ਅਲਬਰਟਾ ਵਿੱਚ ਕੁਦਰਤੀ ਸੰਰੱਖਣ ਲਈ ਸਰਕਾਰ ਵੱਲੋਂ ਕਰੀਬ 50 ਲੱਖ ਡਾਲਰ ਦੀ ਮਦਦ
ਐਡਮੰਟਨ-ਅਲਬਰਟਾ ਸਰਕਾਰ ਨੇ ਸੂਬੇ ਭਰ ਵਿੱਚ ਕੁਦਰਤੀ ਇਲਾਕਿਆਂ ਦੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਕਰੀਬ 50 ਲੱਖ ਡਾਲਰ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਇਹ ਰਕਮ ਜ਼ਮੀਨ ਮਾਲਕਾਂ ਨੂੰ ਕੁਦਰਤੀ ਸਰੋਤਾਂ ਦੀ ਰੱਖਿਆ ਕਰਦੇ ਹੋਏ ਆਪਣੀ ਰੋਜ਼ੀ-ਰੋਟੀ ਜਾਰੀ ਰੱਖਣ ਵਿੱਚ ਮਦਦ ਦੇਣ ਲਈ ਦਿੱਤੀ ਜਾਵੇਗੀ।ਸਰਕਾਰ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਜ਼ਮੀਨ ਮਾਲਕ ਭੂਮੀ ਅਤੇ ਪਾਣੀ ਦੀ ਸੰਭਾਲ, ਪੌਦਿਆਂ ਅਤੇ ਜੰਗਲੀ ਜੀਵਾਂ ਦੀ ਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸੇ ਮਕਸਦ ਨਾਲ ਸਰਕਾਰ ਆਰਥਿਕ ਵਿਕਾਸ ਅਤੇ ਵਾਤਾਵਰਣ ਸੰਭਾਲ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਉਨ੍ਹਾਂ ਨਾਲ ਸਾਂਝੇਦਾਰੀ ਕਰ ਰਹੀ ਹੈ।
Private Land Conservation Program ਤਹਿਤ ਪੰਜ ਪ੍ਰੋਜੈਕਟਾਂ ਲਈ 2.8 ਮਿਲੀਅਨ ਡਾਲਰ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ, ਜਿਸ ਨਾਲ ਸੂਬੇ ਭਰ ਵਿੱਚ 8,500 ਏਕੜ ਤੋਂ ਵੱਧ ਜ਼ਮੀਨ ਦੀ ਸੰਭਾਲ ਕੀਤੀ ਜਾਵੇਗੀ ਅਤੇ ਖੇਤੀਬਾੜੀ ਨਾਲ ਜੁੜੇ ਕਾਰਜ ਜਾਰੀ ਰਹਿਣਗੇ।ਇਸੇ ਤਰ੍ਹਾਂ Ecosystem Services Grant Program ਅਧੀਨ ਪੰਜ ਹੋਰ ਪ੍ਰੋਜੈਕਟਾਂ ਲਈ 2.1 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਦਿੱਤੀ ਗਈ ਹੈ। ਇਹ ਪ੍ਰੋਜੈਕਟ ਵਾਤਾਵਰਣਕ ਪੱਖੋਂ ਮਹੱਤਵਪੂਰਨ ਨਿੱਜੀ ਜ਼ਮੀਨਾਂ ਦੀ ਦੇਖਭਾਲ ਅਤੇ ਸੁਧਾਰ ਲਈ ਜ਼ਮੀਨ ਮਾਲਕਾਂ ਦੀ ਸਿੱਧੀ ਮਦਦ ਕਰਨਗੇ। ਇਸ ਯੋਜਨਾ ਤਹਿਤ ਘੱਟੋ-ਘੱਟ 8,800 ਏਕੜ ਜ਼ਮੀਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਵਾਤਾਵਰਣ ਅਤੇ ਸੁਰੱਖਿਅਤ ਖੇਤਰ ਮੰਤਰੀ ਗ੍ਰਾਂਟ ਹੰਟਰ ਨੇ ਕਿਹਾ ਕਿ ਜ਼ਮੀਨ ਮਾਲਕ ਸੰਰੱਖਣ ਪ੍ਰੋਗਰਾਮਾਂ ਦੇ ਅਹਿਮ ਸਾਥੀ ਹਨ ਜੋ ਟਿਕਾਊ ਭੂਮੀ ਵਰਤੋਂ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਜਿਹੇ ਪ੍ਰੋਜੈਕਟਾਂ ਦੀ ਮਦਦ ਕਰ ਰਹੀ ਹੈ ਜੋ ਵਾਤਾਵਰਣ ਸੰਭਾਲ ਅਤੇ ਜ਼ਮੀਨ ਮਾਲਕਾਂ ਦੀਆਂ ਲੋੜਾਂ ਵਿਚਕਾਰ ਸਾਂਝ ਬਣਾਉਂਦੇ ਹਨ।