ਅਲਬਰਟਾ ਤੇ ਫੈਡਰਲ ਸਰਕਾਰ ਵੱਲੋਂ ਕਿਫਾਇਤੀ ਘਰਾਂ ਲਈ 385 ਮਿਲੀਅਨ ਡਾਲਰ ਦਾ ਸਮਝੌਤਾ

Alberta and the federal government have announced a $385-million partnership to support affordable housing projects across the province. The first 21 projects are expected to create at least 1,460 new housing units, with total investment reaching about $623 million when contributions from municipalities, non-profits and private partners are included.

ਅਲਬਰਟਾ ਤੇ ਫੈਡਰਲ ਸਰਕਾਰ ਵੱਲੋਂ ਕਿਫਾਇਤੀ ਘਰਾਂ ਲਈ 385 ਮਿਲੀਅਨ ਡਾਲਰ ਦਾ ਸਮਝੌਤਾ

ਅਲਬਰਟਾ-ਅਲਬਰਟਾ ਸਰਕਾਰ ਅਤੇ ਬਿਲਡ ਕੈਨੇਡਾ ਹੋਮਜ਼ ਵੱਲੋਂ ਸੂਬੇ ਵਿੱਚ ਕਿਫਾਇਤੀ ਰਿਹਾਇਸ਼ ਵਧਾਉਣ ਲਈ 385 ਮਿਲੀਅਨ ਡਾਲਰ ਦਾ ਸਾਂਝਾ ਉਪਰਾਲਾ ਕੀਤਾ ਗਿਆ ਹੈ। ਪਹਿਲੇ ਪੜਾਅ ਤਹਿਤ 21 ਪ੍ਰਾਜੈਕਟਾਂ ਰਾਹੀਂ ਘੱਟੋ-ਘੱਟ 1,460 ਨਵੇਂ ਘਰ ਬਣਾਉਣ ਦੀ ਯੋਜਨਾ ਹੈ।ਇਨ੍ਹਾਂ ਪ੍ਰਾਜੈਕਟਾਂ ਵਿੱਚ ਸਹਾਇਕ ਅਤੇ ਅਸਥਾਈ ਰਿਹਾਇਸ਼ ਤੋਂ ਲੈ ਕੇ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਲਈ ਘਰ ਸ਼ਾਮਲ ਹਨ। ਅਲਬਰਟਾ ਦੇ ਮੌਜੂਦਾ ਕਿਫਾਇਤੀ ਹਾਊਸਿੰਗ ਭਾਈਵਾਲੀ ਪ੍ਰੋਗਰਾਮ ਵਿੱਚੋਂ 165 ਮਿਲੀਅਨ ਡਾਲਰ ਤੋਂ ਵੱਧ ਅਤੇ ਬਿਲਡ ਕੈਨੇਡਾ ਹੋਮਜ਼ ਵੱਲੋਂ 220 ਮਿਲੀਅਨ ਡਾਲਰ ਤੱਕ ਗ੍ਰਾਂਟਾਂ ਤੇ ਕਰਜ਼ਿਆਂ ਦੇ ਰੂਪ ਵਿੱਚ ਦਿੱਤੇ ਜਾਣਗੇ।

