ਕੈਲਗਰੀ ਦੀ ਗ੍ਰੀਨ ਲਾਈਨ ਲਈ ਸੜਕ ਪੱਧਰੀ ਰੂਟ ਨੂੰ ਕਮੇਟੀ ਦੀ ਮਨਜ਼ੂਰੀ
Calgary’s Executive Committee has recommended a street-level route via 10 Avenue S.W. to bring the Green Line LRT into downtown. Three options were considered, including two elevated routes and one street-level option. Officials said the street-level route is the only option that meets the project requirements while staying within the available funding.
ਕੈਲਗਰੀ-ਕੈਲਗਰੀ ਦੀ ਗ੍ਰੀਨ ਲਾਈਨ ਐੱਲਆਰਟੀ ਨੂੰ ਡਾਊਨਟਾਊਨ ਤੱਕ ਲਿਜਾਣ ਲਈ ਸਿਟੀ ਕੌਂਸਲ ਦੀ ਐਗਜ਼ਿਕਿਊਟਿਵ ਕਮੇਟੀ ਨੇ ਸੜਕ ਪੱਧਰ ’ਤੇ ਬਣਾਏ ਜਾਣ ਵਾਲੇ ਰੂਟ ਨੂੰ ਅੱਗੇ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ। ਇਹ ਰੂਟ 10 ਐਵੇਨਿਊ ਐੱਸਡਬਲਿਊ ਰਾਹੀਂ ਡਾਊਨਟਾਊਨ ਵਿੱਚ ਦਾਖ਼ਲ ਹੋਵੇਗਾ।8 ਸਤੰਬਰ ਨੂੰ ਹੋਈ ਐਗਜ਼ਿਕਿਊਟਿਵ ਕਮੇਟੀ ਦੀ ਮੀਟਿੰਗ ਵਿੱਚ ਗ੍ਰੀਨ ਲਾਈਨ ਲਈ ਤਿੰਨ ਵਿਕਲਪਾਂ ’ਤੇ ਵਿਚਾਰ ਕੀਤਾ ਗਿਆ। ਇਨ੍ਹਾਂ ਵਿੱਚ ਦੋ ਐਲੀਵੇਟਿਡ ਅਤੇ ਇੱਕ ਸੜਕ ਪੱਧਰੀ ਰੂਟ ਸ਼ਾਮਲ ਸੀ। ਅਧਿਕਾਰੀਆਂ ਮੁਤਾਬਕ ਸੜਕ ਪੱਧਰੀ ਵਿਕਲਪ ਹੀ ਅਜਿਹਾ ਹੈ ਜੋ ਪ੍ਰਾਜੈਕਟ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਅਤੇ ਤੈਅ ਕੀਤੇ ਗਏ ਫੰਡਾਂ ਦੀ ਹੱਦ ਅੰਦਰ ਰਹਿੰਦਾ ਹੈ।
ਗ੍ਰੀਨ ਲਾਈਨ ਟੀਮ ਨੇ ਕਮੇਟੀ ਨੂੰ ਦੱਸਿਆ ਕਿ ਮੌਜੂਦਾ ਫੰਡਿੰਗ ਪ੍ਰਬੰਧ ਤਹਿਤ ਜੇਕਰ ਪ੍ਰਾਜੈਕਟ ਦੀ ਲਾਗਤ ਤੈਅ ਰਕਮ ਤੋਂ ਵੱਧ ਜਾਂਦੀ ਹੈ ਤਾਂ ਵਾਧੂ ਖਰਚਾ ਕੈਲਗਰੀ ਸ਼ਹਿਰ ਨੂੰ ਖੁਦ ਚੁੱਕਣਾ ਪਵੇਗਾ।ਵਾਰਡ 4 ਦੇ ਕੌਂਸਲਰ ਡੀ.ਜੇ. ਕੈਲੀ ਨੇ ਸੜਕ ਪੱਧਰੀ ਰੂਟ ਨੂੰ ਅੱਗੇ ਲਿਜਾਣ ਦਾ ਮਤਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕਾਂ ਨੂੰ ਬਿਲਕੁਲ ਪਸੰਦੀਦਾ ਵਿਕਲਪ ਨਹੀਂ ਮਿਲਦਾ, ਪਰ ਉਪਲਬਧ ਵਿਕਲਪਾਂ ਵਿੱਚੋਂ ਸਭ ਤੋਂ ਵਧੀਆ ਚੋਣ ਕਰਨੀ ਪੈਂਦੀ ਹੈ।
ਕੈਲੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਪਹਿਲੀ ਵਾਰ ਇਹ ਸਪੱਸ਼ਟ ਹੋਇਆ ਹੈ ਕਿ ਗ੍ਰੀਨ ਲਾਈਨ ਕਿੱਥੋਂ ਸ਼ੁਰੂ ਹੋਵੇਗੀ ਅਤੇ ਕਿੱਥੇ ਖ਼ਤਮ ਹੋਵੇਗੀ। ਉਨ੍ਹਾਂ ਕਿਹਾ ਕਿ ਲਗਭਗ 40 ਸਾਲਾਂ ਬਾਅਦ ਸ਼ਹਿਰ ਇਸ ਪ੍ਰਾਜੈਕਟ ਬਾਰੇ ਇਹ ਗੱਲ ਕਹਿਣ ਦੀ ਸਥਿਤੀ ਵਿੱਚ ਆਇਆ ਹੈ।ਮੀਟਿੰਗ ਦੌਰਾਨ ਵਾਰਡ 3 ਦੇ ਕੌਂਸਲਰ ਐਂਡਰਿਊ ਯੂਲ ਨੇ ਵੀ ਇੱਕ ਸੋਧ ਪੇਸ਼ ਕੀਤੀ। ਇਸ ਤਹਿਤ ਕੀਸਟੋਨ ਹਿਲਜ਼ ਤੋਂ ਡਾਊਨਟਾਊਨ ਤੱਕ ਪੂਰੇ ਮੈਕਸ ਗ੍ਰੀਨ ਬੱਸ ਰੈਪਿਡ ਟਰਾਂਜ਼ਿਟ ਪ੍ਰਾਜੈਕਟ ਦੀ ਪੂੰਜੀ ਲਾਗਤ ਨੂੰ ਅੱਗੇ ਲਿਆਉਣ ਦੀ ਮੰਗ ਕੀਤੀ ਗਈ। ਇਸ ਵਿੱਚ ਡਾਊਨਟਾਊਨ ਬੀਆਰਟੀ ਲੂਪ ਅਤੇ ਸਟੇਸ਼ਨ ਵੀ ਸ਼ਾਮਲ ਹਨ।
ਵਾਰਡ 8 ਦੇ ਕੌਂਸਲਰ ਨਾਥਨ ਸ਼ਮਿਟ ਨੇ ਸੜਕ ਪੱਧਰੀ ਗ੍ਰੀਨ ਲਾਈਨ ਲਈ ਜਨਤਕ ਥਾਵਾਂ ਅਤੇ ਆਲੇ-ਦੁਆਲੇ ਦੇ ਖੇਤਰ ਨਾਲ ਇਸ ਦੇ ਤਾਲਮੇਲ ਸਬੰਧੀ ਸਪੱਸ਼ਟ ਯੋਜਨਾ ਯਕੀਨੀ ਬਣਾਉਣ ਲਈ ਇੱਕ ਹੋਰ ਸੋਧ ਪੇਸ਼ ਕੀਤੀ। ਦੋਵੇਂ ਸੋਧਾਂ ਨੂੰ ਮੁੱਖ ਮਤੇ ਦੇ ਹਿੱਸੇ ਵਜੋਂ ਮਨਜ਼ੂਰੀ ਦੇ ਦਿੱਤੀ ਗਈ।ਵਾਰਡ 13 ਦੇ ਕੌਂਸਲਰ ਡੈਨ ਮੈਕਲੀਨ ਨੇ ਵੀ ਸੜਕ ਪੱਧਰੀ ਵਿਕਲਪ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਇਹ ਵਿਕਲਪ ਭਾਵੇਂ ਹਰ ਪੱਖੋਂ ਸੰਪੂਰਨ ਨਹੀਂ ਹੈ, ਪਰ ਮੌਜੂਦਾ ਹਾਲਾਤਾਂ ਵਿੱਚ ਸ਼ਹਿਰ ਲਈ ਇਹ ਸਭ ਤੋਂ ਲੋੜੀਂਦਾ ਅਤੇ ਵਿਹਾਰਕ ਵਿਕਲਪ ਹੈ। ਹੁਣ ਸੜਕ ਪੱਧਰੀ ਰੂਟ ਸਬੰਧੀ ਅੰਤਿਮ ਫ਼ੈਸਲਾ ਕੈਲਗਰੀ ਸਿਟੀ ਕੌਂਸਲ ਦੀ ਆਉਣ ਵਾਲੀ ਪੂਰੀ ਮੀਟਿੰਗ ਵਿੱਚ ਹੋਵੇਗਾ। ਮਨਜ਼ੂਰੀ ਮਿਲਣ ਤੋਂ ਬਾਅਦ 6.25 ਅਰਬ ਡਾਲਰ ਦੇ ਗ੍ਰੀਨ ਲਾਈਨ ਪ੍ਰਾਜੈਕਟ ਨੂੰ ਡਾਊਨਟਾਊਨ ਤੱਕ ਲਿਜਾਣ ਦੀ ਦਿਸ਼ਾ ਵਿੱਚ ਅਗਲਾ ਪੜਾਅ ਸ਼ੁਰੂ ਹੋਵੇਗਾ।
















