ਸੁਵੇਂਦੂ ਅਧਿਕਾਰੀ ਬਣਨਗੇ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ

ਸੁਵੇਂਦੂ ਅਧਿਕਾਰੀ ਬਣਨਗੇ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ

ਕੋਲਕਾਤਾ-ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਜਿੱਤ ਹਾਸਲ ਕਰਨ ਤੋਂ ਬਾਅਦ ਭਾਜਪਾ ਨੇ ਸੁਵੇਂਦੂ ਅਧਿਕਾਰੀ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਚੁਣ ਲਿਆ ਹੈ। ਕੋਲਕਾਤਾ ਵਿੱਚ ਹੋਈ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਉਨ੍ਹਾਂ ਦੇ ਨਾਮ ’ਤੇ ਮੋਹਰ ਲਗਾਈ ਗਈ।

55 ਸਾਲਾ ਸੁਵੇਂਦੂ ਅਧਿਕਾਰੀ ਪਿਛਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਹੇ ਹਨ। ਇੱਕ ਸਮੇਂ ਉਹ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਦੇ ਕਰੀਬੀ ਸਾਥੀ ਮੰਨੇ ਜਾਂਦੇ ਸਨ, ਪਰ 2020 ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। 2021 ਦੀਆਂ ਚੋਣਾਂ ਵਿੱਚ ਭਾਜਪਾ 77 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਬਣੀ ਸੀ, ਜਦਕਿ ਇਸ ਵਾਰ ਪਾਰਟੀ ਨੇ 207 ਸੀਟਾਂ ਜਿੱਤ ਕੇ ਸੱਤਾ ਹਾਸਲ ਕਰ ਲਈ ਹੈ।ਸੁਵੇਂਦੂ ਅਧਿਕਾਰੀ ਤਿੰਨ ਵਾਰ ਦੇ ਸੰਸਦ ਮੈਂਬਰ ਸਿਸਿਰ ਅਧਿਕਾਰੀ ਦੇ ਪੁੱਤਰ ਹਨ। ਉਨ੍ਹਾਂ ਨੇ ਆਪਣਾ ਰਾਜਨੀਤਿਕ ਸਫ਼ਰ ਕਾਂਗਰਸ ਦੀ ਵਿਦਿਆਰਥੀ ਇਕਾਈ ਛਾਤਰ ਪਰਿਸ਼ਦ ਨਾਲ ਸ਼ੁਰੂ ਕੀਤਾ ਸੀ। 1995 ਵਿੱਚ ਉਹ ਪਹਿਲੀ ਵਾਰ ਕਾਂਠੀ ਨਗਰ ਪਾਲਿਕਾ ਦੇ ਕੌਂਸਲਰ ਚੁਣੇ ਗਏ। ਬਾਅਦ ਵਿੱਚ ਮਮਤਾ ਬੈਨਰਜੀ ਵੱਲੋਂ ਤ੍ਰਿਣਮੂਲ ਕਾਂਗਰਸ ਬਣਾਉਣ ਤੋਂ ਬਾਅਦ ਉਹ ਪਾਰਟੀ ਨਾਲ ਜੁੜ ਗਏ।

ਨੰਦੀਗ੍ਰਾਮ ਅੰਦੋਲਨ ਦੌਰਾਨ ਸੁਵੇਂਦੂ ਅਧਿਕਾਰੀ ਨੇ ਤਤਕਾਲੀ ਖੱਬੇ ਮੋਰਚੇ ਦੀ ਸਰਕਾਰ ਵਿਰੁੱਧ ਜ਼ਮੀਨ ਅਧਿਗ੍ਰਹਿਣ ਖ਼ਿਲਾਫ਼ ਮੁਹਿੰਮ ਦੀ ਅਗਵਾਈ ਕੀਤੀ ਸੀ। ਇਸ ਅੰਦੋਲਨ ਨੇ ਨਾ ਸਿਰਫ਼ ਉਨ੍ਹਾਂ ਦੀ ਸਿਆਸੀ ਪਛਾਣ ਮਜ਼ਬੂਤ ਕੀਤੀ, ਸਗੋਂ ਤ੍ਰਿਣਮੂਲ ਕਾਂਗਰਸ ਨੂੰ ਵੀ ਵੱਡੀ ਤਾਕਤ ਦਿੱਤੀ।2009 ਵਿੱਚ ਉਹ ਤਮਲੁਕ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਅਤੇ 2014 ਵਿੱਚ ਵੀ ਆਪਣੀ ਸੀਟ ਬਰਕਰਾਰ ਰੱਖੀ। 2016 ਵਿੱਚ ਨੰਦੀਗ੍ਰਾਮ ਤੋਂ ਵਿਧਾਇਕ ਬਣਨ ਮਗਰੋਂ ਉਨ੍ਹਾਂ ਨੇ ਲੋਕ ਸਭਾ ਸੀਟ ਛੱਡ ਦਿੱਤੀ ਅਤੇ ਮਮਤਾ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਬਣੇ।

ਮਮਤਾ ਬੈਨਰਜੀ ਅਤੇ ਸੁਵੇਂਦੂ ਅਧਿਕਾਰੀ ਵਿਚਾਲੇ ਦੂਰੀ ਉਸ ਵੇਲੇ ਵਧਣੀ ਸ਼ੁਰੂ ਹੋਈ ਜਦੋਂ ਅਭਿਸ਼ੇਕ ਬੈਨਰਜੀ ਨੂੰ ਪਾਰਟੀ ਵਿੱਚ ਵੱਡੀ ਭੂਮਿਕਾ ਦਿੱਤੀ ਜਾਣ ਲੱਗੀ। 2020 ਵਿੱਚ ਸੁਵੇਂਦੂ ਨੇ ਤ੍ਰਿਣਮੂਲ ਛੱਡ ਕੇ ਭਾਜਪਾ ਦਾ ਦਾਮਨ ਫੜ ਲਿਆ ਅਤੇ “ਤੋਲਾਬਾਜ ਭਤੀਜਾ ਹਟਾਓ” ਦਾ ਨਾਅਰਾ ਦਿੱਤਾ।2021 ਦੀ ਚੋਣ ਵਿੱਚ ਸੁਵੇਂਦੂ ਅਧਿਕਾਰੀ ਨੇ ਨੰਦੀਗ੍ਰਾਮ ਵਿੱਚ ਮਮਤਾ ਬੈਨਰਜੀ ਨੂੰ ਹਰਾਇਆ ਸੀ। 2026 ਦੀ ਚੋਣ ਵਿੱਚ ਭਵਾਨੀਪੁਰ ਵਿੱਚ ਵੀ ਉਨ੍ਹਾਂ ਦੀ ਜਿੱਤ ਨੇ ਭਾਜਪਾ ਅੰਦਰ ਉਨ੍ਹਾਂ ਦੀ ਪਕੜ ਹੋਰ ਮਜ਼ਬੂਤ ਕਰ ਦਿੱਤੀ।