ਸਪੋਰਟਿਵ ਹਾਊਸਿੰਗ ਵਿੱਚ ਹਿੰਸਾ ਅਤੇ ਹਥਿਆਰਾਂ ਖ਼ਿਲਾਫ਼ ਸਖ਼ਤ ਕਦਮ, ਬੀ.ਸੀ. ਸਰਕਾਰ ਲੈ ਕੇ ਆਈ ਨਵਾਂ ਕਾਨੂੰਨ

ਸਪੋਰਟਿਵ ਹਾਊਸਿੰਗ ਵਿੱਚ ਹਿੰਸਾ ਅਤੇ ਹਥਿਆਰਾਂ ਖ਼ਿਲਾਫ਼ ਸਖ਼ਤ ਕਦਮ, ਬੀ.ਸੀ. ਸਰਕਾਰ ਲੈ ਕੇ ਆਈ ਨਵਾਂ ਕਾਨੂੰਨ

ਬ੍ਰਿਟਿਸ਼ ਕੋਲੰਬੀਆ-ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸਪੋਰਟਿਵ ਹਾਊਸਿੰਗ ਵਿੱਚ ਵਧ ਰਹੀਆਂ ਹਿੰਸਕ ਘਟਨਾਵਾਂ ਅਤੇ ਹਥਿਆਰਾਂ ਦੀ ਮੌਜੂਦਗੀ ਨੂੰ ਰੋਕਣ ਲਈ ਨਵਾਂ ਕਾਨੂੰਨ ਵਿਧਾਨ ਸਭਾ ਵਿੱਚ ਪੇਸ਼ ਕੀਤਾ ਹੈ। ਹਾਊਸਿੰਗ ਮੰਤਰੀ ਕਰਿਸਟੀਨ ਬੋਇਲ ਨੇ ਕਿਹਾ ਕਿ ਇਸ ਕਾਨੂੰਨ ਨਾਲ ਸਮੱਸਿਆ ਪੈਦਾ ਕਰਨ ਵਾਲੇ ਕਿਰਾਇਦਾਰਾਂ ਖ਼ਿਲਾਫ਼ ਕਾਰਵਾਈ ਕਰਨਾ ਹੋਰ ਆਸਾਨ ਹੋ ਜਾਵੇਗਾ।

ਮੰਤਰੀ ਬੋਇਲ ਦੇ ਮੁਤਾਬਕ ਸਪੋਰਟਿਵ ਹਾਊਸਿੰਗ ਵਿੱਚ ਰਹਿ ਰਹੇ ਲਗਭਗ 15 ਹਜ਼ਾਰ ਲੋਕਾਂ ਵਿੱਚੋਂ ਜ਼ਿਆਦਾਤਰ ਕਿਰਾਇਦਾਰ ਸ਼ਾਂਤੀ ਨਾਲ ਰਹਿੰਦੇ ਹਨ, ਪਰ ਕਈ ਸੰਸਥਾਵਾਂ ਲੰਬੇ ਸਮੇਂ ਤੋਂ ਹਥਿਆਰਾਂ ਅਤੇ ਹਿੰਸਾ ਨਾਲ ਜੁੜੀਆਂ ਚਿੰਤਾਵਾਂ ਜ਼ਾਹਰ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਾਊਸਿੰਗ ਸੰਸਥਾਵਾਂ ਨੇ ਸਰਕਾਰ ਕੋਲ ਮੰਗ ਕੀਤੀ ਸੀ ਕਿ ਅਜਿਹੀਆਂ ਘਟਨਾਵਾਂ ਨਾਲ ਨਿਪਟਣ ਲਈ ਉਨ੍ਹਾਂ ਨੂੰ ਵਧੇਰੇ ਅਧਿਕਾਰ ਦਿੱਤੇ ਜਾਣ।

ਨਵੇਂ ਕਾਨੂੰਨ ਤਹਿਤ ਜੇ ਕਿਸੇ ਕਿਰਾਇਦਾਰ ਕੋਲ ਹਥਿਆਰ ਮਿਲਦੇ ਹਨ ਤਾਂ ਉਸਨੂੰ ਤੇਜ਼ੀ ਨਾਲ ਹਾਊਸਿੰਗ ਤੋਂ ਬਾਹਰ ਕੱਢਿਆ ਜਾ ਸਕੇਗਾ। ਇਸ ਤੋਂ ਇਲਾਵਾ ਜੇ ਕੋਈ ਕਿਰਾਇਦਾਰ ਗੰਭੀਰ ਸੁਰੱਖਿਆ ਜਾਂ ਸਿਹਤ ਸੰਬੰਧੀ ਖ਼ਤਰਾ ਪੈਦਾ ਕਰਦਾ ਹੈ ਤਾਂ ਉਸਨੂੰ ਕੁਝ ਸਮੇਂ ਲਈ ਇਮਾਰਤ ਤੋਂ ਦੂਰ ਰੱਖਣ ਦੀ ਵੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਤਣਾਅ ਘਟਾਇਆ ਜਾ ਸਕੇ ਅਤੇ ਹੋਰ ਰਹਿਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੀ ਵਿਧਾਇਕ ਕਲੇਅਰ ਰੈਟੀ ਨੇ ਕਿਹਾ ਕਿ ਇਹ ਤਬਦੀਲੀਆਂ ਕਾਫ਼ੀ ਪਹਿਲਾਂ ਲਿਆਂਦੀਆਂ ਜਾਣੀਆਂ ਚਾਹੀਦੀਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ ਸਹੀ ਦਿਸ਼ਾ ਵੱਲ ਹੈ, ਪਰ ਹਾਲੇ ਵੀ ਸਪੋਰਟਿਵ ਹਾਊਸਿੰਗ ਦੀਆਂ ਸਮੱਸਿਆਵਾਂ ਦਾ ਪੂਰਾ ਹੱਲ ਨਹੀਂ ਹੋਇਆ।