ਕਾਊਬੋਇਜ਼ ਪਾਰਕ ਦੇ ਨਵੇਂ ਬੋਰਡ ਨਾਲ ਸਪਾਂਸਰਸ਼ਿਪ ਸਮਝੌਤੇ ’ਤੇ ਮੁੜ ਉੱਠੇ ਸਵਾਲ
ਕੈਲਗਰੀ-ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਸਾਬਕਾ ਸ਼ਾ ਮਿਲੇਨੀਅਮ ਪਾਰਕ ਵਿਖੇ ਲਗਾਏ ਗਏ ਨਵੇਂ "ਕਾਊਬੋਇਜ਼ ਪਾਰਕ" ਬੋਰਡ ਤੋਂ ਬਾਅਦ ਸ਼ਹਿਰ ਅਤੇ ਪੈਨੀ ਲੇਨ ਐਂਟਰਟੇਨਮੈਂਟ ਦਰਮਿਆਨ ਹੋਏ ਗੁਪਤ ਸਪਾਂਸਰਸ਼ਿਪ ਸਮਝੌਤੇ ਨੂੰ ਲੈ ਕੇ ਵਿਵਾਦ ਇੱਕ ਵਾਰ ਫਿਰ ਭੜਕ ਉੱਠਿਆ ਹੈ।ਦੱਸਿਆ ਜਾ ਰਿਹਾ ਹੈ ਕਿ 10 ਸਾਲਾਂ ਲਈ ਕੀਤਾ ਗਿਆ ਇਹ ਸਮਝੌਤਾ ਦੋ ਸਾਲ ਪਹਿਲਾਂ ਸਾਬਕਾ ਮੇਅਰ ਜੋਤੀ ਗੋਂਡੇਕ ਅਤੇ ਉਸ ਵੇਲੇ ਦੀ ਕੌਂਸਲ ਵੱਲੋਂ ਮਨਜ਼ੂਰ ਕੀਤਾ ਗਿਆ ਸੀ। ਇਸ ਸਮਝੌਤੇ ਤਹਿਤ ਪਾਰਕ ਦੇ ਨਾਮਕਰਨ ਦੇ ਅਧਿਕਾਰ ਅਤੇ ਜਨਤਕ ਸਥਾਨ ਦੇ ਵੱਡੇ ਹਿੱਸੇ ਦਾ ਪ੍ਰਬੰਧਨ ਨਿੱਜੀ ਕੰਪਨੀ ਨੂੰ ਸੌਂਪਿਆ ਗਿਆ।
ਇਸ ਫ਼ੈਸਲੇ ਕਾਰਨ ਕਈ ਪੁਰਾਣੇ ਸੱਭਿਆਚਾਰਕ ਮੇਲਿਆਂ ਅਤੇ ਸਮਾਗਮਾਂ ਨੂੰ ਪਾਰਕ ਤੋਂ ਹਟਣਾ ਪਿਆ, ਜਦਕਿ ਪਾਰਕ ਦੇ ਕਾਫ਼ੀ ਹਰੇ-ਭਰੇ ਖੇਤਰ ਨੂੰ ਪੱਕਾ ਕਰਨ ਦੀ ਯੋਜਨਾ ਵੀ ਬਣਾਈ ਗਈ। ਸਥਾਨਕ ਲੋਕਾਂ ਨਾਲ ਸਲਾਹ-ਮਸ਼ਵਰਾ ਉਸ ਵੇਲੇ ਕੀਤਾ ਗਿਆ ਜਦੋਂ ਨਿਰਮਾਣ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ।ਕੈਲਗਰੀ ਦੇ ਮੌਜੂਦਾ ਮੇਅਰ ਜੇਰੋਮੀ ਫ਼ਾਰਕਸ ਨੇ ਇਸ ਸਮਝੌਤੇ ’ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਕਿ ਉਹ ਇਸ ਸੌਦੇ ਨੂੰ ਪਸੰਦ ਨਹੀਂ ਕਰਦੇ, ਪਰ ਪਿਛਲੀ ਕੌਂਸਲ ਵੱਲੋਂ ਕੀਤੇ ਗਏ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਕਰਨਾ ਉਨ੍ਹਾਂ ਦੀ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਗੁਪਤਤਾ ਦੀਆਂ ਸਖ਼ਤ ਸ਼ਰਤਾਂ ਕਾਰਨ ਉਹ ਆਪਣੇ ਸਟਾਫ਼ ਨਾਲ ਵੀ ਇਸ ਸਮਝੌਤੇ ਦੇ ਵੇਰਵੇ ਸਾਂਝੇ ਨਹੀਂ ਕਰ ਸਕਦੇ।
ਮੇਅਰ ਨੇ ਕਿਹਾ ਕਿ ਜਨਤਕ ਸੰਪਤੀ ਨਾਲ ਜੁੜੇ ਮਾਮਲਿਆਂ ਵਿੱਚ ਵੱਧ ਤੋਂ ਵੱਧ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਅਤੇ ਭਵਿੱਖ ਵਿੱਚ ਜਵਾਬਦੇਹੀ ਅਤੇ ਲੋਕਾਂ ਦੀ ਪਹੁੰਚ ਨੂੰ ਬਿਹਤਰ ਬਣਾਉਣ ਲਈ ਯਤਨ ਕੀਤੇ ਜਾਣਗੇ।ਇਸ ਮਾਮਲੇ ’ਤੇ ਸੋਸ਼ਲ ਮੀਡੀਆ ਅਤੇ ਸਥਾਨਕ ਭਾਈਚਾਰੇ ਵੱਲੋਂ ਵੀ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਜਨਤਕ ਸਕੇਟਪਾਰਕ ਅਤੇ ਪਾਰਕ ਖੇਤਰ ਨੂੰ ਨਿੱਜੀ ਸਮਾਗਮਾਂ ਲਈ ਵਰਤਣ ਨਾਲ ਆਮ ਨਾਗਰਿਕਾਂ ਦੀ ਪਹੁੰਚ ਪ੍ਰਭਾਵਿਤ ਹੋ ਰਹੀ ਹੈ।ਫਿਲਹਾਲ ਕਾਊਬੋਇਜ਼ ਮਿਊਜ਼ਿਕ ਫੈਸਟੀਵਲ ਦੀਆਂ ਤਿਆਰੀਆਂ ਲਈ ਪਾਰਕ ਦੇ ਕਈ ਹਿੱਸਿਆਂ ਨੂੰ ਮੁੜ ਘੇਰ ਲਿਆ ਗਿਆ ਹੈ ਅਤੇ ਨਵੇਂ ਬੋਰਡ ਵੀ ਲਗਾ ਦਿੱਤੇ ਗਏ ਹਨ, ਜਿਸ ਕਾਰਨ ਇਹ ਮਾਮਲਾ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ।
















