ਭਾਰਤੀ ਹਾਕੀ ਟੀਮ ਨੂੰ ਏਸ਼ਿਆਈ ਖੇਡਾਂ ’ਚ ਚੀਅਰ ਕਰਨ ਜਾਪਾਨ ਜਾਣਾ ਚਾਹੁੰਦੇ ਭਗਵੰਤ ਮਾਨ, ਕੇਂਦਰ ਦੀ ਮਨਜ਼ੂਰੀ ਦੀ ਉਡੀਕ
Punjab Chief Minister Bhagwant Mann is awaiting political clearance from the Centre for a proposed visit to Japan to watch the Indian hockey team compete in the concluding stages of the Aichi-Nagoya Asian Games.
ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤੀ ਹਾਕੀ ਟੀਮ ਦੇ ਏਸ਼ਿਆਈ ਖੇਡਾਂ ਦੇ ਮੁਕਾਬਲੇ ਦੇਖਣ ਲਈ ਜਾਪਾਨ ਜਾਣਾ ਚਾਹੁੰਦੇ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਤੋਂ ਸਿਆਸੀ ਮਨਜ਼ੂਰੀ ਮੰਗੀ ਗਈ ਹੈ, ਜਿਸ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ।
ਏਸ਼ੀਅਨ ਹਾਕੀ ਫੈਡਰੇਸ਼ਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਈਚੀ-ਨਾਗੋਯਾ ਏਸ਼ਿਆਈ ਖੇਡਾਂ ਵਿੱਚ ਹਾਕੀ ਮੁਕਾਬਲਿਆਂ ਦੇ ਆਖਰੀ ਪੜਾਅ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਹਾਕੀ ਦੇ ਸੈਮੀਫਾਈਨਲ ਮੁਕਾਬਲੇ 30 ਸਤੰਬਰ ਅਤੇ 1 ਅਕਤੂਬਰ ਨੂੰ ਹੋਣੇ ਹਨ, ਜਦਕਿ ਫਾਈਨਲ ਮੁਕਾਬਲੇ 2 ਅਤੇ 3 ਅਕਤੂਬਰ ਨੂੰ ਖੇਡੇ ਜਾਣੇ ਹਨ।
ਸੂਤਰਾਂ ਅਨੁਸਾਰ ਭਗਵੰਤ ਮਾਨ ਨੇ ਜਾਪਾਨ ਦੌਰੇ ਲਈ ਅਰਜ਼ੀ ਦੇ ਦਿੱਤੀ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਦੌਰੇ ਲਈ ਮਨਜ਼ੂਰੀ ਮਿਲਦੀ ਹੈ ਜਾਂ ਨਹੀਂ। ਸੂਤਰ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਜਾਪਾਨ ਜਾਣ ਦੀ ਸਥਿਤੀ ਵਿੱਚ ਸੁਰੱਖਿਆ ਅਤੇ ਹੋਰ ਲੋੜੀਂਦੇ ਪ੍ਰਬੰਧ ਵੀ ਕੀਤੇ ਜਾਣੇ ਹੋਣਗੇ।
ਸੂਤਰਾਂ ਮੁਤਾਬਕ ਜੇਕਰ ਮੁੱਖ ਮੰਤਰੀ ਭਾਰਤੀ ਹਾਕੀ ਟੀਮ ਦਾ ਮੈਚ ਦੇਖਣ ਲਈ ਜਾਪਾਨ ਜਾਂਦੇ ਹਨ ਤਾਂ ਉਨ੍ਹਾਂ ਨੂੰ 1 ਅਕਤੂਬਰ ਤੱਕ ਉੱਥੇ ਪਹੁੰਚਣਾ ਪਵੇਗਾ। ਭਗਵੰਤ ਮਾਨ ਵੱਲੋਂ ਅਕਤੂਬਰ ਮਹੀਨੇ ਵਿੱਚ ਪ੍ਰਸਤਾਵਿਤ ਯੂਰਪ ਦੌਰੇ ਲਈ ਵੀ ਕੇਂਦਰ ਸਰਕਾਰ ਤੋਂ ਸਿਆਸੀ ਮਨਜ਼ੂਰੀ ਮੰਗੀ ਗਈ ਹੈ।
















