ਪਿੰਡ ’ਚ ਟੌਫ਼ੀਆਂ ਵਾਂਗ ਵਿਕ ਰਿਹਾ ਚਿੱਟਾ, ਨਿਹੰਗ ਸਿੰਘ ਨੇ ਅਮਨ ਅਰੋੜਾ ਕੋਲ ਚੁੱਕਿਆ ਨਸ਼ਿਆਂ ਦਾ ਮੁੱਦਾ

A Nihang Sikh, identified as Gurpreet Singh Goldy, raised concerns about drug availability and thefts in Tolawal village of Sangrur during a public meeting attended by Punjab Cabinet Minister Aman Arora.

ਪਿੰਡ ’ਚ ਟੌਫ਼ੀਆਂ ਵਾਂਗ ਵਿਕ ਰਿਹਾ ਚਿੱਟਾ, ਨਿਹੰਗ ਸਿੰਘ ਨੇ ਅਮਨ ਅਰੋੜਾ ਕੋਲ ਚੁੱਕਿਆ ਨਸ਼ਿਆਂ ਦਾ ਮੁੱਦਾ

ਸੰਗਰੂਰ-ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਇੱਕ ਨਿਹੰਗ ਸਿੰਘ ਵੱਲੋਂ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਸਾਹਮਣੇ ਗੰਭੀਰ ਸਵਾਲ ਚੁੱਕੇ ਗਏ। ਸੁਨਾਮ ਹਲਕੇ ਦੇ ਪਿੰਡ ਤੋਲਾਵਾਲ ਵਿੱਚ ਹੋਈ ਜਨਤਕ ਮੀਟਿੰਗ ਦੌਰਾਨ ਗੁਰਪ੍ਰੀਤ ਸਿੰਘ ਗੋਲਡੀ ਨੇ ਕਿਹਾ ਕਿ ਪਿੰਡ ਵਿੱਚ ਚਿੱਟਾ ਟੌਫ਼ੀਆਂ ਵਾਂਗ ਆਸਾਨੀ ਨਾਲ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਸ਼ੇ ਦੀ ਲਤ ਕਾਰਨ ਚੋਰੀਆਂ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ ਅਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ।

ਇਹ ਮੀਟਿੰਗ ਪਿੰਡਾਂ ਵਿੱਚ ਵਿਕਾਸ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਮਾਲਕੀ ਦਸਤਾਵੇਜ਼ ਵੰਡਣ ਲਈ ਕਰਵਾਈ ਗਈ ਸੀ।

ਨਿਹੰਗ ਸਿੰਘ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਕੈਂਸਰ ਵਰਗੀ ਹੈ, ਜਿਸ ਦਾ ਖ਼ਾਤਮਾ ਰਾਤੋ-ਰਾਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਇਹ ਸਮੱਸਿਆ ਸੂਬੇ ਵਿੱਚ ਵਧੀ ਸੀ ਅਤੇ ਮੌਜੂਦਾ ਸਰਕਾਰ ਇਸ ਨੂੰ ਖ਼ਤਮ ਕਰਨ ਲਈ ਯਤਨ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਨਸ਼ਿਆਂ ਦੀ ਮੰਗ ਘਟਾਉਣ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।

ਇਸ ਮੌਕੇ ਇੱਕ ਹੋਰ ਵਿਅਕਤੀ ਨੇ ਪਿੰਡ ਵਾਸੀਆਂ ਦੀ ਭੂਮਿਕਾ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਨਸ਼ਿਆਂ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਜ਼ਮਾਨਤ ਲਈ ਪਿੰਡ ਦੇ ਹੀ ਕੁਝ ਲੋਕ ਅੱਗੇ ਆ ਜਾਂਦੇ ਹਨ। ਉਨ੍ਹਾਂ ਪੁੱਛਿਆ ਕਿ ਜੇਕਰ ਅਜਿਹੇ ਮੁਲਜ਼ਮਾਂ ਨੂੰ ਜ਼ਮਾਨਤ ਦਿਵਾਉਣ ਵਿੱਚ ਸਹਿਯੋਗ ਦਿੱਤਾ ਜਾਂਦਾ ਰਹੇਗਾ ਤਾਂ ਨਸ਼ਿਆਂ ਨੂੰ ਕਿਵੇਂ ਰੋਕਿਆ ਜਾ ਸਕੇਗਾ।

ਇਸ ਮਾਮਲੇ ਬਾਰੇ ਸੰਗਰੂਰ ਦੀ ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਘਟਨਾਕ੍ਰਮ ਦੀ ਜਾਣਕਾਰੀ ਮਿਲੀ ਹੈ। ਪਿੰਡ ਵਿੱਚ ਨਸ਼ਿਆਂ ਦੀ ਉਪਲਬਧਤਾ ਸਬੰਧੀ ਅਜੇ ਤੱਕ ਕੋਈ ਰਸਮੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ 11 ਨਵੰਬਰ ਨੂੰ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਕਰੀਬ ਅੱਠ ਪਿੰਡਾਂ ਦਾ ਦੌਰਾ ਕਰਕੇ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ 2,256 ਪਰਿਵਾਰਾਂ ਨੂੰ ਮਾਲਕੀ ਦਸਤਾਵੇਜ਼ ਵੰਡੇ। ਇਸ ਦੌਰਾਨ ਉਨ੍ਹਾਂ ਨੇ ਤੋਗਾਵਾਲ ਵਿੱਚ ਪਿੰਡ ਦੇ ਖੇਡ ਮੈਦਾਨ ਦਾ ਉਦਘਾਟਨ ਵੀ ਕੀਤਾ।