ਬੀ.ਸੀ. ਵਿੱਚ ਜ਼ਹਿਰੀਲੇ ਨਸ਼ਿਆਂ ਕਾਰਨ ਮੌਤਾਂ ਦਾ ਸਿਲਸਿਲਾ ਜਾਰੀ
ਵੈਨਕੂਵਰ-ਬ੍ਰਿਟਿਸ਼ ਕੋਲੰਬੀਆ ਵਿੱਚ ਗੈਰ-ਨਿਯੰਤਰਿਤ ਅਤੇ ਜ਼ਹਿਰੀਲੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਬੀ.ਸੀ. ਕੋਰੋਨਰਜ਼ ਸਰਵਿਸ ਵੱਲੋਂ ਜਾਰੀ ਕੀਤੇ ਗਏ ਮਾਰਚ 2026 ਦੇ ਅੰਕੜਿਆਂ ਅਨੁਸਾਰ ਸੂਬੇ ਵਿੱਚ ਸੰਦੇਹਾਸਪਦ ਜ਼ਹਿਰੀਲੇ ਨਸ਼ਿਆਂ ਕਾਰਨ 135 ਲੋਕਾਂ ਦੀ ਮੌਤ ਹੋਈ ਹੈ। ਇਹ ਅੰਕੜਾ ਹਰ ਰੋਜ਼ ਔਸਤਨ 4.4 ਮੌਤਾਂ ਦੇ ਬਰਾਬਰ ਹੈ।ਰਿਪੋਰਟ ਮੁਤਾਬਕ 2026 ਦੌਰਾਨ ਨਸ਼ਿਆਂ ਕਾਰਨ ਮਰਨ ਵਾਲਿਆਂ ਵਿੱਚ 30 ਤੋਂ 59 ਸਾਲ ਉਮਰ ਵਰਗ ਦੇ ਲੋਕਾਂ ਦੀ ਹਿਸੇਦਾਰੀ 68 ਫੀਸਦੀ ਰਹੀ, ਜਦਕਿ 78 ਫੀਸਦੀ ਮ੍ਰਿਤਕ ਪੁਰਸ਼ ਸਨ।
ਸਿਹਤ ਅਥਾਰਟੀਆਂ ਅਨੁਸਾਰ ਇਸ ਸਾਲ ਸਭ ਤੋਂ ਵੱਧ ਮੌਤਾਂ ਫ੍ਰੇਜ਼ਰ ਅਤੇ ਵੈਨਕੂਵਰ ਕੋਸਟਲ ਹੈਲਥ ਅਥਾਰਟੀ ਖੇਤਰਾਂ ਵਿੱਚ ਦਰਜ ਕੀਤੀਆਂ ਗਈਆਂ ਹਨ। ਫ੍ਰੇਜ਼ਰ ਖੇਤਰ ਵਿੱਚ 101 ਅਤੇ ਵੈਨਕੂਵਰ ਕੋਸਟਲ ਖੇਤਰ ਵਿੱਚ 107 ਲੋਕਾਂ ਦੀ ਮੌਤ ਹੋਈ, ਜੋ ਕੁੱਲ ਮੌਤਾਂ ਦਾ 52 ਫੀਸਦੀ ਬਣਦਾ ਹੈ।ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 2026 ਦੌਰਾਨ 82 ਫੀਸਦੀ ਮੌਤਾਂ ਘਰਾਂ, ਸਹਾਇਕ ਰਿਹਾਇਸ਼ ਕੇਂਦਰਾਂ, ਸ਼ੈਲਟਰਾਂ ਅਤੇ ਹੋਰ ਅੰਦਰੂਨੀ ਥਾਵਾਂ ‘ਤੇ ਹੋਈਆਂ। ਇਸ ਦੇ ਉਲਟ 17 ਫੀਸਦੀ ਮੌਤਾਂ ਵਾਹਨਾਂ, ਫੁੱਟਪਾਥਾਂ, ਸੜਕਾਂ ਅਤੇ ਪਾਰਕਾਂ ਵਰਗੀਆਂ ਬਾਹਰੀ ਥਾਵਾਂ ‘ਤੇ ਦਰਜ ਕੀਤੀਆਂ ਗਈਆਂ।ਜਾਂਚ ਦੌਰਾਨ ਪਤਾ ਲੱਗਿਆ ਕਿ ਮਰਨ ਵਾਲਿਆਂ ਵਿੱਚੋਂ 66 ਫੀਸਦੀ ਦੇ ਸਰੀਰ ਵਿੱਚ ਫਲੂਓਰੋਫੈਂਟਾਨਿਲ ਮਿਲਿਆ, ਜਦਕਿ ਫੈਂਟਾਨਿਲ 59 ਫੀਸਦੀ ਮਾਮਲਿਆਂ ਵਿੱਚ ਪਾਇਆ ਗਿਆ। ਇਸ ਤੋਂ ਇਲਾਵਾ ਕੋਕੇਨ 56 ਫੀਸਦੀ, ਮੈਥਾਮਫੈਟਾਮੀਨ 54 ਫੀਸਦੀ, ਬ੍ਰੋਮਾਜ਼ੋਲਾਮ ਅਤੇ ਡੀਸਅਲਕਾਈਲਗਿਡਾਜ਼ੈਪਾਮ 24-24 ਫੀਸਦੀ ਅਤੇ ਹਾਈਡਰੋਮੋਰਫੋਨ 5 ਫੀਸਦੀ ਮਾਮਲਿਆਂ ਵਿੱਚ ਮਿਲੇ।
ਰਿਪੋਰਟ ਅਨੁਸਾਰ ਨਸ਼ੇ ਦੀ ਵਰਤੋਂ ਦਾ ਸਭ ਤੋਂ ਆਮ ਤਰੀਕਾ ਧੂੰਏਂ ਰਾਹੀਂ ਸੇਵਨ ਕਰਨਾ ਰਿਹਾ, ਜੋ 72 ਫੀਸਦੀ ਮਾਮਲਿਆਂ ਵਿੱਚ ਦਰਜ ਕੀਤਾ ਗਿਆ। ਇਸ ਤੋਂ ਬਾਅਦ ਨੱਕ ਰਾਹੀਂ ਸੇਵਨ 8 ਫੀਸਦੀ, ਟੀਕੇ ਰਾਹੀਂ 7 ਫੀਸਦੀ ਅਤੇ ਮੂੰਹ ਰਾਹੀਂ ਸੇਵਨ 4 ਫੀਸਦੀ ਮਾਮਲਿਆਂ ਵਿੱਚ ਸਾਹਮਣੇ ਆਇਆ।
















