ਵੈਸਟ ਕੈਲੋਨਾ ਵਿੱਚ ਤੇਜ਼ੀ ਨਾਲ ਫੈਲੀ ਜੰਗਲੀ ਅੱਗ, ਸੈਂਕੜੇ ਘਰਾਂ ਨੂੰ ਖਾਲੀ ਕਰਵਾਇਆ ਗਿਆ

ਵੈਸਟ ਕੈਲੋਨਾ ਵਿੱਚ ਤੇਜ਼ੀ ਨਾਲ ਫੈਲੀ ਜੰਗਲੀ ਅੱਗ, ਸੈਂਕੜੇ ਘਰਾਂ ਨੂੰ ਖਾਲੀ ਕਰਵਾਇਆ ਗਿਆ

ਵੈਸਟ ਕੈਲੋਨਾ (ਬੀ.ਸੀ.)-ਬ੍ਰਿਟਿਸ਼ ਕੋਲੰਬੀਆ ਦੇ ਵੈਸਟ ਕੈਲੋਨਾ ਖੇਤਰ ਵਿੱਚ ਮੰਗਲਵਾਰ ਨੂੰ ਲੱਗੀ ਇੱਕ ਤੇਜ਼ੀ ਨਾਲ ਫੈਲ ਰਹੀ ਜੰਗਲੀ ਅੱਗ ਕਾਰਨ ਸੈਂਕੜੇ ਪਰਿਵਾਰਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਅਧਿਕਾਰੀਆਂ ਨੇ ਕਾਸਾ ਲੋਮਾ ਅਤੇ ਲੇਕਵਿਊ ਹਾਈਟਸ ਇਲਾਕਿਆਂ ਦੇ ਕਈ ਘਰਾਂ ਲਈ ਤੁਰੰਤ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ।ਕੇਂਦਰੀ ਓਕਾਨਾਗਨ ਐਮਰਜੈਂਸੀ ਓਪਰੇਸ਼ਨ ਸੈਂਟਰ ਮੁਤਾਬਕ ਕਾਲਾਮੋਇਰ ਰੀਜਨਲ ਪਾਰਕ ਵਿੱਚ ਭੜਕੀ ਅੱਗ ਲਗਭਗ ਅੱਠ ਹੈਕਟੇਅਰ ਖੇਤਰ ਵਿੱਚ ਫੈਲ ਚੁੱਕੀ ਹੈ ਅਤੇ ਇਸ ਨੂੰ ਕਾਬੂ ਤੋਂ ਬਾਹਰ ਦੱਸਿਆ ਗਿਆ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਅਨੁਸਾਰ ਅੱਗ ਦਾ ਸੰਭਾਵਿਤ ਕਾਰਨ ਮਨੁੱਖੀ ਗਤੀਵਿਧੀ ਮੰਨਿਆ ਜਾ ਰਿਹਾ ਹੈ।