ਨਗਰਪਾਲਿਕਾਵਾਂ, ਗੈਰ-ਮੁਨਾਫ਼ਾ ਸੰਸਥਾਵਾਂ ਅਤੇ ਨਿੱਜੀ ਭਾਈਵਾਲਾਂ ਵੱਲੋਂ ਲਗਭਗ 238 ਮਿਲੀਅਨ ਡਾਲਰ ਦੇ ਯੋਗਦਾਨ ਨਾਲ ਕੁੱਲ ਰਿਹਾਇਸ਼ੀ ਨਿਵੇਸ਼ ਲਗਭਗ 623 ਮਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ।ਫੈਡਰਲ ਹਾਊਸਿੰਗ ਅਤੇ ਇਨਫਰਾਸਟਰਕਚਰ ਮੰਤਰੀ ਗ੍ਰੇਗਰ ਰੌਬਰਟਸਨ ਨੇ ਕਿਹਾ ਕਿ ਸਰਕਾਰ ਘਰਾਂ ਦੀ ਉਸਾਰੀ ਨੂੰ ਤੇਜ਼ ਕਰਨ ਲਈ ਨਵੇਂ ਤਰੀਕਿਆਂ, ਜਿਵੇਂ ਕਿ ਫੈਕਟਰੀ ਅਤੇ ਆਫ-ਸਾਈਟ ਨਿਰਮਾਣ, ਨੂੰ ਉਤਸ਼ਾਹਿਤ ਕਰ ਰਹੀ ਹੈ।ਅਲਬਰਟਾ ਦੇ ਸਹਾਇਕ ਜੀਵਨ ਅਤੇ ਸਮਾਜਿਕ ਸੇਵਾਵਾਂ ਮੰਤਰੀ ਅਤੇ ਹਾਊਸਿੰਗ ਮਾਮਲਿਆਂ ਦੇ ਜ਼ਿੰਮੇਵਾਰ ਮੰਤਰੀ ਨੈਥਨ ਨਿਊਡੌਰਫ ਨੇ ਕਿਹਾ ਕਿ ਸਮਝੌਤੇ ਤਹਿਤ ਅਲਬਰਟਾ ਦੀਆਂ ਹਾਊਸਿੰਗ ਤਰਜੀਹਾਂ ਨੂੰ ਕੇਂਦਰ ਵਿੱਚ ਰੱਖਿਆ ਜਾਵੇਗਾ।

ਦੋਵੇਂ ਸਰਕਾਰਾਂ ਇੱਕ ਸਾਂਝੀ ਸਹਿਯੋਗ ਕਮੇਟੀ ਰਾਹੀਂ ਤਰਜੀਹੀ ਪ੍ਰਾਜੈਕਟਾਂ ਦੀ ਚੋਣ ਕਰਨਗੀਆਂ। ਅਲਬਰਟਾ ਵੱਲੋਂ ਸਿਫ਼ਾਰਸ਼ ਕੀਤੇ ਪ੍ਰਾਜੈਕਟਾਂ ਨੂੰ ਫੈਡਰਲ ਫੰਡਾਂ ਲਈ ਪਹਿਲ ਦਿੱਤੀ ਜਾਵੇਗੀ। ਭਵਿੱਖ ਵਿੱਚ ਸੂਬਾਈ ਅਤੇ ਫੈਡਰਲ ਫੰਡਾਂ ਲਈ ਇੱਕੋ ਅਰਜ਼ੀ ਪ੍ਰਕਿਰਿਆ ਬਣਾਉਣ ਦੀ ਵੀ ਯੋਜਨਾ ਹੈ।ਇਹ ਸਮਝੌਤਾ ਅਲਬਰਟਾ ਦੀ 2021 ਵਿੱਚ ਸ਼ੁਰੂ ਕੀਤੀ ਗਈ ‘ਸਟ੍ਰੌਂਗਰ ਫਾਊਂਡੇਸ਼ਨਜ਼’ ਰਣਨੀਤੀ ਨਾਲ ਜੁੜਿਆ ਹੋਇਆ ਹੈ। ਸਰਕਾਰ ਮੁਤਾਬਕ ਹੁਣ ਤੱਕ ਕਿਫਾਇਤੀ ਰਿਹਾਇਸ਼ ਲਈ 730 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ ਜਾ ਚੁੱਕੇ ਹਨ ਅਤੇ 2031 ਤੱਕ 25,000 ਹੋਰ ਕਿਫਾਇਤੀ ਘਰਾਂ ਦੀ ਸਹਾਇਤਾ ਦੇ ਟੀਚੇ ਦਾ ਲਗਭਗ 70 ਫ਼ੀਸਦੀ ਹਿੱਸਾ ਪੂਰਾ ਹੋ ਚੁੱਕਾ ਹੈ।