ਸਕੂਲਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਅਲਬਰਟਾ ਵੱਲੋਂ 22 ਮਿਲੀਅਨ ਡਾਲਰ ਦਾ ਐਲਾਨ

ਸਕੂਲਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਅਲਬਰਟਾ ਵੱਲੋਂ 22 ਮਿਲੀਅਨ ਡਾਲਰ ਦਾ ਐਲਾਨ

ਅਲਬਰਟਾ-ਅਲਬਰਟਾ ਸਰਕਾਰ ਨੇ ਇਸ ਸਾਲ ਬੀ.ਸੀ. ਦੇ ਟੰਬਲਰ ਰਿਜ ਵਿੱਚ ਹੋਏ ਸਕੂਲ ਗੋਲੀਕਾਂਡ ਤੋਂ ਬਾਅਦ ਸਕੂਲਾਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ 22 ਮਿਲੀਅਨ ਡਾਲਰ ਦੇ ਫੰਡ ਦਾ ਐਲਾਨ ਕੀਤਾ ਹੈ।ਸਰਕਾਰ ਦੇ ਮੁਤਾਬਕ, ਇਹ ਰਕਮ ਸਕੂਲ ਬੋਰਡਾਂ ਨੂੰ ਵਿਦਿਆਰਥੀਆਂ ਦੀ ਗਿਣਤੀ ਅਨੁਸਾਰ ਦਿੱਤੀ ਜਾਵੇਗੀ, ਜਿਸਨੂੰ ਉਹ ਕੈਮਰੇ ਅਪਗ੍ਰੇਡ ਕਰਨ, ਖਿੜਕੀਆਂ ਦੀ ਸੁਰੱਖਿਆ ਅਤੇ ਹੋਰ ਸੁਰੱਖਿਆ ਪ੍ਰਬੰਧਾਂ ‘ਤੇ ਖਰਚ ਸਕਣਗੇ।

ਇਸ ਵਿੱਚੋਂ 2 ਮਿਲੀਅਨ ਡਾਲਰ ਖਾਸ ਤੌਰ ‘ਤੇ ਸਕੂਲ ਸਟਾਫ ਦੀ ਟ੍ਰੇਨਿੰਗ ਲਈ ਰੱਖੇ ਗਏ ਹਨ, ਤਾਂ ਜੋ ਉਹ ਐਮਰਜੈਂਸੀ ਹਾਲਾਤਾਂ ਦਾ ਠੀਕ ਤਰੀਕੇ ਨਾਲ ਸਾਹਮਣਾ ਕਰ ਸਕਣ।ਸਰਕਾਰ ਨੇ ਇਹ ਵੀ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਨਵੇਂ ਸਕੂਲ ਸੁਰੱਖਿਆ ਮਾਪਦੰਡ ਵੀ ਲਾਗੂ ਕੀਤੇ ਜਾਣਗੇ।ਫਰਵਰੀ ਮਹੀਨੇ ਵਿੱਚ ਟੰਬਲਰ ਰਿਜ ਵਿੱਚ 18 ਸਾਲ ਦੀ ਜੈਸੀ ਵੈਨ ਰੂਟਸਲਾਰ ਨੇ ਪਹਿਲਾਂ ਆਪਣੇ ਘਰ ਵਿੱਚ ਆਪਣੀ ਮਾਂ ਅਤੇ ਸੌਤੇਲੇ ਭਰਾ ਨੂੰ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਉਹ ਇਕ ਸਥਾਨਕ ਸਕੂਲ ਗਈ, ਜਿੱਥੇ ਉਸਨੇ ਪੰਜ ਵਿਦਿਆਰਥੀਆਂ ਅਤੇ ਇਕ ਅਧਿਆਪਕ ਦੀ ਹਤਿਆ ਕਰ ਦਿੱਤੀ।ਅਲਬਰਟਾ ਦੇ ਸਿੱਖਿਆ ਮੰਤਰੀ ਡਿਮੇਟ੍ਰਿਓਸ ਨਿਕੋਲਾਇਡਿਸ ਨੇ ਕਿਹਾ ਕਿ ਇਹ ਨਵਾਂ ਫੰਡ ਸਕੂਲਾਂ ਅਤੇ ਸਟਾਫ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਨਿਪਟਣ ਲਈ ਹੋਰ ਤਿਆਰ ਕਰੇਗਾ।ਉਨ੍ਹਾਂ ਕਿਹਾ, “ਟੰਬਲਰ ਰਿਜ ਦੀ ਇਸ ਦੁੱਖਦਾਈ ਘਟਨਾ ਤੋਂ ਬਾਅਦ ਅਸੀਂ ਸਕੂਲ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕ ਰਹੇ ਹਾਂ। ਸੁਰੱਖਿਆ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।”