ਅੱਗ ਓਕਾਨਾਗਨ ਝੀਲ ਦੇ ਨੇੜੇ ਅਤੇ ਕੇਲੋਨਾ ਨੂੰ ਵੈਸਟ ਕੈਲੋਨਾ ਨਾਲ ਜੋੜਨ ਵਾਲੇ ਡਬਲਯੂ.ਆਰ. ਬੈਨੇਟ ਪੁਲ ਦੇ ਦੱਖਣੀ ਹਿੱਸੇ ਵਿੱਚ ਫੈਲੀ ਹੋਈ ਹੈ। ਸੁਰੱਖਿਆ ਦੇ ਮੱਦੇਨਜ਼ਰ 10 ਸੜਕਾਂ 'ਤੇ ਸਥਿਤ ਘਰਾਂ ਨੂੰ ਖਾਲੀ ਕਰਵਾਉਣ ਦੀ ਕਾਰਵਾਈ ਕੀਤੀ ਗਈ।ਵੈਸਟ ਕੈਲੋਨਾ ਫਾਇਰ ਚੀਫ਼ ਜੇਸਨ ਬਰੋਲੰਡ ਨੇ ਕਿਹਾ ਕਿ ਫਾਇਰ ਕਰੂ ਅੱਗ 'ਤੇ ਕਾਬੂ ਪਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ ਅਤੇ ਹੁਣ ਤੱਕ ਲੋਕਾਂ ਦੀ ਨਿਕਾਸੀ ਦੀ ਪ੍ਰਕਿਰਿਆ ਸ਼ਾਂਤੀਪੂਰਵਕ ਅਤੇ ਵਿਵਸਥਿਤ ਢੰਗ ਨਾਲ ਚੱਲ ਰਹੀ ਹੈ।ਕੇਂਦਰੀ ਓਕਾਨਾਗਨ ਐਮਰਜੈਂਸੀ ਓਪਰੇਸ਼ਨ ਸੈਂਟਰ ਨੇ ਦੱਸਿਆ ਕਿ 357 ਘਰਾਂ ਲਈ ਖਾਲੀ ਕਰਨ ਦੇ ਹੁਕਮ ਅਜੇ ਵੀ ਲਾਗੂ ਹਨ। ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੈਸਟਬੈਂਕ ਲਾਇਨਜ਼ ਹਾਲ ਵਿੱਚ ਅਸਥਾਈ ਸਹਾਇਤਾ ਕੇਂਦਰ ਸਥਾਪਤ ਕੀਤਾ ਗਿਆ ਹੈ।

ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਨੇ ਕਾਲਾਮੋਇਰ ਪਾਰਕ ਜੰਗਲੀ ਅੱਗ ਸਬੰਧੀ ਸਥਾਨਕ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰ ਦਿੱਤੀ ਹੈ।ਇਸ ਦੌਰਾਨ ਬੀ.ਸੀ. ਸਰਕਾਰ ਨੇ ਗਰਮੀਆਂ ਦੇ ਮੌਸਮ ਲਈ ਜੰਗਲੀ ਅੱਗਾਂ ਦੇ ਖਤਰੇ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਸੂਬੇ ਦੇ ਜੰਗਲਾਤ ਮੰਤਰੀ ਰਵੀ ਪਰਮਾਰ ਨੇ ਕਿਹਾ ਕਿ ਭਾਵੇਂ ਬਸੰਤ ਰੁੱਤ ਵਿੱਚ ਹੋਈ ਬਾਰਿਸ਼ ਨੇ ਹਾਲਾਤ ਕੁਝ ਹੱਦ ਤੱਕ ਸੁਧਾਰੇ ਹਨ, ਪਰ ਸੂਬੇ ਦੇ ਕਈ ਹਿੱਸਿਆਂ ਵਿੱਚ ਸੋਕੇ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ, ਜਿਸ ਕਾਰਨ ਇਸ ਸਾਲ ਜੰਗਲੀ ਅੱਗਾਂ ਦਾ ਖਤਰਾ ਵੱਧ ਸਕਦਾ ਹੈ।ਉਨ੍ਹਾਂ ਦੱਸਿਆ ਕਿ ਬੀ.ਸੀ. ਵਾਈਲਡਫਾਇਰ ਸਰਵਿਸ ਨੇ ਵਾਧੂ ਫਾਇਰ ਕਰੂਆਂ ਦੀ ਭਰਤੀ ਅਤੇ ਵਿਸ਼ੇਸ਼ ਸਿਖਲਾਈ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾ ਸਕੇ।ਤਾਜ਼ਾ ਜਾਣਕਾਰੀ ਅਨੁਸਾਰ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਸਮੇਂ 14 ਜੰਗਲੀ ਅੱਗਾਂ ਸਰਗਰਮ ਹਨ, ਜਿਨ੍ਹਾਂ ਵਿੱਚੋਂ ਤਿੰਨ ਅਜੇ ਵੀ ਕਾਬੂ ਤੋਂ ਬਾਹਰ ਹਨ।