ਕੈਲਗਰੀ ਓਲੰਪਿਕ ਓਵਲ ਦੇ ਨਵੀਨੀਕਰਨ ਲਈ 5.2 ਕਰੋੜ ਡਾਲਰ ਦੀ ਫੰਡਿੰਗ
ਫੈਡਰਲ ਅਤੇ ਅਲਬਰਟਾ ਸਰਕਾਰਾਂ ਵੱਲੋਂ ਬਰਾਬਰ ਯੋਗਦਾਨ; 1988 ਓਲੰਪਿਕ ਵਿਰਾਸਤ ਨੂੰ ਮਿਲੇਗੀ ਨਵੀਂ ਜ਼ਿੰਦਗੀ
ਕੈਲਗਰੀ-ਕੈਨੇਡਾ ਦੀ ਫੈਡਰਲ ਸਰਕਾਰ ਅਤੇ ਅਲਬਰਟਾ ਸਰਕਾਰ ਨੇ ਕੈਲਗਰੀ ਦੇ ਇਤਿਹਾਸਕ ਓਲੰਪਿਕ ਓਵਲ ਦੇ ਨਵੀਨੀਕਰਨ ਲਈ 5.2 ਕਰੋੜ ਡਾਲਰ ਦੀ ਸਾਂਝੀ ਫੰਡਿੰਗ ਦਾ ਐਲਾਨ ਕੀਤਾ ਹੈ। ਦੋਵੇਂ ਸਰਕਾਰਾਂ ਇਸ ਰਕਮ ਵਿੱਚ ਬਰਾਬਰ ਦਾ ਯੋਗਦਾਨ ਪਾਉਣਗੀਆਂ। 1988 ਦੀਆਂ ਵਿੰਟਰ ਓਲੰਪਿਕ ਖੇਡਾਂ ਲਈ ਬਣਾਇਆ ਗਿਆ ਇਹ ਸਪੀਡ ਸਕੇਟਿੰਗ ਕੇਂਦਰ ਕਰੀਬ ਚਾਰ ਦਹਾਕਿਆਂ ਤੋਂ ਕੈਨੇਡਾ ਦੇ ਖਿਡਾਰੀਆਂ ਦੀ ਸਿਖਲਾਈ ਦਾ ਮੁੱਖ ਕੇਂਦਰ ਰਿਹਾ ਹੈ।
ਸਮਾਗਮ ਦੌਰਾਨ ਖੇਡਾਂ ਬਾਰੇ ਫੈਡਰਲ ਸਕੱਤਰ ਐਡਮ ਵੈਨ ਕੋਵਰਡਨ ਨੇ ਕਿਹਾ ਕਿ ਇਹ ਨਿਵੇਸ਼ ਸਿਰਫ਼ ਸਪੀਡ ਸਕੇਟਿੰਗ ਲਈ ਹੀ ਨਹੀਂ, ਸਗੋਂ ਪੂਰੇ ਕੈਨੇਡੀਅਨ ਖੇਡ ਢਾਂਚੇ ਲਈ ਇੱਕ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਕੈਲਗਰੀ ਓਲੰਪਿਕ ਓਵਲ ਨੇ ਦੇਸ਼ ਨੂੰ ਕਈ ਓਲੰਪਿਕ ਤਗਮੇ, ਮਹਾਨ ਖਿਡਾਰੀ ਅਤੇ ਅਣਗਿਣਤ ਯਾਦਾਂ ਦਿੱਤੀਆਂ ਹਨ।
ਮੌਜੂਦਾ ਸਮੇਂ ਓਵਲ ਦੇ ਬਰਫ਼ ਬਣਾਉਣ ਵਾਲੇ ਪੁਰਾਣੇ ਸਿਸਟਮ ਵਿੱਚ ਲੀਕੇਜ ਦੀ ਸਮੱਸਿਆ ਆ ਰਹੀ ਹੈ ਅਤੇ 400 ਤੋਂ ਵੱਧ ਪਾਈਪਾਂ ਨੂੰ ਬਦਲਣ ਦੀ ਲੋੜ ਹੈ। ਇਸ ਪ੍ਰਾਜੈਕਟ ਤਹਿਤ ਬਰਫ਼ ਵਾਲੇ ਫਰਸ਼ ਨੂੰ ਨਵਾਂ ਬਣਾਇਆ ਜਾਵੇਗਾ, ਜਦਕਿ ਦੌੜ ਟਰੈਕ ਅਤੇ ਦਿਵਿਆਂਗ ਵਿਅਕਤੀਆਂ ਲਈ ਸਹੂਲਤਾਂ ਵਿੱਚ ਵੀ ਸੁਧਾਰ ਕੀਤਾ ਜਾਵੇਗਾ। ਨਿਰਮਾਣ ਕੰਮ ਜਨਵਰੀ 2028 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਕਰੀਬ ਨੌਂ ਮਹੀਨੇ ਚੱਲੇਗਾ।
ਅਲਬਰਟਾ ਦੇ ਖੇਡ ਮੰਤਰੀ ਐਂਡਰੂ ਬੋਇਚੈਂਕੋ ਨੇ ਕਿਹਾ ਕਿ ਇਹ ਸਿਰਫ਼ ਸਪੀਡ ਸਕੇਟਿੰਗ ਦਾ ਕੇਂਦਰ ਨਹੀਂ, ਸਗੋਂ ਕਈ ਹੋਰ ਖੇਡਾਂ ਅਤੇ ਕੌਮੀ ਮੁਕਾਬਲਿਆਂ ਦੀ ਵੀ ਮੇਜ਼ਬਾਨੀ ਕਰਦਾ ਹੈ, ਇਸ ਲਈ ਇਸ ਦੀ ਸੰਭਾਲ ਬਹੁਤ ਜ਼ਰੂਰੀ ਹੈ।ਇਸ ਦੇ ਨਾਲ ਹੀ ਫੈਡਰਲ ਸਰਕਾਰ ਨੇ ਕਿਊਬੈਕ, ਯੂਕੋਨ, ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸਕੀਇੰਗ ਅਤੇ ਸਨੋਬੋਰਡ ਸਹੂਲਤਾਂ ਲਈ 76.7 ਲੱਖ ਡਾਲਰ ਅਤੇ ਕੈਨੇਡਾ ਦੇ ਉੱਚ ਪੱਧਰੀ ਖਿਡਾਰੀਆਂ ਲਈ ਐਥਲੀਟ ਅਸਿਸਟੈਂਸ ਪ੍ਰੋਗਰਾਮ ਵਿੱਚ 30 ਲੱਖ ਡਾਲਰ ਦੀ ਵਾਧੂ ਫੰਡਿੰਗ ਦਾ ਵੀ ਐਲਾਨ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਹਰ ਸਾਲ ਕਰੀਬ 1,900 ਓਲੰਪਿਕ ਅਤੇ ਪੈਰਾਲੰਪਿਕ ਖਿਡਾਰੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
















