ਗਰਮੀ ਦੀ ਲਹਿਰ ਦੌਰਾਨ ਬਿਜਲੀ ਦੀ ਮੰਗ ਨੇ ਤੋੜਿਆ ਰਿਕਾਰਡ, ਬੀ.ਸੀ. ਹਾਈਡਰੋ ਨੇ ਲੋਕਾਂ ਨੂੰ ਬਿਜਲੀ ਬਚਾਉਣ ਦੀ ਕੀਤੀ ਅਪੀਲ

ਗਰਮੀ ਦੀ ਲਹਿਰ ਦੌਰਾਨ ਬਿਜਲੀ ਦੀ ਮੰਗ ਨੇ ਤੋੜਿਆ ਰਿਕਾਰਡ, ਬੀ.ਸੀ. ਹਾਈਡਰੋ ਨੇ ਲੋਕਾਂ ਨੂੰ ਬਿਜਲੀ ਬਚਾਉਣ ਦੀ ਕੀਤੀ ਅਪੀਲ

ਵੈਨਕੂਵਰ-ਬ੍ਰਿਟਿਸ਼ ਕੋਲੰਬੀਆ ਵਿੱਚ ਜਾਰੀ ਗਰਮੀ ਦੀ ਲਹਿਰ ਕਾਰਨ ਬਿਜਲੀ ਦੀ ਮੰਗ ਨੇ ਨਵਾਂ ਰਿਕਾਰਡ ਬਣਾ ਦਿੱਤਾ ਹੈ। ਬੀ.ਸੀ. ਹਾਈਡਰੋ ਅਨੁਸਾਰ ਮੰਗਲਵਾਰ ਸ਼ਾਮ 5 ਤੋਂ 6 ਵਜੇ ਦੇ ਦਰਮਿਆਨ, ਜਦੋਂ ਬਿਜਲੀ ਦੀ ਖਪਤ ਸਭ ਤੋਂ ਵੱਧ ਹੁੰਦੀ ਹੈ, ਮੰਗ 8,715 ਮੈਗਾਵਾਟ ਤੱਕ ਪਹੁੰਚ ਗਈ। ਇਹ ਅਗਸਤ 2025 ਵਿੱਚ ਦਰਜ 8,652 ਮੈਗਾਵਾਟ ਦੇ ਪਿਛਲੇ ਗਰਮੀਆਂ ਦੇ ਰਿਕਾਰਡ ਤੋਂ ਵੱਧ ਹੈ।

ਬੀ.ਸੀ. ਹਾਈਡਰੋ ਦਾ ਕਹਿਣਾ ਹੈ ਕਿ ਸੂਬੇ ਵਿੱਚ ਗਰਮੀ ਦਾ ਦੌਰ ਜਾਰੀ ਰਹਿਣ ਕਾਰਨ ਆਉਣ ਵਾਲੇ ਦਿਨਾਂ ਵਿੱਚ ਇਹ ਰਿਕਾਰਡ ਇੱਕ ਵਾਰ ਫਿਰ ਟੁੱਟ ਸਕਦਾ ਹੈ। ਸੰਸਥਾ ਮੁਤਾਬਕ ਪਿਛਲੇ ਕੁਝ ਸਾਲਾਂ ਵਿੱਚ ਗਰਮੀਆਂ ਦੌਰਾਨ ਬਿਜਲੀ ਦੀ ਵਰਤੋਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਬੀ.ਸੀ. ਹਾਈਡਰੋ ਨੇ ਦੱਸਿਆ ਕਿ ਹੁਣ ਸੂਬੇ ਦੇ ਕਰੀਬ 70 ਫ਼ੀਸਦੀ ਘਰਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਏਅਰ ਕੰਡੀਸ਼ਨਰ ਦੀ ਵਰਤੋਂ ਹੋ ਰਹੀ ਹੈ। ਇਸ ਕਾਰਨ ਗਰਮ ਮੌਸਮ ਦੌਰਾਨ ਘਰਾਂ ਨੂੰ ਠੰਢਾ ਰੱਖਣ ਲਈ ਬਿਜਲੀ ਦੀ ਮੰਗ ਕਾਫ਼ੀ ਵਧ ਜਾਂਦੀ ਹੈ।ਸੰਸਥਾ ਨੇ ਲੋਕਾਂ ਨੂੰ ਪੀਕ ਸਮੇਂ ਦੌਰਾਨ ਗੈਰ-ਜ਼ਰੂਰੀ ਬਿਜਲੀ ਉਪਕਰਨਾਂ ਦੀ ਵਰਤੋਂ ਘੱਟ ਕਰਨ ਅਤੇ ਜਿੱਥੇ ਸੰਭਵ ਹੋਵੇ ਬਿਜਲੀ ਦੀ ਬਚਤ ਕਰਨ ਦੀ ਅਪੀਲ ਵੀ ਕੀਤੀ ਹੈ, ਤਾਂ ਜੋ ਬਿਜਲੀ ਪ੍ਰਣਾਲੀ 'ਤੇ ਵੱਧ ਰਹੇ ਦਬਾਅ ਨੂੰ ਘਟਾਇਆ ਜਾ ਸਕੇ।