ਬੀ.ਸੀ. ਗ੍ਰੀਨ ਪਾਰਟੀ ਵੱਲੋਂ ਆਵਾਜਾਈ ਯੋਜਨਾ ਦਾ ਐਲਾਨ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਮੁਫ਼ਤ ਬੱਸ ਪਾਸ ਦੇਣ ਦਾ ਵਾਅਦਾ

The B.C. Green Party has unveiled a transportation plan proposing free transit passes for youth under 25 and seniors aged 65 and older. The plan also includes improved bus services, increased ferry funding, expanded terminal infrastructure, locally built electric ferries, and support for passenger rail corridors, including Vancouver Island rail.

ਬੀ.ਸੀ. ਗ੍ਰੀਨ ਪਾਰਟੀ ਵੱਲੋਂ ਆਵਾਜਾਈ ਯੋਜਨਾ ਦਾ ਐਲਾਨ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਮੁਫ਼ਤ ਬੱਸ ਪਾਸ ਦੇਣ ਦਾ ਵਾਅਦਾ

ਬ੍ਰਿਟਿਸ਼ ਕੋਲੰਬੀਆ-ਬ੍ਰਿਟਿਸ਼ ਕੋਲੰਬੀਆ ਦੀ ਗ੍ਰੀਨ ਪਾਰਟੀ ਨੇ ਸੂਬੇ ਵਿੱਚ ਆਵਾਜਾਈ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਆਪਣੀ ਯੋਜਨਾ ਜਾਰੀ ਕੀਤੀ ਹੈ। ਸ਼ੁੱਕਰਵਾਰ, 9 ਅਕਤੂਬਰ ਨੂੰ ਵਿਸਲਰ ਵਿਖੇ ਪਾਰਟੀ ਦੇ ਮੌਜੂਦਾ ਵਿਧਾਇਕ ਜੇਰੇਮੀ ਵੈਲੇਰੀਓਟ ਨੇ ਯੋਜਨਾ ਦੇ ਮੁੱਖ ਨੁਕਤੇ ਸਾਂਝੇ ਕੀਤੇ। ਇਸ ਵਿੱਚ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਅਤੇ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਮੁਫ਼ਤ ਆਵਾਜਾਈ ਪਾਸ ਦੇਣ ਦਾ ਪ੍ਰਸਤਾਵ ਸ਼ਾਮਲ ਹੈ।

ਪਾਰਟੀ ਨੇ ਬੱਸ ਸੇਵਾਵਾਂ ਵਿੱਚ ਵਾਧਾ ਕਰਨ, ਬੇੜੀਆਂ ਦੀ ਸੇਵਾ ਲਈ ਫੰਡ ਵਧਾਉਣ, ਆਵਾਜਾਈ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨ ਅਤੇ ਯਾਤਰੀ ਰੇਲ ਸੇਵਾਵਾਂ ਨੂੰ ਵਿਕਸਤ ਕਰਨ ਦੀ ਯੋਜਨਾ ਵੀ ਪੇਸ਼ ਕੀਤੀ ਹੈ। ਵੈਲੇਰੀਓਟ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਜਨਤਕ ਆਵਾਜਾਈ ਦਾ ਵਿਸਥਾਰ ਕਰਨਾ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਰਹੀ ਹੈ।

ਗ੍ਰੀਨ ਪਾਰਟੀ ਦੀ ਆਗੂ ਐਮਿਲੀ ਲੋਵਨ ਨੇ ਕਿਹਾ ਕਿ ਜਨਤਕ ਆਵਾਜਾਈ ਲਈ ਨਿਰੰਤਰ ਫੰਡਿੰਗ ਯਕੀਨੀ ਬਣਾਈ ਜਾਵੇਗੀ, ਤਾਂ ਜੋ ਲੋਕਾਂ ਨੂੰ ਤੇਜ਼ ਅਤੇ ਨਿਯਮਿਤ ਸੇਵਾਵਾਂ ਮਿਲ ਸਕਣ। ਉਨ੍ਹਾਂ ਮੁਤਾਬਕ, ਸੂਬੇ ਵਿੱਚ ਬੇੜੀਆਂ ਅਤੇ ਰੇਲ ਮਾਰਗਾਂ ਦੀ ਸਮਰੱਥਾ ਹੋਣ ਦੇ ਬਾਵਜੂਦ ਦੇਰੀ ਅਤੇ ਫੰਡਾਂ ਦੀ ਘਾਟ ਕਾਰਨ ਇਨ੍ਹਾਂ ਸੇਵਾਵਾਂ ਦਾ ਪੂਰਾ ਲਾਭ ਨਹੀਂ ਲਿਆ ਜਾ ਰਿਹਾ।

ਪਾਰਟੀ ਨੇ ਸੰਘੀ ਸਰਕਾਰ ਨਾਲ ਮਿਲ ਕੇ ਬੇੜੀਆਂ ਦੀ ਸੇਵਾ ਲਈ ਫੰਡ ਵਧਾਉਣ ਅਤੇ ਇਸ ਮਾਮਲੇ ਵਿੱਚ ਐਟਲਾਂਟਿਕ ਕੈਨੇਡਾ ਦੇ ਬਰਾਬਰ ਸਹਾਇਤਾ ਪ੍ਰਾਪਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਦੇ ਨਾਲ ਹੀ ਬੇੜੀ ਟਰਮੀਨਲਾਂ ਅਤੇ ਡੌਕਾਂ ਦਾ ਵਿਸਥਾਰ ਕਰਨ, ਇਲੈਕਟ੍ਰਿਕ ਬੇੜੀਆਂ ਦੀ ਯੋਜਨਾਬੰਦੀ ਅਤੇ ਸਥਾਨਕ ਪੱਧਰ ’ਤੇ ਜਹਾਜ਼ ਬਣਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਹੀ ਗਈ ਹੈ।

ਰੇਲ ਸੇਵਾਵਾਂ ਲਈ ਗ੍ਰੀਨ ਪਾਰਟੀ ਨੇ ਬੀ.ਸੀ. ਰੇਲ ਕੋਰੀਡੋਰ ਅਲਾਇੰਸ ਨੂੰ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਇਸ ਵਿੱਚ ਇੰਜੀਨੀਅਰਿੰਗ ਮੁਲਾਂਕਣ, ਆਰਥਿਕ ਅਧਿਐਨ ਅਤੇ ਰੇਲ ਸੇਵਾਵਾਂ ਦੇ ਸੰਚਾਲਨ ਲਈ ਫੰਡ ਸ਼ਾਮਲ ਹਨ। ਪਾਰਟੀ ਵੈਨਕੂਵਰ ਆਈਲੈਂਡ ’ਤੇ ਰੇਲ ਸੇਵਾ ਦੇ ਭਵਿੱਖ ਬਾਰੇ ਫਸਟ ਨੇਸ਼ਨਜ਼ ਅਤੇ ਆਈਲੈਂਡ ਕੋਰੀਡੋਰ ਫਾਊਂਡੇਸ਼ਨ ਨਾਲ ਵੀ ਵਿਚਾਰ-ਵਟਾਂਦਰਾ ਕਰੇਗੀ।