ਜੀ-20 ਨੌਜਵਾਨ ਉਦਯੋਗਪਤੀ ਸੰਮੇਲਨ ਲਈ ਕੈਨੇਡਾ ਦੀ ਟੀਮ ਵਿੱਚ ਐਬਟਸਫੋਰਡ ਦੇ ਦੋ ਉਦਯੋਗਪਤੀ ਸ਼ਾਮਲ
ਐਬਟਸਫੋਰਡ-ਕੈਨੇਡਾ ਦੇ 40 ਨੌਜਵਾਨ ਉਦਯੋਗਪਤੀਆਂ ਦਾ ਵਫ਼ਦ ਇਸ ਸਾਲ ਆਸਟਰੀਆ ਵਿੱਚ ਹੋਣ ਵਾਲੇ ਜੀ-20 ਯੰਗ ਐਂਟਰਪ੍ਰਿਨਿਊਰਜ਼ ਅਲਾਇੰਸ (G20 YEA) ਸੰਮੇਲਨ ਵਿੱਚ ਦੇਸ਼ ਦੀ ਨੁਮਾਇੰਦਗੀ ਕਰੇਗਾ। ਇਸ ਵਫ਼ਦ ਵਿੱਚ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਤੋਂ ਸਿਰਫ਼ ਚਾਰ ਉਦਯੋਗਪਤੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਦੋ ਐਬਟਸਫੋਰਡ ਦੇ ਜੈਨੀਨ ਜੀਵਾਨੀ ਅਤੇ ਸਬੂਰ ਮਹਿਰਜ਼ਾਦ ਹਨ।
ਇਹ ਵਫ਼ਦ ਗੈਰ-ਮੁਨਾਫ਼ਾ ਸੰਸਥਾ ਫਿਊਚਰਪ੍ਰਿਨਿਊਰ ਵੱਲੋਂ ਤਿਆਰ ਕੀਤਾ ਗਿਆ ਹੈ। ਸੰਮੇਲਨ ਦੌਰਾਨ ਕੈਨੇਡਾ ਦੇ ਨੌਜਵਾਨ ਕਾਰੋਬਾਰੀ ਆਗੂ ਵੱਖ-ਵੱਖ ਦੇਸ਼ਾਂ ਦੇ ਨੀਤੀ ਨਿਰਮਾਤਾਵਾਂ ਅਤੇ ਉਦਯੋਗਪਤੀਆਂ ਨਾਲ ਮਿਲ ਕੇ ਆਰਥਿਕ ਵਿਕਾਸ, ਨਵੀਨਤਾ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਬਾਰੇ ਵਿਚਾਰ-ਵਟਾਂਦਰਾ ਕਰਨਗੇ।
ਫਿਊਚਰਪ੍ਰਿਨਿਊਰ ਦੇ ਅਧਿਕਾਰੀਆਂ ਮੁਤਾਬਕ ਕੈਨੇਡਾ ਦੇ ਇਸ ਵਫ਼ਦ ਵਿੱਚ ਅੱਠ ਸੂਬਿਆਂ ਦੇ ਉਦਯੋਗਪਤੀ ਸ਼ਾਮਲ ਹਨ। ਇਨ੍ਹਾਂ ਵਿੱਚ ਅੱਧੇ ਮੈਂਬਰ ਮਹਿਲਾਵਾਂ ਹਨ, ਜਦਕਿ 75 ਫ਼ੀਸਦੀ ਮੈਂਬਰ ਵੱਖ-ਵੱਖ ਨਸਲੀ ਭਾਈਚਾਰਿਆਂ ਨਾਲ ਸਬੰਧਤ ਹਨ।
ਐਬਟਸਫੋਰਡ ਦੇ ਸਬੂਰ ਮਹਿਰਜ਼ਾਦ ਗ੍ਰੋਈਜ਼ੀ ਸੋਲਿਊਸ਼ਨਜ਼ (GrowEasy Solutions) ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਉਨ੍ਹਾਂ ਦੀ ਕੰਪਨੀ ਕ੍ਰਿਤ੍ਰਿਮ ਬੁੱਧੀ (AI) ਆਧਾਰਿਤ ਸਾਫਟਵੇਅਰ ਰਾਹੀਂ ਰੈਸਟੋਰੈਂਟ ਕਾਰੋਬਾਰਾਂ ਨੂੰ ਆਪਣੀਆਂ ਸੇਵਾਵਾਂ ਅਤੇ ਪ੍ਰਬੰਧਨ ਪ੍ਰਣਾਲੀਆਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ। ਮਹਿਰਜ਼ਾਦ ਨੇ ਕਿਹਾ ਕਿ ਐਬਟਸਫੋਰਡ, ਬੀ.ਸੀ. ਅਤੇ ਕੈਨੇਡਾ ਦੀ ਨੁਮਾਇੰਦਗੀ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ।
ਦੂਜੇ ਪਾਸੇ ਜੈਨੀਨ ਜੀਵਾਨੀ ਲਾਇਲੈਕ ਐਂਡ ਲੀਫ ਵੈੱਲਨੈੱਸ (Lilac & Leaf Wellness) ਦੀ ਸੰਸਥਾਪਕ ਹਨ। ਉਨ੍ਹਾਂ ਦਾ ਆਨਲਾਈਨ ਪਲੇਟਫਾਰਮ ਮਹਿਲਾਵਾਂ ਨੂੰ ਸਿਹਤ ਨਾਲ ਜੁੜੀਆਂ ਵਰਕਸ਼ਾਪਾਂ, ਕੋਰਸਾਂ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਦਾ ਹੈ।ਬੀ.ਸੀ. ਤੋਂ ਵੈਨਕੂਵਰ ਦੇ ਕਲਿੰਟਨ ਲਾਰਜ ਅਤੇ ਉਜ਼ੀ ਸੁਲਤਾਨੀ ਵੀ ਇਸ ਵਫ਼ਦ ਦਾ ਹਿੱਸਾ ਹਨ। ਇਹ ਚਾਰੇ ਉਦਯੋਗਪਤੀ ਕੈਨੇਡਾ ਦੇ ਹੋਰ 36 ਨੌਜਵਾਨ ਕਾਰੋਬਾਰੀਆਂ ਨਾਲ ਮਿਲ ਕੇ 16 ਤੋਂ 18 ਸਤੰਬਰ ਤੱਕ ਆਸਟਰੀਆ ਵਿੱਚ ਹੋਣ ਵਾਲੇ ਸੰਮੇਲਨ ਵਿੱਚ ਸ਼ਿਰਕਤ ਕਰਨਗੇ, ਜਿੱਥੇ ਵਿਸ਼ਵ ਪੱਧਰ 'ਤੇ ਉਦਯੋਗਪਤੀ ਸਹਿਯੋਗ ਅਤੇ ਨਵੇਂ ਮੌਕਿਆਂ ਬਾਰੇ ਚਰਚਾ ਕੀਤੀ ਜਾਵੇਗੀ।
















