਾਂ ਦਾ ਅੰਤ, ਇੱਕ ਵਾਪਸ ਲਈ ਗਈ ਤੇ ਦੂਜੀ ਅਵੈਧ ਕਰਾਰ

ਅਲਬਰਟਾ ਵਿੱਚ ਦੋ ਰੀਕਾਲ ਪਟੀਸ਼ਨਾਂ ਦਾ ਅੰਤ, ਇੱਕ ਵਾਪਸ ਲਈ ਗਈ ਤੇ ਦੂਜੀ ਅਵੈਧ ਕਰਾਰ

ਐਡਮੰਟਨ-ਅਲਬਰਟਾ ਦੇ ਮੁੱਖ ਚੋਣ ਅਧਿਕਾਰੀ ਗੋਰਡਨ ਮੈਕਕਲੂਰ ਨੇ ਐਲਾਨ ਕੀਤਾ ਹੈ ਕਿ ਦੋ ਵਿਧਾਇਕਾਂ ਖ਼ਿਲਾਫ਼ ਚੱਲ ਰਹੀਆਂ ਰੀਕਾਲ ਪਟੀਸ਼ਨਾਂ ਵਿੱਚੋਂ ਇੱਕ ਪਟੀਸ਼ਨ ਵਾਪਸ ਲੈ ਲਈ ਗਈ ਹੈ, ਜਦਕਿ ਦੂਜੀ ਨਿਰਧਾਰਤ ਸਮੇਂ ਅੰਦਰ ਜਮ੍ਹਾਂ ਨਾ ਹੋਣ ਕਾਰਨ ਅਵੈਧ ਕਰਾਰ ਦਿੱਤੀ ਗਈ ਹੈ।ਰੀਕਾਲ ਐਕਟ ਤਹਿਤ ਸੇਂਟ ਐਲਬਰਟ ਹਲਕੇ ਦੀ ਵਿਧਾਇਕ ਮੈਰੀ ਰੇਨੌਡ ਖ਼ਿਲਾਫ਼ ਦਾਇਰ ਪਟੀਸ਼ਨ ਦੇ ਅਰਜ਼ੀਕਰਤਾ ਨੇ ਆਪਣੀ ਅਰਜ਼ੀ ਵਾਪਸ ਲੈ ਲਈ। ਇਸ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਨੇ ਅਧਿਕਾਰਤ ਹੁਕਮ ਜਾਰੀ ਕਰਕੇ ਇਸ ਰੀਕਾਲ ਪ੍ਰਕਿਰਿਆ ਨੂੰ ਸਮਾਪਤ ਕਰ ਦਿੱਤਾ ਹੈ।ਦੂਜੇ ਪਾਸੇ ਐਰਡਰੀ-ਕੋਕਰੇਨ ਹਲਕੇ ਦੇ ਵਿਧਾਇਕ ਪੀਟਰ ਗੁਥਰੀ ਖ਼ਿਲਾਫ਼ ਚੱਲ ਰਹੀ ਰੀਕਾਲ ਪਟੀਸ਼ਨ 90 ਦਿਨਾਂ ਦੀ ਨਿਰਧਾਰਤ ਦਸਤਖ਼ਤ ਇਕੱਠੇ ਕਰਨ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਜਮ੍ਹਾਂ ਨਹੀਂ ਕਰਵਾਈ ਗਈ। ਇਸ ਕਾਰਨ ਪਟੀਸ਼ਨ ਨੂੰ ਅਵੈਧ ਅਤੇ ਮਨਜ਼ੂਰੀ ਲਈ ਅਯੋਗ ਕਰਾਰ ਦਿੱਤਾ ਗਿਆ ਹੈ। ਨਿਰਧਾਰਤ ਮਿਆਦ ਤੋਂ ਬਾਅਦ ਮਿਲੀਆਂ ਦਸਤਖ਼ਤ ਸ਼ੀਟਾਂ ਨੂੰ ਗਿਣਤੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ।

ਚੋਣ ਅਧਿਕਾਰੀਆਂ ਨੇ ਕਾਨੂੰਨ ਅਨੁਸਾਰ ਪਟੀਸ਼ਨ ਅਰਜ਼ੀਕਰਤਾਵਾਂ, ਸੰਬੰਧਤ ਵਿਧਾਇਕਾਂ, ਉਨ੍ਹਾਂ ਦੀਆਂ ਪਾਰਟੀਆਂ ਦੇ ਆਗੂਆਂ ਅਤੇ ਸੂਬਾਈ ਵਿਧਾਨ ਸਭਾ ਦੇ ਸਪੀਕਰ ਨੂੰ ਲਿਖਤੀ ਰੂਪ ਵਿੱਚ ਨਤੀਜਿਆਂ ਦੀ ਜਾਣਕਾਰੀ ਦੇ ਦਿੱਤੀ ਹੈ।ਇਸ ਤੋਂ ਇਲਾਵਾ, ਪਟੀਸ਼ਨ ਨਾਲ ਜੁੜੇ ਹਰ ਅਧਿਕਾਰਤ ਭਾਗੀਦਾਰ ਦੇ ਮੁੱਖ ਵਿੱਤੀ ਅਧਿਕਾਰੀ ਨੂੰ 30 ਦਿਨਾਂ ਦੇ ਅੰਦਰ ਵਿੱਤੀ ਰਿਪੋਰਟ, ਯੋਗਦਾਨ ਰਿਪੋਰਟ, ਖ਼ਰਚਾ ਰਿਪੋਰਟ ਅਤੇ ਹੋਰ ਸਹਾਇਕ ਦਸਤਾਵੇਜ਼ ਜਮ੍ਹਾਂ ਕਰਵਾਉਣੇ ਲਾਜ਼ਮੀ ਹੋਣਗੇ। ਇਹ ਰਿਪੋਰਟ ਪਟੀਸ਼ਨ ਵਾਪਸ ਲਏ ਜਾਣ ਜਾਂ ਰੱਦ ਹੋਣ ਦੀ ਸਥਿਤੀ ਵਿੱਚ ਵੀ ਜਮ੍ਹਾਂ ਕਰਵਾਉਣੀ ਪਵੇਗੀ।ਚੋਣ ਕਾਨੂੰਨ ਅਨੁਸਾਰ ਜੇਕਰ ਕੋਈ ਭਾਗੀਦਾਰ ਨਿਰਧਾਰਤ ਸਮੇਂ ਅੰਦਰ ਰਿਪੋਰਟ ਜਮ੍ਹਾਂ ਨਹੀਂ ਕਰਦਾ ਤਾਂ ਉਸ ਉੱਤੇ 500 ਡਾਲਰ ਦੀ ਆਟੋਮੈਟਿਕ ਲੇਟ ਫੀਸ ਲਗਾਈ ਜਾਵੇਗੀ।