ਵੈਸਟ ਕੈਲੋਨਾ ਸਿਟੀ ਦੇ ਖਰਚਿਆਂ ਵਿੱਚ ਵਾਧਾ, ਕਰਮਚਾਰੀਆਂ 'ਤੇ 2025 ਦੌਰਾਨ ਕਰੀਬ 30 ਮਿਲੀਅਨ ਡਾਲਰ ਖਰਚ
ਵੈਸਟ ਕੈਲੋਨਾ-ਵੈਸਟ ਕੈਲੋਨਾ ਸਿਟੀ ਦੇ ਤਾਜ਼ਾ ਵਿੱਤੀ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ 2025 ਦੌਰਾਨ ਸ਼ਹਿਰ ਦੇ ਕਰਮਚਾਰੀਆਂ ਅਤੇ ਉਨ੍ਹਾਂ ਨਾਲ ਸੰਬੰਧਿਤ ਖਰਚਿਆਂ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ ਹੈ।ਸਿਟੀ ਵੱਲੋਂ ਜਾਰੀ ਕੀਤੀ ਗਈ ਸਟੇਟਮੈਂਟ ਆਫ ਫਾਇਨੈਂਸ਼ਲ ਇਨਫਰਮੇਸ਼ਨ (SOFI) ਰਿਪੋਰਟ ਅਨੁਸਾਰ ਪਿਛਲੇ ਸਾਲ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਹੋਰ ਸਬੰਧਿਤ ਖਰਚਿਆਂ 'ਤੇ ਲਗਭਗ 29.7 ਮਿਲੀਅਨ ਡਾਲਰ ਖਰਚ ਕੀਤੇ ਗਏ। ਇਹ ਰਕਮ 2024 ਦੇ ਮੁਕਾਬਲੇ ਕਰੀਬ 9 ਫ਼ੀਸਦੀ ਵੱਧ ਹੈ। 2024 ਵਿੱਚ ਇਹ ਖਰਚਾ ਲਗਭਗ 27.3 ਮਿਲੀਅਨ ਡਾਲਰ ਸੀ।
ਰਿਪੋਰਟ ਮੁਤਾਬਕ 2025 ਵਿੱਚ ਸ਼ਹਿਰ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ (Chief Administrative Officer) ਰੌਨ ਬਾਊਲਜ਼ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਅਧਿਕਾਰੀ ਰਹੇ। ਉਨ੍ਹਾਂ ਨੂੰ 265,400 ਡਾਲਰ ਤਨਖਾਹ ਦੇ ਨਾਲ 20,017 ਡਾਲਰ ਹੋਰ ਖਰਚਿਆਂ ਵਜੋਂ ਅਦਾ ਕੀਤੇ ਗਏ।ਇਸ ਤੋਂ ਬਾਅਦ ਫਾਇਰ ਚੀਫ਼ ਜੇਸਨ ਬਰੋਲੰਡ ਨੂੰ 228,512 ਡਾਲਰ ਦਾ ਭੁਗਤਾਨ ਕੀਤਾ ਗਿਆ।
ਸ਼ਹਿਰੀ ਕੌਂਸਲ ਦੇ ਮਾਣ-ਭੱਤੇ ਅਤੇ ਹੋਰ ਖਰਚਿਆਂ ਉੱਤੇ ਵੀ ਕਾਫ਼ੀ ਰਕਮ ਖਰਚ ਕੀਤੀ ਗਈ। ਕੌਂਸਲ ਮੈਂਬਰਾਂ ਨੂੰ ਕੁੱਲ 291,261 ਡਾਲਰ ਮਾਣ-ਭੱਤਾ ਦਿੱਤਾ ਗਿਆ, ਜਦਕਿ 73,578 ਡਾਲਰ ਹੋਰ ਖਰਚਿਆਂ ਵਜੋਂ ਅਦਾ ਕੀਤੇ ਗਏ। ਇਸ ਤਰ੍ਹਾਂ ਕੌਂਸਲ ਨਾਲ ਸੰਬੰਧਿਤ ਕੁੱਲ ਖਰਚਾ 364,839 ਡਾਲਰ ਰਿਹਾ।ਕੌਂਸਲ ਮੈਂਬਰਾਂ ਵਿੱਚ ਮੇਅਰ ਗੋਰਡ ਮਿਲਸਮ ਸਭ ਤੋਂ ਵੱਧ ਭੁਗਤਾਨ ਪ੍ਰਾਪਤ ਕਰਨ ਵਾਲੇ ਚੁਣੇ ਹੋਏ ਨੁਮਾਇੰਦੇ ਰਹੇ। ਉਨ੍ਹਾਂ ਨੂੰ 93,955 ਡਾਲਰ ਅਦਾ ਕੀਤੇ ਗਏ, ਜਦਕਿ ਬਾਕੀ ਕੌਂਸਲਰਾਂ ਨੂੰ 32,884 ਡਾਲਰ ਪ੍ਰਤੀ ਵਿਅਕਤੀ ਮਿਲੇ।
ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ ਵੈਸਟ ਕੈਲੋਨਾ ਸਿਟੀ ਨੇ 2025 ਦੌਰਾਨ ਵਸਤੂਆਂ ਅਤੇ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਸਪਲਾਇਰਾਂ ਨੂੰ ਕੁੱਲ 166.8 ਮਿਲੀਅਨ ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ।ਸਿਟੀ ਨੇ ਸਪੱਸ਼ਟ ਕੀਤਾ ਹੈ ਕਿ ਰਿਪੋਰਟ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਗਤ-ਵਸੂਲੀ (Cost Recovery) ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਦਾ ਮਤਲਬ ਹੈ ਕਿ ਜੇ ਕਿਸੇ ਕਰਮਚਾਰੀ ਜਾਂ ਠੇਕੇਦਾਰ ਨੂੰ ਕੀਤੇ ਗਏ ਭੁਗਤਾਨ ਦਾ ਕੋਈ ਹਿੱਸਾ ਬਾਅਦ ਵਿੱਚ ਕਿਸੇ ਹੋਰ ਨਗਰ ਪਾਲਿਕਾ, ਸਰਕਾਰੀ ਏਜੰਸੀ ਜਾਂ ਸੰਸਥਾ ਵੱਲੋਂ ਵਾਪਸ ਕੀਤਾ ਗਿਆ ਹੋਵੇ, ਤਾਂ ਵੀ ਉਹ ਰਕਮ ਰਿਪੋਰਟ ਵਿੱਚ ਦਰਸਾਏ ਗਏ ਅੰਕੜਿਆਂ ਵਿੱਚੋਂ ਘਟਾਈ ਨਹੀਂ ਗਈ।ਸਿਟੀ ਅਨੁਸਾਰ ਇਸ ਕਾਰਨ ਰਿਪੋਰਟ ਵਿੱਚ ਭੁਗਤਾਨ ਕੀਤੀ ਗਈ ਪੂਰੀ ਰਕਮ ਨੂੰ ਹੀ ਤਨਖਾਹ ਜਾਂ ਖਰਚੇ ਵਜੋਂ ਦਰਸਾਇਆ ਗਿਆ ਹੈ, ਭਾਵੇਂ ਬਾਅਦ ਵਿੱਚ ਉਸ ਵਿੱਚੋਂ ਕੁਝ ਹਿੱਸਾ ਵਾਪਸ ਮਿਲ ਗਿਆ ਹੋਵੇ।
















