ਕਿਊਬੈਕ ਅਤੇ ਓਂਟਾਰੀਓ ਵਿੱਚ ਤਿੰਨ ਸੀਟਾਂ ’ਤੇ ਜ਼ਿਮਨੀ ਚੋਣਾਂ 13 ਅਪ੍ਰੈਲ ਨੂੰ
ਓਟਵਾ-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਓਂਟਾਰੀਓ ਅਤੇ ਕਿਊਬੈਕ ਦੀਆਂ ਤਿੰਨ ਸੰਸਦੀ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਇਹ ਚੋਣਾਂ 13 ਅਪ੍ਰੈਲ ਨੂੰ ਹੋਣਗੀਆਂ। ਓਂਟਾਰੀਓ ਵਿੱਚ ਯੂਨੀਵਰਸਿਟੀ–ਰੋਜ਼ਡੇਲ ਅਤੇ ਸਕਾਰਬਰੋ–ਸਾਊਥਵੈਸਟ ਰਾਈਡਿੰਗਾਂ, ਜਦਕਿ ਕਿਊਬੈਕ ਵਿੱਚ ਟੈਰੀਬੌਨ ਸੀਟ ਲਈ ਵੋਟਿੰਗ ਹੋਵੇਗੀ। ਲਿਬਰਲ ਪਾਰਟੀ ਲਈ ਇਹ ਚੋਣਾਂ ਇਸ ਕਰਕੇ ਵੀ ਮਹੱਤਵਪੂਰਨ ਹਨ ਕਿਉਂਕਿ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਉਸਨੂੰ ਹੋਰ ਸੀਟਾਂ ਦੀ ਲੋੜ ਹੈ।
ਓਂਟਾਰੀਓ ਦੀਆਂ ਦੋਵੇਂ ਸੀਟਾਂ ਸਾਬਕਾ ਲਿਬਰਲ ਕੈਬਿਨਟ ਮੰਤਰੀਆਂ ਦੇ ਅਸਤੀਫਿਆਂ ਤੋਂ ਬਾਅਦ ਖਾਲ੍ਹੀ ਹੋਈਆਂ ਸਨ। ਸਾਬਕਾ ਮੰਤਰੀ ਬਿਲ ਬਲੇਅਰ ਨੂੰ ਯੂਨਾਈਟਡ ਕਿੰਗਡਮ ਲਈ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਐਮਪੀ ਦਾ ਅਹੁਦਾ ਛੱਡ ਦਿੱਤਾ। ਦੂਜੇ ਪਾਸੇ ਕ੍ਰਿਸਟੀਆ ਫ੍ਰੀਲੈਂਡ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਆਰਥਿਕ ਸਲਾਹਕਾਰ ਵਜੋਂ ਨਵੀਂ ਜ਼ਿੰਮੇਵਾਰੀ ਸਵੀਕਾਰ ਕਰਨ ਕਾਰਨ ਅਸਤੀਫ਼ਾ ਦਿੱਤਾ ਸੀ।
ਕਿਊਬੈਕ ਦੀ ਟੈਰੀਬੌਨ ਰਾਈਡਿੰਗ ਵਿੱਚ ਚੋਣ ਕੈਨੇਡਾ ਦੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹੋ ਰਹੀ ਹੈ। ਪਹਿਲਾਂ ਇਹ ਸੀਟ ਬਲੌਕ ਕਿਊਬੈਕਵਾ ਦੇ ਹੱਕ ਵਿੱਚ ਗਈ ਸੀ, ਪਰ ਨਿਆਂਇਕ ਮੁੜ-ਗਿਣਤੀ ਦੌਰਾਨ ਲਿਬਰਲ ਉਮੀਦਵਾਰ ਟੈਟੀਆਨਾ ਔਗਸਟੇ ਇੱਕ ਵੋਟ ਦੇ ਫਰਕ ਨਾਲ ਜੇਤੂ ਐਲਾਨੀ ਗਈ। ਬਲੌਕ ਦੀ ਉਮੀਦਵਾਰ ਨੇਟਹੈਲੀ ਸਿਨਲੇਅਰ-ਡੈਸਗੈਗਨੇ ਨੇ ਅਦਾਲਤ ਵਿੱਚ ਅਪੀਲ ਕਰਕੇ ਨਤੀਜਾ ਰੱਦ ਕਰਨ ਅਤੇ ਨਵੀਂ ਚੋਣ ਦੀ ਮੰਗ ਕੀਤੀ ਸੀ।
ਲਿਬਰਲ ਪਾਰਟੀ ਨੇ ਯੂਨੀਵਰਸਿਟੀ–ਰੋਜ਼ਡੇਲ ਤੋਂ ਡਾ. ਡੈਨੀਅਲ ਮਾਰਟਿਨ ਨੂੰ ਉਮੀਦਵਾਰ ਬਣਾਇਆ ਹੈ, ਜਦਕਿ ਸਾਬਕਾ ਐਨਡੀਪੀ ਡਿਪਟੀ ਲੀਡਰ ਡੌਲੀ ਬੇਗਮ ਦਲ ਬਦਲ ਕੇ ਸਕਾਰਬਰੋ–ਸਾਊਥਵੈਸਟ ਤੋਂ ਲਿਬਰਲ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰੀ ਹੈ। ਐਨਡੀਪੀ ਵੱਲੋਂ ਯੂਨੀਵਰਸਿਟੀ–ਰੋਜ਼ਡੇਲ ਤੋਂ ਸੇਰੇਨਾ ਪੁਰਡੀ ਅਤੇ ਸਕਾਰਬਰੋ–ਸਾਊਥਵੈਸਟ ਤੋਂ ਫਾਤਿਮਾ ਸ਼ਬਾਨ ਨੂੰ ਉਮੀਦਵਾਰ ਬਣਾਇਆ ਗਿਆ ਹੈ। ਗ੍ਰੀਨ ਪਾਰਟੀ ਵੱਲੋਂ ਪੂਜਾ ਮਲਹੋਤਰਾ ਅਤੇ ਐਂਡਰਿਊ ਮੈਸੀ ਚੋਣ ਲੜਣਗੇ, ਜਦਕਿ ਕੰਜ਼ਰਵੇਟਿਵ ਪਾਰਟੀ ਨੇ ਹਾਲੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ।
ਇਸ ਵੇਲੇ ਹਾਊਸ ਆਫ ਕਾਮਨਜ਼ ਵਿੱਚ ਲਿਬਰਲ ਪਾਰਟੀ ਕੋਲ 169 ਸੰਸਦ ਮੈਂਬਰ ਹਨ ਅਤੇ ਬਹੁਮਤ ਲਈ 172 ਸੀਟਾਂ ਦੀ ਲੋੜ ਹੈ। ਇਸ ਕਰਕੇ ਇਹ ਤਿੰਨੋਂ ਜ਼ਿਮਨੀ ਚੋਣਾਂ ਲਿਬਰਲਾਂ ਲਈ ਬਹੁਤ ਅਹਿਮ ਮੰਨੀਆਂ ਜਾ ਰਹੀਆਂ ਹਨ। ਵੋਟਰ 3 ਤੋਂ 6 ਅਪ੍ਰੈਲ ਤੱਕ ਐਡਵਾਂਸ ਪੋਲ ਵਿੱਚ ਵੀ ਵੋਟ ਪਾ ਸਕਣਗੇ।
