ਇਨ੍ਹਾਂ 10 ਪ੍ਰੋਜੈਕਟਾਂ ਰਾਹੀਂ ਜ਼ਮੀਨ ਟਰੱਸਟ ਅਤੇ ਜ਼ਮੀਨ ਮਾਲਕ ਅਲਬਰਟਾ ਦੇ ਕੁਦਰਤੀ ਦ੍ਰਿਸ਼ਾਂ ਦੀ ਰੱਖਿਆ ਕਰ ਸਕਣਗੇ ਬਿਨਾਂ ਇਸ ਦੇ ਕਿ ਪਰਿਵਾਰਾਂ ਦੀ ਆਮਦਨ ਪ੍ਰਭਾਵਿਤ ਹੋਵੇ। ਇਹ ਯੋਜਨਾਵਾਂ ਵਾਟਰਸ਼ੈੱਡ, ਦਰਿਆਈ ਕਿਨਾਰਿਆਂ ਅਤੇ ਘਾਹਦਾਰ ਖੇਤਰਾਂ ਦੀ ਸੰਭਾਲ ਕਰਨ ਵਿੱਚ ਮਦਦਗਾਰ ਹੋਣਗੀਆਂ, ਨਾਲ ਹੀ ਖੇਤੀਬਾੜੀ ਯੋਗਤਾ ਵੀ ਬਰਕਰਾਰ ਰਹੇਗੀ।
Milk River Watershed Council Canada ਦੇ ਚੇਅਰਮੈਨ ਅਤੇ ਖੇਤਰ ਦੇ ਰੈਂਚਰ ਜੌਨ ਏ. ਰੌਸ ਨੇ ਕਿਹਾ ਕਿ “Grasslands for Life” ਪ੍ਰੋਜੈਕਟ ਤਹਿਤ ਰੈਂਚਰਾਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ ਅਤੇ ਕੁਦਰਤੀ ਘਾਹਦਾਰ ਅਤੇ ਦਰਿਆਈ ਖੇਤਰਾਂ ਦੀ ਸੰਭਾਲ ਲਈ ਪ੍ਰਤੀ ਏਕੜ ਸਾਲਾਨਾ ਭੁਗਤਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਜ਼ਮੀਨਾਂ ਜੈਵਿਕ ਵਿਭਿੰਨਤਾ, ਕਾਰਬਨ ਸਟੋਰੇਜ, ਮਿੱਟੀ ਦੀ ਸਿਹਤ ਅਤੇ ਪਾਣੀ ਦੀ ਗੁਣਵੱਤਾ ਸੁਧਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਇਸੇ ਤਰ੍ਹਾਂ Crooked Creek Conservancy Society of Athabasca ਦੀ ਚੇਅਰ ਰੋਜ਼ਮੇਰੀ ਨੀਵਜ਼ ਨੇ ਕਿਹਾ ਕਿ Private Land Conservation Program ਤੋਂ ਮਿਲੀ ਗ੍ਰਾਂਟ Tawatinaw Valley ਵਿੱਚ 245 ਏਕੜ ਤੋਂ ਵੱਧ ਕੁਦਰਤੀ ਜੰਗਲ ਅਤੇ ਜਲ ਸਰੋਤਾਂ ਦੀ ਘੱਟੋ-ਘੱਟ 20 ਸਾਲਾਂ ਲਈ ਰੱਖਿਆ ਯਕੀਨੀ ਬਣਾਏਗੀ।ਸਰਕਾਰ ਮੁਤਾਬਕ ਇਹ ਪ੍ਰੋਜੈਕਟ ਜੰਗਲੀ ਜੀਵਾਂ ਲਈ ਅਹਿਮ ਆਵਾਸ ਮੁਹੱਈਆ ਕਰਨ, ਵਾਟਰਸ਼ੈੱਡਾਂ ਨੂੰ ਸਿਹਤਮੰਦ ਰੱਖਣ, ਕਾਰਬਨ ਸਟੋਰ ਕਰਨ ਅਤੇ ਖਤਰੇ ਹੇਠ ਆ ਰਹੀਆਂ ਪ੍ਰਜਾਤੀਆਂ ਦੀ ਰੱਖਿਆ ਕਰਨ ਵਿੱਚ ਮਦਦਗਾਰ ਸਾਬਤ ਹੋਣਗੇ।ਗੌਰਤਲਬ ਹੈ ਕਿ 2011 ਤੋਂ ਹੁਣ ਤੱਕ Private Land Conservation Program ਤਹਿਤ 118 ਮਿਲੀਅਨ ਡਾਲਰ ਤੋਂ ਵੱਧ ਦੀ ਮਦਦ ਜਾਰੀ ਕੀਤੀ ਜਾ ਚੁੱਕੀ ਹੈ, ਜਿਸ ਨਾਲ 2,89,000 ਏਕੜ ਤੋਂ ਵੱਧ ਨਿੱਜੀ ਜ਼ਮੀਨ ਦੀ ਸੰਭਾਲ ਕੀਤੀ ਗਈ ਹੈ।ਸਰਕਾਰ ਨੇ ਦੱਸਿਆ ਕਿ 2026-27 ਲਈ ਦੋਹਾਂ ਪ੍ਰੋਗਰਾਮਾਂ ਦੀਆਂ ਅਰਜ਼ੀਆਂ ਜੂਨ ਤੋਂ ਸਤੰਬਰ ਤੱਕ ਸਵੀਕਾਰ ਕੀਤੀਆਂ ਜਾਣਗੀਆਂ।
















