ਹਾਊਸਿੰਗ ਮਾਰਕੀਟ ‘ਚ ਬਦਲਾਅ, ਕੈਨੇਡਾ ‘ਚ ਕਿਰਾਏ ਡਾਊਨ ਟ੍ਰੈਂਡ ‘ਚ

ਹਾਊਸਿੰਗ ਮਾਰਕੀਟ ‘ਚ ਬਦਲਾਅ, ਕੈਨੇਡਾ ‘ਚ ਕਿਰਾਏ ਡਾਊਨ ਟ੍ਰੈਂਡ ‘ਚ

ਐਡਮੰਟਨ-ਕੈਨੇਡਾ ਵਿੱਚ ਘਰਾਂ ਦੇ ਕਿਰਾਏ ਵਿੱਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ। ਨਵੀਂ ਰਿਪੋਰਟ ਮੁਤਾਬਕ, ਐਡਮੰਟਨ ਵਿੱਚ ਔਸਤ ਅਪਾਰਟਮੈਂਟ ਕਿਰਾਇਆ 2.2% ਘਟ ਕੇ $1,488 ਰਹਿ ਗਿਆ ਹੈ।

ਰਿਪੋਰਟ ਅਨੁਸਾਰ, ਮਾਰਚ 2026 ਵਿੱਚ ਕੈਨੇਡਾ ਦਾ ਔਸਤ ਕਿਰਾਇਆ $2,008 ਰਿਹਾ, ਜੋ ਪਿਛਲੇ ਸਾਲ ਨਾਲੋਂ 5.3% ਘੱਟ ਹੈ। ਇਹ ਲਗਾਤਾਰ 18ਵਾਂ ਮਹੀਨਾ ਹੈ ਜਦੋਂ ਕਿਰਾਏ ਵਿੱਚ ਸਾਲਾਨਾ ਕਮੀ ਆਈ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਵਿਡ ਸਮੇਂ ਤੋਂ ਬਾਅਦ ਇਹ ਸਭ ਤੋਂ ਤੇਜ਼ ਗਿਰਾਵਟ ਹੈ। ਮਾਰਚ ਮਹੀਨੇ ਵਿੱਚ ਕਿਰਾਏ ਫਰਵਰੀ ਨਾਲੋਂ ਵੀ 1.1% ਘਟੇ ਹਨ।

ਅਰਬਨੇਸ਼ਨ ਦੇ ਪ੍ਰਧਾਨ ਸ਼ੌਨ ਹਿਲਡੇਬਰੈਂਡ ਮੁਤਾਬਕ, ਆਬਾਦੀ ਵਿੱਚ ਘਟਾਅ, ਮਹਿੰਗਾਈ, ਆਰਥਿਕ ਅਣਸ਼ਚਿਤਤਾ ਅਤੇ ਵੱਡੀ ਗਿਣਤੀ ਵਿੱਚ ਨਵੇਂ ਘਰ ਬਣਨ ਕਾਰਨ ਇਹ ਕਮੀ ਆ ਰਹੀ ਹੈ।

ਇਨ੍ਹਾਂ ਕਾਰਨਾਂ ਨਾਲ ਖਾਲੀ ਘਰਾਂ ਦੀ ਗਿਣਤੀ (ਵੈਕੈਂਸੀ ਰੇਟ) ਵਧ ਰਹੀ ਹੈ, ਜਿਸ ਨਾਲ ਹੁਣ ਕਿਰਾਏਦਾਰਾਂ ਨੂੰ ਫ਼ਾਇਦਾ ਹੋ ਰਿਹਾ ਹੈ। ਕਈ ਸ਼ਹਿਰਾਂ ਵਿੱਚ ਮਕਾਨ ਮਾਲਕ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਛੂਟਾਂ ਵੀ ਦੇ ਰਹੇ ਹਨ, ਜਿਵੇਂ ਕੁਝ ਮਹੀਨਿਆਂ ਦਾ ਮੁਫ਼ਤ ਕਿਰਾਇਆ ਜਾਂ ਪਾਰਕਿੰਗ ਫੀਸ ਵਿੱਚ ਛੂਟ।

ਆਰਬੀਸੀ ਇਕਨਾਮਿਕਸ ਦੀ ਰਿਪੋਰਟ ਮੁਤਾਬਕ, 2026 ਵਿੱਚ ਕੈਨੇਡਾ ਦਾ ਵੈਕੈਂਸੀ ਰੇਟ 3% ਤੋਂ ਵੱਧ ਹੋ ਸਕਦਾ ਹੈ, ਜੋ ਸੰਤੁਲਿਤ ਮਾਰਕੀਟ ਦੀ ਨਿਸ਼ਾਨੀ ਮੰਨੀ ਜਾਂਦੀ ਹੈ।

ਦੇਸ਼ ਭਰ ਵਿੱਚ ਕਿਰਾਏ ਪਿਛਲੇ 35 ਮਹੀਨਿਆਂ ਦੇ ਸਭ ਤੋਂ ਘੱਟ ਪੱਧਰ ‘ਤੇ ਆ ਗਏ ਹਨ ਅਤੇ ਦੋ ਸਾਲ ਪਹਿਲਾਂ ਨਾਲੋਂ 7.9% ਘੱਟ ਹਨ।

ਸੂਬਿਆਂ ਅਨੁਸਾਰ, ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਵੱਧ 4.8% ਦੀ ਕਮੀ ਆਈ, ਜਦਕਿ ਅਲਬਰਟਾ ਵਿੱਚ 4.6% ਦੀ ਘਟੋਤਰੀ ਦਰਜ ਕੀਤੀ ਗਈ। ਓਂਟਾਰਿਓ ਵਿੱਚ 4.4% ਅਤੇ ਕਿਊਬੈਕ ਵਿੱਚ 1.7% ਕਮੀ ਆਈ।

ਦੂਜੇ ਪਾਸੇ, ਨੋਵਾ ਸਕੋਸ਼ੀਆ, ਸਸਕਾਚਵਨ ਅਤੇ ਮੈਨਿਟੋਬਾ ਵਿੱਚ ਕਿਰਾਏ ਵਧੇ ਹਨ।

ਵੱਡੇ ਸ਼ਹਿਰਾਂ ਵਿੱਚ ਕੈਲਗਰੀ, ਟੋਰਾਂਟੋ, ਵੈਨਕੂਵਰ ਅਤੇ ਓਟਾਵਾ ਵਿੱਚ ਕਿਰਾਏ ਘਟੇ ਹਨ, ਜਦਕਿ ਐਡਮੰਟਨ ਅਤੇ ਮੋਂਟਰੀਅਲ ਵਿੱਚ ਹਲਕੀ ਕਮੀ ਦਰਜ ਕੀਤੀ ਗਈ ਹੈ।