ਲੂਈਜ਼ੀਆਨਾ ਵਿੱਚ ਗੋਲੀਬਾਰੀ: 1 ਤੋਂ 14 ਸਾਲ ਦੇ 8 ਬੱਚਿਆਂ ਦੀ ਮੌਤ
ਸ਼ਰੀਵਪੋਰਟ (ਲੂਈਜ਼ੀਆਨਾ)-ਅਮਰੀਕਾ ਦੇ ਲੂਈਜ਼ੀਆਨਾ ਰਾਜ ਦੇ ਸ਼ਹਿਰ ਸ਼ਰੀਵਪੋਰਟ ਵਿੱਚ ਐਤਵਾਰ ਸਵੇਰੇ ਹੋਈ ਇੱਕ ਭਿਆਨਕ ਗੋਲੀਬਾਰੀ ਦੌਰਾਨ 1 ਤੋਂ 14 ਸਾਲ ਦੀ ਉਮਰ ਦੇ 8 ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਇਹ ਘਟਨਾ ਘਰੇਲੂ ਝਗੜੇ ਦੇ ਦੌਰਾਨ ਵਾਪਰੀ।ਪੁਲਿਸ ਮੁਖੀ ਵੇਨ ਸਮਿਥ ਨੇ ਦੱਸਿਆ ਕਿ ਗੋਲੀਬਾਰੀ ਸਵੇਰੇ ਲਗਭਗ 6 ਵਜੇ ਵਾਪਰੀ ਅਤੇ ਇਸ ਵਿੱਚ ਕੁੱਲ 10 ਲੋਕ ਗੋਲੀਬਾਰੀ ਦਾ ਸ਼ਿਕਾਰ ਬਣੇ। ਮਾਰੇ ਗਏ ਬੱਚਿਆਂ ਦੀ ਉਮਰ 1 ਤੋਂ 14 ਸਾਲ ਦਰਮਿਆਨ ਸੀ।
ਉਨ੍ਹਾਂ ਕਿਹਾ ਕਿ ਇਹ ਮਾਮਲਾ ਕਾਫ਼ੀ ਵਿਸ਼ਾਲ ਹੈ ਅਤੇ ਘਟਨਾ ਸਥਾਨ ਤਿੰਨ ਵੱਖ-ਵੱਖ ਥਾਵਾਂ ‘ਤੇ ਫੈਲਿਆ ਹੋਇਆ ਸੀ। ਪੁਲਿਸ ਮੁਤਾਬਕ ਸ਼ੱਕੀ ਵਿਅਕਤੀ ਨੂੰ ਗੱਡੀ ਚੇਜ਼ ਦੌਰਾਨ ਗੋਲੀ ਮਾਰ ਕੇ ਢੇਰ ਕਰ ਦਿੱਤਾ ਗਿਆ।ਪੁਲਿਸ ਨੇ ਇਹ ਵੀ ਦੱਸਿਆ ਕਿ ਕੁਝ ਬੱਚੇ ਸ਼ੱਕੀ ਦੇ ਆਪਣੇ ਪਰਿਵਾਰ ਨਾਲ ਸੰਬੰਧਿਤ ਸਨ।ਲੂਈਜ਼ੀਆਨਾ ਸਟੇਟ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਕਾਰਵਾਈ ਦੌਰਾਨ ਕੋਈ ਵੀ ਅਫਸਰ ਜਖ਼ਮੀ ਨਹੀਂ ਹੋਇਆ।ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਨਾਲ ਸੰਬੰਧਿਤ ਕੋਈ ਵੀ ਵੀਡੀਓ, ਤਸਵੀਰ ਜਾਂ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਸਾਂਝੀ ਕਰਨ।ਪੁਲਿਸ ਮੁਖੀ ਨੇ ਕਿਹਾ, “ਇਹ ਉਹ ਮੰਜ਼ਰ ਹੈ ਜੋ ਸਾਡੇ ਵਿੱਚੋਂ ਬਹੁਤਿਆਂ ਨੇ ਪਹਿਲਾਂ ਕਦੇ ਨਹੀਂ ਵੇਖਿਆ।”
















