ਖੀਰ ਗੰਗਾ ਨਦੀ ’ਚ ਭਾਰੀ ਹੜ੍ਹ ਕਾਰਨ ਅੱਧਾ ਧਾਰਲੀ ਪਿੰਡ ਰੁੜਿਆ

ਖੀਰ ਗੰਗਾ ਨਦੀ ’ਚ ਭਾਰੀ ਹੜ੍ਹ ਕਾਰਨ ਅੱਧਾ ਧਾਰਲੀ ਪਿੰਡ ਰੁੜਿਆ

ਉੱਤਰਕਾਸ਼ੀ ਦੇ ਹਰਸ਼ੀਲ ਇਲਾਕੇ ਦੇ ਧਾਰਲੀ ਪਿੰਡ ਵਿਚ ਮੰਗਲਵਾਰ ਨੂੰ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਪਿੰਡ ਦਾ ਅੱਧਾ ਹਿੱਸਾ ਪਾਣੀ ਵਿੱਚ ਰੁੜ੍ਹ ਗਿਆ ਅਤੇ ਕਈ ਲੋਕ ਲਾਪਤਾ ਹੋ ਗਏ। ਮਿੱਟੀ ਦੀ ਗਾਰ ਵਾਲਾ ਪਾਣੀ ਪੂਰੇ ਪਿੰਡ ਵਿਚ ਭਰ ਗਿਆ। ਬਹੁਤ ਸਾਰੇ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ।
ਇਹ ਪਿੰਡ, ਜੋ ਕਿ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਹੈ ਤੇ ਜਿੱਥੇ ਕਰੀਬ 20-25 ਹੋਟਲ ਅਤੇ ਹੋਮਸਟੇਅ ਹਨ, ਨੂੰ ਕਾਫ਼ੀ ਨੁਕਸਾਨ ਹੋਇਆ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਦਾਰੇ ਤਬਾਹ ਹੋ ਗਏ ਹਨ। ਆਫ਼ਤ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਭਿਆਨਕ ਵੀਡੀਓ ਵਿੱਚ ਹੜ੍ਹ ਦਾ ਪਾਣੀ ਪਹਾੜ ਤੋਂ ਹੇਠਾਂ ਵਗਦੇ ਹੋਏ ਪਿੰਡ ਵਿੱਚ ਵੜਦਾ ਨਜ਼ਰ ਆ ਰਿਹਾ ਹੈ। ਇਹ ਸੈਲਾਬ ਘਰਾਂ, ਸੜਕਾਂ ਅਤੇ ਰਸਤੇ ਵਿੱਚ ਆਉਣ ਵਾਲੀ ਹਰ ਚੀਜ਼ ਨੂੰ ਵਹਾ ਕੇ ਲੈ ਗਿਆ। ਲੋਕਾਂ ਨੂੰ ਘਬਰਾਹਟ ਵਿੱਚ ਚੀਕਦੇ ਸੁਣਿਆ ਜਾ ਸਕਦਾ ਹੈ। ਪਿੰਡ ਵਿੱਚ 20-25 ਹੋਟਲ ਅਤੇ ਹੋਮਸਟੇਅ ਸਨ, ਅਤੇ ਬਹੁਤ ਸਾਰੇ ਲੋਕ ਪਾਣੀ ਵਿੱਚ ਵਹਿ ਗਏ ਸਨ। 
ਉੱਤਰਾਖੰਡ ਪੁਲੀਸ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਉੱਤਰਾਖੰਡ ਦੇ ਹਰਸ਼ੀਲ ਖੇਤਰ ਵਿੱਚ ਪਾਣੀ ਦੇ ਪੱਧਰ ਵਿੱਚ ਵਾਧੇ ਕਾਰਨ ਨੁਕਸਾਨ ਹੋਣ ਦੀ ਸੰਭਾਵਨਾ ਹੈ।’’ ਪੁਲੀਸ ਨੇ ਸਥਾਨਕ ਲੋਕਾਂ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਲਈ ਕਿਹਾ ਹੈ। ਲਗਾਤਾਰ ਪੰਜਵੇਂ ਦਿਨ ਵੀ ਉਤਰਾਖੰਡ ਵਿੱਚ ਮੌਨਸੂਨ ਦੀ ਝੜੀ ਜਾਰੀ ਰਹੀ, ਜਿਸ ਨਾਲ ਕਈ ਜ਼ਿਲ੍ਹਿਆਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ। ਪ੍ਰਭਾਵਿਤ ਖੇਤਰ ਵਿੱਚ ਆਫ਼ਤ ਪ੍ਰਤੀਕਿਰਿਆ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਬਚਾਅ ਕਾਰਜ ਇਸ ਸਮੇਂ ਜਾਰੀ ਹਨ। ਅਧਿਕਾਰੀਆਂ ਨੂੰ ਡਰ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਮਲਬੇ ਹੇਠ ਫਸੇ ਹੋ ਸਕਦੇ ਹਨ।